ਪਾਕਿ ਨੂੰ ਬੇਨਕਾਬ ਕਰਨ ਲਈ ਸਰਬ ਪਾਰਟੀ ਸੰਸਦ ਮੈਂਬਰਾਂ ਨੂੰ ਵਿਦੇਸ਼ ਭੇਜਣਾ ਸਰਕਾਰ ਦਾ ਇਤਿਹਾਸਕ ਕਦਮ: ਚੁੱਘ
Thursday, May 22, 2025 - 12:53 AM (IST)

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)– ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਭਾਰਤ ਸਰਕਾਰ ਵਲੋਂ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਵਿਦੇਸ਼ ਵਿਚ ਸਰਬ ਪਾਰਟੀ ਸੰਸਦ ਮੈਂਬਰਾਂ ਦੇ ਵਫਦ ਨੂੰ ਭੇਜਣਾ ਇਤਿਹਾਸਕ ਕਦਮ ਹੈ। ਪਾਕਿਸਤਾਨ ਨੇ ਜਿਸ ਤਰ੍ਹਾਂ ਡਰੋਨ ਭੇਜੇ ਸਨ, ਉਸ ਤੋਂ ਬਾਅਦ ਉਸ ਨੂੰ ਕੌਮਾਂਤਰੀ ਮੰਚਾਂ ’ਤੇ ਬੇਨਕਾਬ ਕਰਨਾ ਜ਼ਰੂਰੀ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਘਿਨੌਣਾ ਚਿਹਰਾ ਜਨਤਾ ਦੇ ਸਾਹਮਣੇ ਆਉਣਾ ਚਾਹੀਦਾ ਹੈ। ਕਾਂਗਰਸ ਦੇ ਨੇਤਾ ਇਸ ਮਾਮਲੇ ਵਿਚ ਵੀ ਸਿਆਸਤ ਕਰ ਰਹੇ ਹਨ। ਉਨ੍ਹਾਂ ਨੂੰ ਜੰਗ ਨੂੰ ਲੈ ਕੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਇਹ ਦਰਦਨਾਕ ਹੈ। ਪਾਕਿਸਤਾਨ ਨੇ ਜੋ ਝੂਠ ਉਗਲਿਆ ਸੀ, ਉਸ ਦਾ ਸਮਰਥਨ ਸਮੁੱਚੀ ਕਾਂਗਰਸ ਲੀਡਰਸ਼ਿਪ ਕਰਨ ’ਚ ਲੱਗੀ ਹੋਈ ਹੈ। ਭਾਰਤੀ ਫੌਜ ਨੇ ਜੋ ਦਲੇਰੀ ਆਪ੍ਰੇਸ਼ਨ ‘ਸਿੰਧੂਰ’ ਦੌਰਾਨ ਵਿਖਾਈ, ਉਹ ਪੂਰੀ ਦੁਨੀਆ ਨੂੰ ਨਜ਼ਰ ਆ ਗਈ ਪਰ ਕਾਂਗਰਸ ਨੂੰ ਇਹ ਦਿਖਾਈ ਨਹੀਂ ਦਿੱਤੀ।
ਚੁੱਘ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਦੀ ਜੁੰਡਲੀ ਨੂੰ ਪੰਜਾਬ ਦੀ ਸਰਕਾਰ ਠੇਕੇ ’ਤੇ ਸੌਂਪ ਦਿੱਤੀ ਗਈ ਹੈ। ਬੋਰਡਾਂ ਤੇ ਕਾਰਪੋਰੇਸ਼ਨਾਂ ਵਿਚ ਨੌਸਿਖੀਆ ਲੋਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੰਜਾਬ ਵਾਸੀ ਇਸ ਗੱਲ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ ਕਿ ਦਿੱਲੀ ਦੇ ਲੋਕਾਂ ਨੂੰ ਪੰਜਾਬ ’ਚ ਚੇਅਰਮੈਨੀਆਂ ਦਿੱਤੀਆਂ ਜਾਣ।