ਵਿਸ਼ਵ ''ਚ ਅਮਨ-ਸ਼ਾਂਤੀ ਲਿਆਉਣ ਲਈ ਸਾਰੇ ਦੇਸ਼ਾਂ ਦੀਆਂ ਸਰਹੱਦਾਂ ਖਤਮ ਹੋਣ : ਫਾਰੂਕ ਅਬਦੁੱਲਾ

Monday, Feb 12, 2018 - 01:09 AM (IST)

ਮੁੱਲਾਂਪੁਰ ਦਾਖਾ (ਕਾਲੀਆ) - ਜੇ ਮੁਲਕ ਨੂੰ ਬਚਾਉਣਾ ਹੈ ਤਾਂ ਸਾਰੇ ਦੇਸ਼ ਵਾਸੀ ਧਰਮ ਦੀਆਂ ਲੜਾਈਆਂ ਛੱਡ ਕੇ ਏਕਤਾ ਦਾ ਸਬੂਤ ਦੇਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਇੰਪੀਰੀਅਲ ਗੋਲਫ ਅਸਟੇਟ ਮੁੱਲਾਂਪੁਰ ਵਿਖੇ ਗੋਲਫ ਖੇਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਨੇ ਭਾਈ-ਭਾਈ। ਇਸ ਲਈ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਦੇਸ਼-ਵਾਸੀਆਂ ਨੂੰ ਆਪਸੀ ਸਦਭਾਵਨਾ ਕਾਇਮ ਕਰ ਕੇ ਦੇਸ਼ ਨੂੰ ਤਰੱਕੀ ਵੱਲ ਲਿਜਾਣਾ ਚਾਹੀਦਾ ਹੈ। ਪਾਕਿਸਤਾਨ ਵੱਲੋਂ ਬਾਰਡਰ 'ਤੇ ਕੀਤੀ ਜਾ ਰਹੀ ਲਗਾਤਾਰ ਗੋਲੀਬਾਰੀ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦਾ ਮੈਂ ਜਨਮ ਲਿਆ ਹੈ, ਉਦੋਂ ਤੋਂ ਹੀ ਕਸ਼ਮਕਸ਼ ਵੇਖ ਰਿਹਾ ਹਾਂ। ਪਾਕਿਸਤਾਨ ਨੂੰ ਆਪਣੀਆਂ ਆਦਤਾਂ 'ਚ ਸੁਧਾਰ ਕਰ ਕੇ ਸ਼ਾਂਤੀਵਾਲਤਾ 'ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਹੀ ਮੁੱਠਭੇੜ ਦਾ ਕਾਰਨ ਬਣਦੀਆਂ ਹਨ। ਵਿਸ਼ਵ 'ਚ ਅਮਨ-ਸ਼ਾਂਤੀ ਲਿਆਉਣ ਲਈ ਸਾਰੇ ਦੇਸ਼ਾਂ ਦੀਆਂ ਸਰਹੱਦਾਂ ਖਤਮ ਕਰ ਦੇਣੀ ਚਾਹੀਦੀਆਂ ਹਨ। ਮਨੁੱਖਤਾ ਦੇ ਭਲੇ ਅਤੇ ਅਮਨ-ਸ਼ਾਂਤੀ ਲਈ ਸਾਰੇ ਦੇਸ਼ਾਂ ਨੂੰ ਪਿਆਰ ਅਤੇ ਆਪਸੀ ਮਿਲਵਰਤਨ ਦਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ।
ਅਬਦੁੱਲਾ ਨੇ ਕਿਹਾ ਕਿ ਭਾਰਤ-ਪਾਕਿ 'ਚ ਓਨੀ ਦੇਰ ਤੱਕ ਸ਼ਾਂਤੀ ਸੰਭਵ ਨਹੀਂ, ਜਿੰਨੀ ਦੇਰ ਤੱਕ ਸਰਹੱਦਾਂ 'ਤੇ ਮੁੱਠਭੇੜ ਜਾਰੀ ਰਹੇਗੀ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਹੱਦਾਂ 'ਤੇ ਜੰਗ ਦਾ ਹੱਲ ਜੰਗ ਨਹੀਂ। ਇਸ ਨੂੰ ਸ਼ਾਂਤੀਵਾਰਤਾ ਮਸਲੇ ਨਾਲ ਹੱਲ ਕਰਨਾ ਚਾਹੀਦਾ ਹੈ। ਜੰਗ ਦਾ ਨੁਕਸਾਨ ਵੇਖਣਾ ਹੈ ਤਾਂ ਅਫਗਾਨਿਸਤਾਨ, ਸੀਰੀਆ ਆਦਿ ਮੁਲਕਾਂ ਦਾ ਹਾਲ ਵੇਖੋ, ਜੋ ਉੱਜੜ ਕੇ ਰਹਿ ਗਏ ਹਨ। ਭਾਰਤ ਨੇ 70 ਸਾਲਾਂ ਵਿਚ ਜੋ ਤਰੱਕੀ ਦੇ ਮੁਕਾਮ ਹਾਸਲ ਕੀਤੇ ਹਨ, ਨੂੰ ਹੋਰ ਪ੍ਰਫੁੱਲਿਤ ਕਰਨ ਲਈ ਧਰਮ ਦੇ ਨਾਂ 'ਤੇ ਸਿਆਸਤ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਗੋਲਫ ਖੇਡ ਕੇ ਬਹਤ ਵਧੀਆ ਅਨੁਭਵ ਕੀਤਾ। ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਗੋਲਫ ਨੂੰ ਹਾਕੀ, ਕ੍ਰਿਕਟ, ਫੁੱਟਬਾਲ ਤੇ ਬਾਸਕਿਟਬਾਲ ਆਦਿ ਖੇਡਾਂ ਵਾਂਗ ਪ੍ਰਫੁੱੱਲਿਤ ਕੀਤਾ ਜਾਵੇ ਤਾਂ ਜੋ ਭਾਰਤ ਚੰਗੇ ਖਿਡਾਰੀ ਪੈਦਾ ਕਰ ਕੇ ਵਿਸ਼ਵ 'ਚ ਦੇਸ਼ ਦਾ ਨਾਂ ਰੌਸ਼ਨ ਕਰ ਸਕੇ। ਇਸ ਮੌਕੇ ਚੇਅਰਮੈਨ ਪ੍ਰਦੀਪ ਜੈਨ, ਕਰਨਲ ਸੀ. ਜੇ. ਪਾਲ, ਸੁਨੀਲ ਸ਼ਰਮਾ ਆਦਿ ਹਾਜ਼ਰ ਸਨ।


Related News