ਅਧਿਆਪਕਾਂ ਨੂੰ ਕਰਨਾ ਹੀ ਪਵੇਗਾ ਬ੍ਰਿਜ ਕੋਰਸ : ਅਰੁਣਾ ਚੌਧਰੀ

Monday, Jan 15, 2018 - 07:12 AM (IST)

ਹੁਸ਼ਿਆਰਪੁਰ  (ਅਸ਼ਵਨੀ) - ਪੰਜਾਬ 'ਚ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੁਆਰਾ ਯਤਨ ਕੀਤੇ ਜਾ ਰਹੇ ਹਨ। ਪ੍ਰਦੇਸ਼ ਦੇ ਲਗਭਗ ਸਾਰੇ ਸਕੂਲਾਂ 'ਚ ਪ੍ਰਿੰਸੀਪਲਾਂ ਦੇ ਅਹੁਦੇ ਭਰੇ ਗਏ ਹਨ। ਅਧਿਆਪਕਾਂ ਦੀਆਂ ਤਰੱਕੀਆਂ ਲਗਾਤਾਰ ਜਾਰੀ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਅਧਿਆਪਕਾਂ ਤੇ ਵਿਭਾਗ ਦੇ ਕਰਮਚਾਰੀਆਂ ਨੂੰ ਐੱਸ. ਸੀ. ਪੀ. ਕੇਸ, ਪਰਖ ਸਮਾਂ, ਕਨਫਰਮੇਸ਼ਨ ਕੇਸ ਡੀ. ਡੀ. ਓ. ਪੱਧਰ 'ਤੇ ਕਰਨ ਦੇ ਆਦੇਸ਼ ਦੇ ਕੇ ਕਰਮਚਾਰੀਆਂ ਨੂੰ ਭਾਰੀ ਰਾਹਤ ਦਿੱਤੀ ਹੈ। ਇੰਨਾਂ ਹੀ ਨਹੀਂ ਪ੍ਰਦੇਸ਼ ਦੇ ਕਈ ਲੈਕਚਰਾਰਾਂ ਨੂੰ ਪ੍ਰਿੰਸੀਪਲ ਵਜੋਂ ਤਰੱਕੀਆਂ ਦਿੱਤੀਆਂ ਗਈਆਂ ਹਨ। ਇਸ ਦੇ ਇਲਾਵਾ ਮਾਸਟਰਾਂ ਤੋਂ ਹੈੱਡਮਾਸਟਰ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੁਆਰਾ ਸ਼ੁਰੂ ਕੀਤੇ ਗਏ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ 2001 ਤੋਂ ਬਾਅਦ ਈ. ਟੀ. ਟੀ. ਪੋਸਟਾਂ 'ਤੇ ਨਿਯੁਕਤ ਬੀ. ਐੱਡ ਅਧਿਆਪਕਾਂ ਲਈ ਬ੍ਰਿਜ ਕੋਰਸ ਦੀ ਸ਼ਰਤ ਕੇਂਦਰ ਸਰਕਾਰ ਦੇ ਐੱਮ. ਐੱਚ. ਆਰ. ਡੀ. ਵਿਭਾਗ ਦੁਆਰਾ ਲਾਈ ਗਈ ਹੈ। ਇਸ 'ਚ ਪ੍ਰਦੇਸ਼ ਸਰਕਾਰ ਦਾ ਕੋਈ ਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਅਧਿਆਪਕਾਂ ਨੂੰ ਕਰਨਾ ਹੀ ਹੋਵੇਗਾ। ਇਸ ਦੇ ਇਲਾਵਾ ਇਸ ਵਾਰ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਸੈਲਫ ਸੈਂਟਰਾਂ 'ਤੇ ਪ੍ਰੀਖਿਆ ਦੇਣ ਦੇ ਸਥਾਨ 'ਤੇ ਦੂਜੇ ਸੈਂਟਰਾਂ 'ਤੇ ਪ੍ਰੀਖਿਆ ਦੇਣ ਦੇ ਫਰਮਾਨ 'ਤੇ ਉਨ੍ਹਾਂ ਕਿਹਾ ਕਿ ਵਿਭਾਗ ਇਸ ਗੱਲ ਦਾ ਧਿਆਨ ਰੱਖੇਗਾ ਕਿ ਕਿਸੇ ਵੀ ਸਕੂਲ ਦੇ ਵਿਦਿਆਰਥੀ ਨੂੰ ਦੂਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਬੋਰਡ ਪ੍ਰੀਖਿਆਵਾਂ ਨੂੰ ਨਕਲ ਰਹਿਤ ਬਣਾਉਣ ਲਈ ਵਿਭਾਗ ਹਰ ਕਦਮ ਚੁੱਕਣ ਲਈ ਤੱਤਪਰ ਹੈ। ਇਸ ਹੋਰ ਸਵਾਲ ਦੇ ਉੱਤਰ 'ਚ ਉਨ੍ਹਾਂ ਕਿਹਾ ਕਿ ਕੱਚੇ ਤੇ ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਹੁਣ ਤੱਕ ਕਿਸੇ ਵੀ ਨੀਤੀ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ।


Related News