ਲਾਪ੍ਰਵਾਹੀ ਦੀ ਹੱਦ! ਵੈਂਟੀਲੇਟਰ ਨਾ ਹੋਣ ਤੇ ਮਾਂ-ਪਿਓ ਨੂੰ ਦੇ ਦਿੱਤਾ ਐਂਬੂ ਬੈਗ, ਨਵਜਾਤ ਦੀ ਮੌਤ

Monday, May 08, 2023 - 02:43 PM (IST)

ਲਾਪ੍ਰਵਾਹੀ ਦੀ ਹੱਦ! ਵੈਂਟੀਲੇਟਰ ਨਾ ਹੋਣ ਤੇ ਮਾਂ-ਪਿਓ ਨੂੰ ਦੇ ਦਿੱਤਾ ਐਂਬੂ ਬੈਗ, ਨਵਜਾਤ ਦੀ ਮੌਤ

ਅੰਮ੍ਰਿਤਸਰ (ਦਲਜੀਤ)- ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ’ਚ ਸਰਕਾਰੀ ਤੰਤਰ ਦੀ ਲਾਪ੍ਰਵਾਹੀ ਕਾਰਨ ਇਕ-ਦੋ ਦਿਨ ਦੇ ਬੱਚੇ ਦੇ ਸਾਹ ਰੁਕ ਗਏ। ਨਵਜਾਤ ਬੱਚੇ ਨੂੰ ਵੈਂਟੀਲੇਟਰ ਸਮੇਂ ’ਤੇ ਨਾ ਮਿਲਣ ਕਾਰਨ ਅੱਬੂ ਬੈਗ ਰਾਹੀਂ ਆਕਸੀਜਨ ਘੱਟ-ਵੱਧ ਦਿੱਤੇ ਜਾਣ ਕਾਰਨ ਬੱਚੇ ਦੀ ਮੌਤ ਹੋ ਗਈ। ਪੰਜਾਬ ਭਰ ’ਚ ਪ੍ਰਸਿੱਧ ਸੈਂਟਰ ਦੇ ਚਾਈਲਡ ਵਿਭਾਗ ਦੇ 120 ਬੈੱਡਾਂ ਲਈ ਸਿਰਫ 20 ਹੀ ਵੈਂਟੀਲੇਟਰ ਮੌਜੂਦ ਹਨ, ਜਿਨ੍ਹਾਂ ’ਚੋਂ ਕਈ ਵੈਂਟੀਲੇਟਰ ਹਮੇਸ਼ਾ ਤਕਨੀਕੀ ਕਾਰਨਾਂ ਕਰਕੇ ਖ਼ਰਾਬ ਰਹਿੰਦੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦਾ ਦਾਅਵਾ ਤਾਂ ਕੀਤਾ ਜਾਂਦਾ ਹੈ ਪਰ ਕਿਸੇ ਵੱਲੋਂ ਵੀ ਲੋੜੀਂਦੀ ਮਾਤਰਾ ’ਚ ਸੈਂਟਰ ’ਚ ਵੈਂਟੀਲੇਟਰ ਮੁਹੱਈਆ ਕਰਵਾਉਣ ਦੀ ਵਿਵਸਥਾ ਨਹੀਂ ਕੀਤੀ ਗਈ ਹੈ, ਜਿਸ ਕਾਰਨ ਨਵਜਾਤ ਬੱਚਿਆਂ ਦੀ ਘੱਟ-ਵੱਧ ਅੱਬੂ ਬੈਗ ਰਾਹੀਂ ਦਿੱਤੀ ਜਾਣ ਵਾਲੀ ਆਕਸੀਜਨ ਕਾਰਨ ਮੌਤਾਂ ਹੋ ਰਹੀਆਂ ਹਨ। ਫਿਲਹਾਲ ਇਸ ਮਾਮਲੇ ’ਚ ਸਰਕਾਰ ਜਿੱਥੇ ਕਟਹਿਰੇ ’ਚ ਆ ਗਈ ਹੈ, ਉਥੇ ਹੀ ਹਸਪਤਾਲ ਪ੍ਰਸ਼ਾਸਨ ਵੀ ਚੁੱਪੀ ਧਾਰ ਕੇ ਬੈਠਾ ਹੋਇਆ ਹੈ।

ਇਹ ਵੀ ਪੜ੍ਹੋ- ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ, ਮੌਜੂਦਾ ਪੀੜ੍ਹੀ ਦਾ ਸੁਫ਼ਨਾ ਪੂਰਾ ਹੋਣ ’ਚ ਦੇਰ

ਜਾਣਕਾਰੀ ਅਨੁਸਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਦੇ ਅਧੀਨ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਬਣਾਇਆ ਗਿਆ ਹੈ। ਇਸ ਹਸਪਤਾਲ ’ਚ 120 ਬੈੱਡ ਬੱਚਿਆਂ ਲਈ ਬਣਾਏ ਗਏ ਹਨ। ਅਫਸੋਸ ਦੀ ਗੱਲ ਹੈ ਕਿ ਵਿਭਾਗ ਵੱਲੋਂ ਪੰਜਾਬ ਭਰ ’ਚ ਪ੍ਰਸਿੱਧ ਇਸ ਸੈਂਟਰ ’ਚ ਨਵਜਾਤ ਬੱਚਿਆਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦਾ ਦਾਅਵਾ ਤਾਂ ਕੀਤਾ ਜਾਂਦਾ ਹੈ, ਜਦੋਂਕਿ ਸੱਚਾਈ ਕੁਝ ਹੋਰ ਹੈ। ਅੰਮ੍ਰਿਤਸਰ ਹੀ ਨਹੀਂ, ਸਗੋਂ ਬਾਹਰੀ ਜ਼ਿਲ੍ਹਿਆਂ ਤੋਂ ਵੀ ਐਮਰਜੈਂਸੀ ਦੇ ਸਮੇਂ ’ਚ ਨਵਜਾਤ ਬੱਚਿਆਂ ਨੂੰ ਇਸ ਸੈਂਟਰ ’ਚ ਸਿਹਤ ਸੇਵਾਵਾਂ ਦੇਣ ਲਈ ਲਿਆਂਦਾ ਜਾਂਦਾ ਹੈ। ਇੱਥੋਂ ਤੱਕ ਕਿ ਜੋ ਲੋਕ ਪ੍ਰਾਈਵੇਟ ਹਸਪਤਾਲਾਂ ਦਾ ਬੋਝ ਨਹੀਂ ਚੁੱਕ ਸਕਦੇ, ਉਹ ਵੀ ਇਸ ਹਸਪਤਾਲ ’ਚ ਇਕ ਉਮੀਦ ਲੈ ਕੇ ਆਉਂਦੇ ਹਨ ਕਿ ਉਨ੍ਹਾਂ ਦੇ ਬੱਚੇ ਦੇ ਸਾਹ ਇੱਥੇ ਵੈਂਟੀਲੇਟਰ ਮਿਲਣ ’ਤੇ ਚਲਦੇ ਰਹਿ ਸਕਦੇ ਹਨ।

ਬੀਤੇ ਦਿਨੀਂ ਮਜੀਠਾ ਰੋਡ ਦੇ ਰਹਿਣ ਵਾਲੇ ਇਕ ਪਰਿਵਾਰ ਦੀ ਔਰਤ ਦੀ ਡਲਿਵਰੀ ਹੋਈ ਅਤੇ ਜਿਸ ’ਚ 2 ਬੱਚਿਆਂ ਦਾ ਜਨਮ ਹੋਇਆ। ਜੁੜਵਾ ਬੱਚੇ ਹੋਣ ਕਾਰਨ ਪ੍ਰਾਈਵੇਟ ਹਸਪਤਾਲਾਂ ’ਚ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ’ਚ ਵੈਂਟੀਲੇਟਰ ਲਈ ਰੈਫ਼ਰ ਕਰ ਦਿੱਤਾ ਗਿਆ। ਵੈਂਟੀਲੇਟਰ ਲਈ ਪਰਿਵਾਰ ਦੇ ਮੈਂਬਰ ਡਾਕਟਰਾਂ ਅੱਗੇ ਤਰਲੇ ਪਾਉਂਦੇ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਪਰ ਸਮਾਜ ਸੇਵਕ ਜੈ ਗੋਪਾਲ ਲਾਲੀ ਅਤੇ ਰਾਜਿੰਦਰ ਸ਼ਰਮਾ ਰਾਜੂ ਦੇ ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਇਕ ਬੱਚੇ ਨੂੰ ਵੈਂਟੀਲੇਟਰ ਮਿਲ ਗਿਆ, ਜਦਕਿ ਦੂਜੇ ਨੂੰ ਅਬੂ ਬੈਗ ਦੇ ਕੇ ਉਸ ਨੂੰ ਬੱਚੇ ਨੂੰ ਆਕਸੀਜਨ ਦੇਣ ਲਈ ਕਹਿ ਦਿੱਤਾ। ਪਰਿਵਾਰਕ ਮੈਂਬਰ ਕਾਫੀ ਸਮੇਂ ਤੱਕ ਬੈਗ ਰਾਹੀਂ ਆਕਸੀਜਨ ਦਿੰਦੇ ਰਹੇ ਪਰ ਘੱਟ ਜਾਂ ਵੱਧ ਆਕਸੀਜਨ ਦੇਣ ਕਾਰਨ ਬੱਚੇ ਦੀ ਮੌਤ ਹੋ ਗਈ। ਇਹ ਤਾਂ ਇਕ ਮਾਮਲਾ ਹੈ।

ਇਹ ਵੀ ਪੜ੍ਹੋ-  ਪੰਜਵੜ ਦੇ ਕਤਲ ਮਗਰੋਂ ਸ਼ੌਰਯਾ ਚੱਕਰ ਜੇਤੂ ਬਲਵਿੰਦਰ ਸੰਧੂ ਦੀ ਪਤਨੀ ਦਾ ਬਿਆਨ ਆਇਆ ਸਾਹਮਣੇ

ਇਸ ਤੋਂ ਪਹਿਲੇ ਕਈ ਮਾਮਲੇ ਅਜਿਹੇ ਹਨ ਜੋ ਵੈਂਟੀਲੇਟਰ ਨਾ ਮਿਲਣ ਕਾਰਨ ਅਬੂ ਬੈਗ ਕਾਰਨ ਵੱਧ ਜਾਂ ਘੱਟ ਆਕਸੀਜਨ ਦਿੱਤੇ ਜਾਣ ਕਾਰਨ ਨਵਜਾਤ ਦੀ ਮੌਤ ਹੋ ਜਾਂਦੀ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਿਹਤ ਸੇਵਾਵਾਂ ਬਿਹਤਰ ਬਣਾਉਣ ਲਈ ਵਾਅਦੇ ਤਾਂ ਬਹੁਤ ਕੀਤੇ ਗਏ ਪਰ ਅਸਲੀਅਤ ’ਚ ਜ਼ਮੀਨੀ ਪੱਧਰ ’ਤੇ ਕਿਸੇ ਵੱਲੋਂ ਵੀ ਵੈਂਟੀਲੇਟਰ ਅਤੇ ਲੋੜੀਂਦੀਆਂ ਸਹੂਲਤਾਂ ਦੇਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

ਕੀ ਹੁੰਦਾ ਹੈ ਅਬੂ ਬੈਗ

ਅਬੂ ਬੈਗ ਇਕ ਅਜਿਹਾ ਯੰਤਰ ਹੈ, ਜਦੋਂ ਕਿਸੇ ਬੱਚੇ ਨੂੰ ਵੈਂਟੀਲੇਟਰ ਨਹੀਂ ਮਿਲਦਾ ਹੈ ਤਾਂ ਇਸ ਬੈਗ ਰਾਹੀਂ ਐਮਰਜੈਂਸੀ ਦੌਰਾਨ ਕੁਝ ਸਮਾਂ ਕੱਢਿਆ ਜਾ ਸਕਦਾ ਹੈ ਪਰ ਹਸਪਤਾਲ ’ਚ ਇਹ ਹਾਲਾਤ ਹੈ ਕਿ ਵੈਂਟੀਲੇਟਰ ਨਾ ਮਿਲਣ ਕਾਰਨ ਕਾਫ਼ੀ ਘੰਟੇ ਮਾਪੇ ਬੈਗ ਰਾਹੀਂ ਬੱਚਿਆਂ ਨੂੰ ਆਕਸੀਜਨ ਦਿੰਦੇ ਰਹਿੰਦੇ ਹਨ। ਕਦੇ ਆਕਸੀਜਨ ਦਿੰਦੇ ਮਾਪੇ ਥੱਕ ਜਾਂਦੇ ਹਨ ਅਤੇ ਆਕਸੀਜਨ ਨਾ ਮਿਲਣ ਕਾਰਨ ਨਵਜਾਤ ਦੀ ਮੌਤ ਹੋ ਜਾਂਦੀ ਹੈ।

ਇਹ ਵੀ ਪੜ੍ਹੋ- ਇਟਲੀ 'ਚ ਜਾਨ ਗੁਆਉਣ ਵਾਲੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ

ਜੱਦੋ-ਜਹਿਦ ਤੋਂ ਬਾਅਦ ਮਿਲਿਆ ਵੈਂਟੀਲੇਟਰ

ਸਮਾਜ ਸੇਵਕ ਜੈ ਗੋਪਾਲ ਲਾਲੀ ਅਤੇ ਰਾਜਿੰਦਰ ਸ਼ਰਮਾ ਰਾਜ ਨੇ ਦੱਸਿਆ ਕਿ ਨਵਜਾਤ ਬੱਚੇ ਦੇ ਸਾਹ ਬਚਾਉਣ ਲਈ ਉਨ੍ਹਾਂ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਕ ਹੀ ਵੈਂਟੀਲੇਟਰ ਦਾ ਇੰਤਜਾਮ ਹੋ ਸਕਿਆ। ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਮੌਕੇ ’ਤੇ ਜਦੋਂ ਉਹ ਗਏ ਤਾਂ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ 5 ਤੋਂ ਵੱਧ ਵੈਂਟੀਲੇਟਰ ਖ਼ਰਾਬ ਹਨ, ਇਕ ਦਾ ਹੀ ਇੰਤਜ਼ਾਮ ਹੋ ਸਕਦਾ ਹੈ, ਦੂਜੇ ਬੱਚੇ ਨੂੰ ਤੁਹਾਨੂੰ ਬੈਗ ਰਾਹੀਂ ਆਕਸੀਜ਼ਨ ਦੇਣੀ ਹੋਵੇਗੀ। ਉਨ੍ਹਾਂ ਨੇ ਕਾਫ਼ੀ ਜੱਦੋ-ਜਹਿਦ ਕੀਤੀ ਪਰ ਇਕ ਹੀ ਵੈਂਟਰੀਲੇਟਰ ਦਾ ਇੰਤਜ਼ਾਮ ਹੋ ਸਕਿਆ। ਬੈਗ ਰਾਹੀਂ ਘੱਟ ਜਾਂ ਵੱਧ ਆਕਸੀਜਨ ਦੇਣ ਕਾਰਨ ਬੱਚੇ ਦੀ ਮੌਤ ਹੋ ਗਈ। ਜੈ ਗੋਪਾਲ ਲਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਮਸ਼ੀਨਰੀ ਅਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇਸ ਸੈਂਟਰ ਦੀ ਹਾਲਤ ਦੇਖ ਕੇ ਲੱਗ ਰਿਹਾ ਹੈ ਕਿ ਇਹ ਸੈਂਟਰ ਸਿਰਫ਼ ਸਰਕਾਰਾਂ ਵੱਲੋਂ ਵਾਹ-ਵਾਹੀ ਖੱਟਣ ਲਈ ਹੀ ਬਣਾਇਆ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


author

Shivani Bassan

Content Editor

Related News