ਚਿਕਨ ਦੀ ਦੁਕਾਨ ''ਚ ਭੰਨ-ਤੋੜ; ਵਿਕਰੇਤਾ ਦੀ ਕੁੱਟਮਾਰ
Sunday, Aug 13, 2017 - 12:53 AM (IST)
ਕਾਠਗੜ੍ਹ, (ਰਾਜੇਸ਼)- ਬੀਤੀ ਰਾਤ ਕਾਠਗੜ੍ਹ 'ਚ ਇਕ ਚਿਕਨ ਵਿਕਰੇਤਾ ਦੀ ਕੁੱਟਮਾਰ ਕਰਨ ਤੇ ਦੁਕਾਨ ਦੀ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਠਗੜ੍ਹ-ਰੱਤੇਵਾਲ ਰੋਡ 'ਤੇ ਚਿਕਨ ਦੀ ਦੁਕਾਨ ਕਰਨ ਵਾਲੇ ਬੌਬੀ ਵਾਸੀ ਕਾਠਗੜ੍ਹ ਨੇ ਦੱਸਿਆ ਕਿ ਇਕ ਟ੍ਰੈਕਟਰ ਮਾਲਕ ਕੋਲੋਂ ਉਸ ਨੇ ਬਰਸਾਤੀ ਪਾਣੀ ਦੇ ਡਰੋਂ ਮਿੱਟੀ ਦੀ ਵੱਟ ਲਵਾਈ, ਜਿਸ ਦੇ ਉਸ ਨੇ 500 ਰੁਪਏ ਮੰਗੇ ਪਰ ਮੇਰੇ ਕੋਲ 400 ਰੁਪਏ ਸੀ, ਜੋ ਮੈਂ ਉਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਮੈਂ 100 ਰੁਪਏ ਕਿਸੇ ਹੋਰ ਕੋਲੋਂ ਲੈ ਕੇ ਉਸ ਨੂੰ ਦੇ ਦਿੱਤੇ ਤੇ ਟ੍ਰੈਕਟਰ ਚਾਲਕ ਝਗੜਦਾ ਹੋਇਆ ਉਥੋਂ ਚਲਾ ਗਿਆ ਪਰ ਰਾਤ 9 ਵਜੇ ਦੋ ਵਾਹਨਾਂ 'ਤੇ ਸਵਾਰ 5-6 ਵਿਅਕਤੀਆਂ ਨੂੰ ਮੇਰੀ ਦੁਕਾਨ 'ਤੇ ਲੈ ਕੇ ਆਇਆ ਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਮੈਂ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਮੇਰੀ ਦੁਕਾਨ 'ਚ ਪਏ ਚਿਕਨ ਤੇ ਆਂਡਿਆਂ ਦਾ ਨੁਕਸਾਨ ਕਰ ਦਿੱਤਾ। ਪਰਿਵਾਰ ਨੇ ਇਸ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਦੇ ਕੇ ਮੈਨੂੰ ਬਲਾਚੌਰ ਹਸਪਤਾਲ ਪਹੁੰਚਾਇਆ, ਜਦਕਿ ਦੂਜੀ ਧਿਰ ਵੀ ਬਿਨਾਂ ਕਿਸੇ ਕਾਰਨ ਹਸਪਤਾਲ ਦਾਖ਼ਲ ਹੋ ਗਈ। ਪੀੜਤ ਨੇ ਦੱਸਿਆ ਕਿ ਦੌਲਤ ਰਾਮ ਰੱਤੇਵਾਲ ਜ਼ਿਲਾ ਪ੍ਰਧਾਨ ਭਾਰਤੀ ਵਾਲਮੀਕਿ ਧਰਮ ਸਮਾਜ ਨੇ ਦੋਵਾਂ ਧਿਰਾਂ ਨੂੰ ਹਸਪਤਾਲੋਂ ਛੁੱਟੀ ਦੁਆਈ ਤੇ ਥਾਣੇ 'ਚ ਫੈਸਲਾ ਕਰਵਾਉਣ ਦਾ ਭਰੋਸਾ ਦਿੱਤਾ ਪਰ ਕਾਠਗੜ੍ਹ ਦੀ ਪੁਲਸ 24 ਘੰਟੇ ਬੀਤ ਜਾਣ 'ਤੇ ਵੀ ਬਿਆਨ ਨਹੀਂ ਲੈਣ ਆਈ।
