ਬਰੇਨ ਡੈੱਡ ਹੋਏ ਨੌਜਵਾਨ ਕਾਰਨ 3 ਮਰੀਜ਼ਾਂ ਨੂੰ ਮਿਲਿਆ ਨਵਾਂ ਜੀਵਨ, ਪਰਿਵਾਰ ਦੇ ਫ਼ੈਸਲੇ ਨੇ ਕਾਇਮ ਕੀਤੀ ਮਿਸਾਲ
Wednesday, Jul 19, 2023 - 05:11 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ’ਚ ਬਰੇਨ ਡੈੱਡ ਮਰੀਜ਼ ਦੇ ਅੰਗਦਾਨ ਹੋਏ, ਜਿਸ ਕਾਰਨ 3 ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ। ਯਮੁਨਾਨਗਰ ਦੇ ਰਹਿਣ ਵਾਲੇ 28 ਸਾਲਾ ਅਨੁਜ ਕੁਮਾਰ ਨੂੰ ਸਿਰ ਵਿਚ ਗੰਭੀਰ ਸੱਟ ਲੱਗਣ ਤੋਂ ਬਾਅਦ ਪੀ. ਜੀ. ਆਈ. ਲਿਆਂਦਾ ਗਿਆ ਸੀ। ਇਲਾਜ ਮਿਲਣ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਨੇ ਹਿੰਮਤ ਵਾਲਾ ਫੈਸਲਾ ਲੈਂਦੇ ਹੋਏ ਅਨੁਜ ਦੇ ਅੰਗਦਾਨ ਕਰਨ ਦਾ ਫ਼ੈਸਲਾ ਲਿਆ। ਨੈਫਰੋਲਾਜੀ ਵਿਭਾਗ ਦੇ ਪ੍ਰੋ. ਐੱਚ. ਐੱਸ. ਕੋਹਲੀ ਨੇ ਰਿਸੀਪੀਐਂਟ ਸਬੰਧੀ ਦੱਸਿਆ ਕਿ ਇਕ ਕਿਡਨੀ ਇਕ 44 ਸਾਲਾ ਵਿਅਕਤੀ, ਜੋ 2011 ਤੋਂ ਡਾਇਲਿਸਿਸ ’ਤੇ ਹੈ, ਨੂੰ ਟਰਾਂਸਪਲਾਂਟ ਕੀਤੀ ਗਈ। ਡੋਨਰ ਨਾ ਹੋਣ ਕਾਰਨ ਉਨ੍ਹਾਂ ਨੇ ਨੈਫਰੋਲਾਜੀ ਵਿਭਾਗ ਵਿਚ ਕੈਡਵੇਰਿਕ ਕਿਡਨੀ ਟਰਾਂਸਪਲਾਂਟ ਲਈ ਰਜਿਸਟਰੇਸ਼ਨ ਕਰਵਾਈ। ਜਦੋਂਕਿ ਦੂਜਾ ਰਿਸੀਪੀਐਂਟ 41 ਸਾਲਾ ਔਰਤ ਹੈ। ਇਹ ਔਰਤ ਦੋ ਬੱਚਿਆਂ ਦੀ ਮਾਂ ਹੈ। ਉੱਥੇ ਹੀ ਇਕ ਮਰੀਜ਼ ਨੂੰ ਕਾਰਨੀਆ ਟਰਾਂਸਪਲਾਂਟ ਹੋਇਆ ਹੈ। ਡਾਇਰੈਕਟਰ ਪੀ. ਜੀ. ਆਈ. ਡਾ. ਵਿਵੇਕ ਲਾਲ ਦਾ ਕਹਿਣਾ ਹੈ ਕਿ ਅਜਿਹੇ ਪਰਿਵਾਰ ਨੂੰ ਸਾਡਾ ਸਾਰਿਆਂ ਦਾ ਸਲਾਮ ਹੈ, ਜੋ ਇਸ ਮੁਸ਼ਕਿਲ ਸਮੇਂ ਵਿਚ ਵੀ ਆਪਣਾ ਦੁੱਖ ਭੁੱਲ ਕੇ ਦੂਜਿਆਂ ਸਬੰਧੀ ਸੋਚਦੇ ਹਨ। ਉਨ੍ਹਾਂ ਦੀ ਬਦੌਲਤ ਕਈ ਲੋਕਾਂ ਨੂੰ ਨਵਾਂ ਜੀਵਨ ਮਿਲਦਾ ਹੈ। ਪੀ. ਜੀ. ਆਈ. ਕਈ ਸਾਲਾਂ ਤੋਂ ਆਰਗਨ ਟਰਾਂਸਪਲਾਂਟ ਵਿਚ ਬਿਹਤਰ ਕੰਮ ਕਰ ਰਿਹਾ ਹੈ। ਉਹ ਭਾਵੇਂ ਬਰੇਨ ਡੈੱਡ ਮਰੀਜ਼ਾਂ ਦੇ ਆਰਗਨ ਟਰਾਂਸਪਲਾਂਟ ਕਰਨੇ ਹੋਣ, ਲਿਵਿੰਗ ਡੋਨਰ ਟਰਾਂਸਪਲਾਂਟ ਹੋਣ। ਪੀ. ਜੀ. ਆਈ. ਪੂਰੇ ਦੇਸ਼ ਵਿਚ ਇਕਲੌਤਾ ਸਰਕਾਰੀ ਹਸਪਤਾਲ ਹੈ, ਜੋ ਸਭਤੋਂ ਜ਼ਿਆਦਾ ਬਰੇਨ ਡੈੱਡ ਮਰੀਜ਼ਾਂ ਦੇ ਆਰਗਨ ਟਰਾਂਸਪਲਾਂਟ ਕਰ ਰਿਹਾ ਹੈ। ਰੋਟੋ ਡਿਪਾਰਟਮੈਂਟ ਦਾ ਵੀ ਵੱਡਾ ਯੋਗਦਾਨ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਮੰਗ ਰਹੀ ਏਅਰਪੋਰਟ ’ਚ ਲਿਕਰ ਲਾਇਸੈਂਸ ਦੇ 6 ਕਰੋੜ, ਠੇਕੇਦਾਰ ਨੂੰ ਮਨਜ਼ੂਰ ਨਹੀਂ
9 ਦਿਨ ਜ਼ਿੰਦਗੀ ਤੇ ਮੌਤ ’ਚ ਜੰਗ, 15 ਜੁਲਾਈ ਨੂੰ ਐਲਾਨਿਆ ਬਰੇਨ ਡੈੱਡ
ਅਨੁਜ ਰੋਜ਼ਾਨਾ ਵਾਂਗ ਕੰਮ ’ਤੇ ਜਾ ਰਿਹਾ ਸੀ। ਇਕ ਦਿਨ ਉਸਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਦੋਪਹੀਆ ਵਾਹਨ ਨੇ ਟੱਕਰ ਮਾਰ ਦਿੱਤੀ। ਉਹ ਸੜਕ ’ਤੇ ਡਿੱਗ ਗਿਆ ਅਤੇ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਬੇਹੋਸ਼ ਹੋ ਗਿਆ। ਜਿਹੜੇ ਮੋਟਰਸਾਈਕਲ ਨਾਲ ਅਨੁਜ ਦੀ ਟੱਕਰ ਹੋਈ, ਉਸ ’ਤੇ ਤਿੰਨ ਵਿਅਕਤੀ ਸਵਾਰ ਸਨ। ਉਹ ਤਿੰਨੇ ਸ਼ਰਾਬ ਦੇ ਨਸ਼ੇ ਵਿਚ ਸਨ। ਜਿਸ ਸਮੇਂ ਇਹ ਹਾਦਸਾ ਹੋਇਆ, ਦੋ ਮੌਕੇ ਤੋਂ ਭੱਗ ਗਏ, ਜਦੋਂਕਿ ਅਨੁਜ ਅਤੇ ਹਾਦਸੇ ਵਿਚ ਜ਼ਖ਼ਮੀ ਹੋਰ ਵਿਅਕਤੀ ਨੂੰ ਅਨੁਜ ਦੇ ਜਾਣ-ਪਛਾਣ ਵਾਲੇ ਹਸਪਤਾਲ ਲੈ ਗਏ। ਅਨੁਜ ਦੀ ਹਾਲਤਵੇਖ ਕੇ ਡਾਕਟਰਾਂ ਨੇ 7 ਜੁਲਾਈ ਨੂੰ ਉਸਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਅਨੁਜ ਨੂੰ ਬੇਹਦ ਗੰਭੀਰ ਹਾਲਤ ਵਿਚ ਪੀ. ਜੀ. ਆਈ. ਲਿਆਂਦਾ ਗਿਆ ਸੀ। ਇਲਾਜ ਦੇ ਬਾਵਜੂਦ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਸਾਰੇ ਪ੍ਰੋਟੋਕਾਲ ਤੋਂ ਬਾਅਦ ਬਰੇਨ ਡੈੱਥ ਸਰਟੀਫਿਕੇਸ਼ਨ ਕਮੇਟੀ ਦੀਆਂ ਦੋ ਬੈਠਕਾਂ ਤੋਂ ਬਾਅਦ 9 ਦਿਨ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜਨ ਤੋਂ ਬਾਅਦ 15 ਜੁਲਾਈ ਨੂੰ ਉਸਨੂੰ ਬਰੇਨ ਡੈੱਡ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਾਂਗੇ, ਦਿਲ ਜਿੱਤ ਲਿਆ ਤਾਂ ਸੀਟਾਂ ਵੀ ਆ ਜਾਣਗੀਆਂ : ਸੁਨੀਲ ਜਾਖੜ
ਅਨੁਜ ਦੇ ਜੀਜਾ ਨੇ ਵੀ ਚੁੱਕੀ ਸਹੁੰ
ਬਰੇਨ ਡੈੱਡ ਐਲਾਨ ਹੋਣ ਉਪਰੰਤ ਟਰਾਂਸਪਲਾਂਟ ਕੋਰਡੀਨੇਟਰ ਨੇ ਆਰਗਨ ਡੋਨੇਸ਼ਨ ਲਈ ਪਰਿਵਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਰਜ਼ਾਮੰਦੀ ਦੇ ਦਿੱਤੀ। ਆਪਣੇ ਬੇਟੇ ਨੂੰ ਗੁਆਉਣ ਦੇ ਦੁੱਖ ਦੇ ਬਾਵਜੂਦ ਪਿਤਾ ਅਮਰਨਾਥ ਸਿੰਘ ਨੇ ਉਸਦੇ ਅੰਗਦਾਨ ਕਰਨ ਦਾ ਫੈਸਲਾ ਲਿਆ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਸੀ। ਇਹ ਆਖਰੀ ਮੌਕਾ ਸੀ ਕਿ ਉਸ ਕਾਰਨ ਦੂਜਿਆਂ ਦੀ ਮਦਦ ਕੀਤੀ ਜਾ ਸਕੇ। ਇਹੀ ਸੋਚਕੇ ਅਸੀਂ ਇਹ ਫੈਸਲਾ ਲਿਆ। ਸਾਡਾ ਫੈਸਲਾ ਕਈ ਲੋਕਾਂ ਦੀ ਜਾਨ ਬਚਾਉਣ ਵਿਚ ਮਦਦ ਕਰ ਸਕਦਾ ਹੈ, ਤਾਂ ਅਸੀਂ ਅੱਗੇ ਵਧਣ ਦਾ ਫੈਸਲਾ ਕੀਤਾ। ਅਨੁਜ ਦੀ ਕਿਡਨੀ ਅਤੇ ਕਾਰਨੀਆ ਜ਼ਰੂਰਤਮੰਦਾਂ ਨੂੰ ਟਰਾਂਸਪਲਾਂਟ ਹੋਏ ਹਨ। ਅਨੁਜ ਦੇ ਅੰਗ ਪਰਿਵਾਰ ਨੇ ਦਾਨ ਕਰਨ ਦੇ ਨਾਲ ਹੀ ਅਨੁਜ ਦੇ ਜੀਜੇ ਨੇ ਵੀ ਆਪਣੇ ਅੰਗ ਦਾਨ ਕਰਨ ਦੀ ਸਹੁੰ ਚੁੱਕੀ।
ਇਹ ਵੀ ਪੜ੍ਹੋ : ਪੰਜਾਬ ਦਾ ਨਵਾਂ ਕਾਂਗਰਸ ਪ੍ਰਧਾਨ ਬਣਨ ਲਈ ਦੌੜ ਸ਼ੁਰੂ : ਬਿੱਟੂ, ਤਿਵਾੜੀ, ਸਿੱਧੂ, ਰੰਧਾਵਾ ਪ੍ਰਧਾਨਗੀ ਦੀ ਦੌੜ ’ਚ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8