ਰਿਸ਼ਵਤ ਲੈਣ ਦੇ ਮਾਮਲੇ ''ਚ ਥਾਣਾ ਸਦਰ ''ਚ ਤਾਇਨਾਤ ASI ਮੁਅੱਤਲ
Monday, Apr 20, 2020 - 10:53 PM (IST)
ਹੁਸ਼ਿਆਰਪੁਰ,(ਅਮਰਿੰਦਰ): ਸੋਮਵਾਰ ਨੂੰ ਸਬਜ਼ੀ ਮੰਡੀ ਸਥਿਤ ਇਕ ਫਰੂਟ ਵਪਾਰੀ ਦੇ ਦਫਤਰ ਤੋਂ ਇਕ ਹਜ਼ਾਰ ਰੁਪਏ ਲੈਣ ਦੇ ਮਾਮਲੇ 'ਚ ਥਾਣਾ ਸਦਰ 'ਚ ਤਾਇਨਾਤ ਇਕ ਏ. ਐਸ. ਆਈ. ਗੁਲਜਾਰ ਸਿੰਘ ਨੂੰ ਐਸ. ਐਸ. ਪੀ. ਗੌਰਵ ਗਰਗ ਨੇ ਤਤਕਾਲ ਪ੍ਰਭਾਵ ਨਾਲ ਸਸਪੈਂਡ ਕਰ ਮਾਮਲੇ ਦੀ ਜਾਂਚ ਬਿਠਾ ਦਿੱਤੀ ਹੈ। ਏ. ਐਸ. ਆਈ. ਗੁਲਜਾਰ ਸਿੰਘ 'ਤੇ ਦੋਸ਼ ਲਗਾ ਸੀ ਕਿ ਉਸ ਨੇ ਸਬਜ਼ੀ ਮੰਡੀ ਦੇ ਆੜਤੀ ਦੇ ਦਫਤਰ 'ਚੋਂ ਰਿਸ਼ਵਤ ਦੇ ਤੌਰ 'ਤੇ 1000 ਰੁਪਏ ਲਏ ਹਨ। ਆੜਤੀ ਵਲੋਂ ਇਸ ਸਬੰਧੀ ਸ਼ਿਕਾਇਤ ਥਾਣਾ ਮਾਡਲ ਟਾਊਨ 'ਚ ਕੀਤੀ ਗਈ ਸੀ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਥਾਣਾ ਮਾਡਲ ਟਾਊਨ 'ਚ ਤਾਇਨਾਤ ਐਸ. ਐਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਜੋੜਾ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਰਿਪੋਰਟ ਤਿਆਰ ਕਰ ਵਿਭਾਗੀ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਸੀ।
ਕੀ ਹੈ ਮਾਮਲਾ
ਥਾਣਾ ਮਾਡਲ ਟਾਊਨ ਪੁਲਸ ਕੋਲ ਆਈ ਸ਼ਿਕਾਇਤ 'ਚ ਆੜਤੀ ਨੇ ਦੋਸ਼ ਲਾਇਆ ਕਿ ਕੱਲ ਜਦ ਉਸ ਦਾ ਟਰੱਕ ਭਰਵਾਈ ਰੋਡ 'ਤੇ ਚੌਹਾਲ ਨੇੜੇ ਪਹੁੰਚਿਆ ਤਾਂ ਉਕਤ ਏ. ਐਸ. ਆਈ. ਨੇ ਕਰਫਿਊ ਪਾਸ ਦਿਖਾਉਣ ਨੂੰ ਕਿਹਾ। ਪਾਸ ਦਿਖਾਉਣ 'ਤੇ ਕਿਹਾ ਕਿ ਇਸ ਦੀ ਮਿਆਦ ਤਾਂ ਖਤਮ ਹੋ ਗਈ ਹੈ ਤਾਂ ਉਸ ਨੂੰ ਦੱਸਿਆ ਗਿਆ ਕਿ ਕਰਫਿਊ ਦੀ ਮਿਆਦ ਵਧਣ 'ਤੇ ਇਸ ਨੂੰ ਪ੍ਰਸ਼ਾਸਨ ਵੱਲੋਂ 3 ਮਈ ਤਕ ਵਧਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਕਤ ਏ. ਐਸ.ਆਈ. ਦਫਤਰ ਪਹੁੰਚ ਗਿਆ ਤੇ ਉਸ ਨੇ ਕਿਹਾ ਕਿ ਸੇਵਾ ਪਾਣੀ ਕਰੋ, ਪਹਿਲਾਂ ਉਸ ਨੇ 2000 ਦੀ ਮੰਗ ਕੀਤੀ ਪਰ ਬਾਅਦ 'ਚ 1000 ਰੁਪਏ ਲੈਣ ਦੇ ਬਾਅਦ ਉਹ ਦਫਤਰ ਤੋਂ ਨਿਕਲ ਗਿਆ, ਜਿਸ ਦੀ ਆਡੀਓ ਤੇ ਵੀਡੀਓ ਬਤੌਰ ਸਬੂਤ ਉਨ੍ਹਾਂ ਕੋਲ ਹੈ।
ਸਸਪੈਂਡ ਕਰ ਇਸ ਮਾਮਲੇ ਦੀ ਜਾਂਚ ਐਸ. ਪੀ. ਮਨਜੀਤ ਕੌਰ ਨੂੰ ਸੌਂਪੀ ਹੈ : ਐਸ. ਐਸ. ਪੀ.
ਜਦ ਇਸ ਸੰਬੰਧ 'ਚ ਐਸ. ਐਸ. ਪੀ. ਗੌਰਵ ਗਰਗ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵਿਭਾਗ 'ਚ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਢਲੀ ਜਾਂਚ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਏ. ਐਸ. ਆਈ. ਗੁਲਜਾਰ ਸਿੰਘ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਹੁਣ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਜ਼ਿੰਮੇਦਾਰੀ ਐਸ. ਪੀ. ਮਨਜੀਤ ਕੌਰ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਰਿਪੋਰਟ ਦੇ ਆਧਾਰ 'ਤੇ ਪੁਲਸ ਇਸ ਮਾਮਲੇ 'ਚ ਕੋਈ ਅਗਲੀ ਕਾਰਵਾਈ ਕਰੇਗੀ।