ਵਿਭਾਗ ਨੇ ਟੁੱਟੀ ਨਹਿਰ ਦੀ ਮੁਰੰਮਤ ਕਰਵਾਏ ਬਿਨਾਂ ਛੱਡਿਆ ਪਾਣੀ

Wednesday, Jun 27, 2018 - 03:42 AM (IST)

ਵਿਭਾਗ ਨੇ ਟੁੱਟੀ ਨਹਿਰ ਦੀ ਮੁਰੰਮਤ ਕਰਵਾਏ ਬਿਨਾਂ ਛੱਡਿਆ ਪਾਣੀ

 ਈਸੇ ਖਾਂ,   (ਗਰੋਵਰ, ਸੰਜੀਵ)-  ਕਸਬਾ ਕੋਟ ਈਸੇ ਖਾਂ ਤੋਂ ਪਿੰਡ ਜਸਪੁਰ ਗਹਿਲੀ ਵਾਲਾ ਨੂੰ ਜਾਂਦੇ ਰਸਤੇ ’ਤੇ ਆਗਵਾ ਨਹਿਰ, ਜਿਸ ਦਾ ਬੁਰਜੀ ਨੰਬਰ 20/21 ਹੈ, ਪਿਛਲੇ ਸਾਲ 14 ਜੂਨ, 2017 ਨੂੰ ਤਕਰੀਬਨ 30 ਫੁੱਟ ਟੁੱਟੀ ਸੀ, ਜਿਸ ਕਾਰਨ ਆਸ-ਪਾਸ ਦੇ ਖੇਤਾਂ ’ਚ ਪਾਣੀ ਭਰ ਗਿਆ ਅਤੇ ਕੱਚੀ ਫਸਲ ਖਰਾਬ ਹੋ ਗਈ ਸੀ।  ਵਿਭਾਗ  ਵੱਲੋਂ ਨਹਿਰ ਕੱਚੇ ਤੌਰ ’ਤੇ ਸਹੀ ਕਰਵਾਈ  ਗਈ  ਸੀ, ਜੋ ਕੁਝ ਦਿਨ ਬਾਅਦ ਦੁਬਾਰਾ ਟੁੱਟ ਗਈ, ਜਿਸ ਕਾਰਨ ਫਿਰ ਨੁਕਸਾਨ ਹੋਇਆ। ਵਿਭਾਗ ਨੇ ਫਿਰ ਦੁਬਾਰਾ ਮਿੱਟੀ ਦੀਆਂ ਬੋਰੀਆਂ ਨਾਲ ਬੰਨ੍ਹ  ਬਣਾ  ਕੇ ਸਹੀ  ਕਰ   ਦਿੱਤੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵਿਭਾਗ  ਦੇ ਕੰਨ ’ਤੇ ਜੂੰ ਨਹੀਂ ਸਰਕੀ ਤੇ ਉਸੇ ਨਹਿਰ ਨੂੰ ਬਿਨਾਂ ਪੱਕੇ ਕੀਤੇ ਵਿਭਾਗ ਨੇ ਦੁਬਾਰਾ ਫਿਰ  ਨਹਿਰ ’ਚ ਪਾਣੀ ਛੱਡ ਦਿੱਤਾ  ਤੇ ਹੁਣ ਫਿਰ ਨਹਿਰ ਟੁੱਟਣ ਦੇ ਆਸਾਰ ਬਣੇ ਹੋਏ ਹਨ। 
ਇਸ ਸਬੰਧੀ ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਪਿਛਲੇ ਸਾਲ ਵਿਭਾਗ ਵੱਲੋਂ ਕੱਚੀ ਨਹਿਰ ਬੰਨ੍ਹੀ ਗਈ ਸੀ, ਮੈਂ ਉਸ ਤੋਂ ਕੁਝ ਸਮਾਂ ਬਾਅਦ ਹੀ ਵਿਭਾਗ  ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਲਿਖਤੀ ਦਰਖਾਸਤਾਂ  ਦਿੱਤੀਆਂ ਪਰ ਵਿਭਾਗ ਵੱਲੋਂ ਇਕ ਸਾਲ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ, ਜੇਕਰ ਦੁਬਾਰਾ ਨਹਿਰ ਟੁੱਟੀ ਅਤੇ ਮੇਰੀ ਅਤੇ ਆਸ-ਪਾਸ ਦੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਤਾਂ ਵਿਭਾਗ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਵਿਭਾਗ ਨੂੰ ਨਹਿਰ ਨੂੰ ਪੱਕਾ ਕਰਵਾਉਣ ਦੇ ਸਖਤੀ ਨਾਲ ਆਰਡਰ ਕੀਤੇ ਜਾਣ। ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਮੈਂ 15  ਜੂਨ ਨੂੰੰ ਮਾਣਯੋਗ ਨਿਗਰਾਨ ਇੰਜੀਨੀਅਰ, ਸਰਹਿੰਦ ਕੈਨਾਲ ਸਰਕਲ, ਲੁਧਿਆਣਾ ਵਿਖੇ ਲਿਖਤੀ ਦਰਖਾਸਤ ਜਾ ਕੇ ਦਫਤਰ ਦੇ ਕੇ ਆਇਆ ਹਾਂ ਪਰ ਫਿਰ ਵੀ ਕੋਈ ਕਾਰਵਾਈ ਕੀਤੇ ਬਿਨਾਂ ਨਹਿਰ ’ਚ ਪਾਣੀ ਛੱਡ ਦਿੱਤਾ ਗਿਆ। 


Related News