ਸਟਿੰਗ ’ਚ ਇਕ ਤਹਿਸੀਲਦਾਰ ਨੇ ਅਫਸਰਾਂ ਵੱਲੋਂ ਰਿਸ਼ਵਤ ਲੈਣ ਦੀ ਗੱਲ ਕਬੂਲੀ

Sunday, Jun 24, 2018 - 06:21 AM (IST)

ਫਤਿਹਗਡ਼੍ਹ ਸਾਹਿਬ(ਟਿਵਾਣਾ)-ਜਿੱਥੇ ਇਕ ਪਾਸੇ ਸੂਬਾ ਸਰਕਾਰ ਸੂਬੇ ’ਚੋਂ ਰਿਸ਼ਵਤਖੋਰੀ ਖਤਮ ਹੋਣ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਜ਼ਿਲੇ ਦੇ ਇਕ ਤਹਿਸੀਲਦਾਰ ਵੱਲੋਂ ਰਿਸ਼ਵਤ ਲੈਣ ਦੀ ਕਬੂਲੀ ਗੱਲ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਜਨਤਾ ’ਚ ਖੁੰਢ ਚਰਚਾ ਸ਼ੁਰੂ ਹੋ ਗਈ ਹੈ। ਇਹ  ਸਟਿੰਗ ਪੱਤਰਕਾਰਾਂ ਵੱਲੋਂ ਹੀ ਕੀਤਾ ਦੱਸਿਆ ਜਾ ਰਿਹਾ ਹੈ। ਵੀਡੀਓ ’ਚ ਤਹਿਸੀਲਦਾਰ  ਆਪਣੀਆਂ ਤਰੀਫਾਂ ਦੇ ਪੁਲ ਬੰਨ੍ਹਦਾ ਹੋਇਆ ਦੱਸ ਰਿਹਾ ਹੈ ਕਿ ਉਸ ਨੇ ਰਿਸ਼ਵਤ ਲੈਣ ’ਚ ਕਦੇ ਵੀ ਹਿਚਕ ਮਹਿਸੂਸ ਨਹੀਂ ਕੀਤੀ ਕਿਉਂਕਿ ਸੂਬੇ ਦਾ ਸਿਸਟਮ ਹੀ ਅਜਿਹਾ ਬਣਿਆ ਹੋਇਆ ਹੈ, ਜਿਸ ’ਚ ਹਰ ਅਫਸਰ ਰਿਸ਼ਵਤ ਲੈਂਦਾ ਹੈ।  ਵੀਡੀਓ ’ਚ ਉਹ ਜ਼ਿਲਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰਾਂ ’ਤੇ 15 ਅਗਸਤ ਤੇ 26 ਜਨਵਰੀ ਤੋਂ ਇਲਾਵਾ ਹੋਰ ਵੀ ਨਾਜਾਇਜ਼ ਖਰਚੇ ਪਾਏ ਗਿਣਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਕੋਲ ਪਰਚੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ।  ਵੀਡੀਓ ’ਚ ਤਹਿਸੀਲਦਾਰ ਇਕ ਐੱਮ. ਐੱਲ. ਏ. ਦਾ ਵੀ ਜ਼ਿਕਰ ਕਰਦਾ ਹੈ, ਜਿਸ ’ਚ ਉਹ ਕਹਿ ਰਿਹਾ ਹੈ ਕਿ ਐੱਮ. ਐੱਲ. ਏ. ਸਾਹਿਬ ਉਸ ਦੇ ਜੂਨੀਅਰ ਤੋਂ 3 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਉਸ ਨੇ ਐੱਮ. ਐੱਲ. ਏ. ਨੂੰ ਫੋਨ ਕਰ ਕੇ ਸੌਦਾ 1 ਲੱਖ ’ਚ ਪੂਰ ਚਡ਼੍ਹਾ ਦਿੱਤਾ। ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਅਫਸਰਾਂ ’ਚ ਵੀ ਸਨਸਨੀ ਫੈਲੀ ਹੋਈ ਹੈ। ਇਸ ਸਬੰਧੀ ਤਹਿਸੀਲਦਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਸ ਨੇ ਵੀਡੀਓ ’ਚ ਕਿਧਰੇ ਵੀ ਰਿਸ਼ਵਤ ਲੈਣ ਜਾਂ ਦੇਣ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਸ ਦੀ ਇਸ ਵੀਡੀਓ ਨੂੰ ਬੇਲੋਡ਼ਾ ਅੈਡਿਟ ਕਰ ਕੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡੀ. ਸੀ.  ਕੰਵਲਪ੍ਰੀਤ ਬਰਾਡ਼ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਵੀਡੀਓ ਦੀ ਜਾਂਚ-ਪਡ਼ਤਾਲ ਕਰਨ ਤੋਂ ਬਾਅਦ ਜੇਕਰ ਤਹਿਸੀਲਦਾਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਢੁੱਕਵੀਂ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
 


Related News