ਲਾਲਾ ਜੀ ਦੀ ਕਲਮ ਐਮਰਜੈਂਸੀ ਦੇ ਦਿਨਾਂ ’ਚ ਵੀ ਸੱਚਾਈ ਲਿਖਦੀ ਰਹੀ: ਬ੍ਰਹਮ ਸ਼ੰਕਰ ਜਿੰਪਾ
Monday, Sep 11, 2023 - 12:10 PM (IST)
ਜਲੰਧਰ- ਮਾਲ ਤੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਉਹ ਆਪਣੇ ਸਕੂਲੀ ਦਿਨਾਂ ਦੌਰਾਨ ਰੋਜ਼ਾਨਾ ‘ਪੰਜਾਬ ਕੇਸਰੀ’ ਪੜ੍ਹਦੇ ਸਨ, ਜਿਸ ਕਾਰਨ ਉਹ ਜਨਰਲ ਨਾਲੇਜ ਦੀ ਪ੍ਰੀਖਿਆ ਵਿਚ 100 ਫ਼ੀਸਦੀ ਅੰਕ ਪ੍ਰਾਪਤ ਕਰਦੇ ਸਨ। ‘ਪੰਜਾਬ ਕੇਸਰੀ’ ਦੇ ਸੰਪਾਦਕੀ ਪੰਨੇ ਤੋਂ ਸਾਨੂੰ ਦੇਸ਼-ਵਿਦੇਸ਼ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਜਿੰਪਾ ਐਤਵਾਰ ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਕਰਵਾਏ 118ਵੇਂ ਸ਼ਹੀਦ ਪਰਿਵਾਰ ਫੰਡ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਜਿੰਪਾ ਨੇ ਕਿਹਾ ਕਿ ਐਮਰਜੈਂਸੀ ਦੇ ਦਿਨਾਂ ਦੌਰਾਨ ਸੂਬਾ ਸਰਕਾਰਾਂ ਕੇਂਦਰ ਖ਼ਿਲਾਫ਼ ਕੋਈ ਵੀ ਪ੍ਰਤੀਕਿਰਿਆ ਨਹੀਂ ਕਰਦੀਆਂ ਸਨ ਪਰ ਲਾਲਾ ਜਗਤ ਨਾਰਾਇਣ ਜੀ ਦੀ ਕਲਮ ਐਮਰਜੈਂਸੀ ਦੌਰਾਨ ਵੀ ਸੱਚਾਈ ਦੇ ਹੱਕ ਵਿਚ ਲਿਖਦੀ ਰਹੀ। ਲਾਲਾ ਜੀ ਲੋਕਾਂ ਦੇ ਹਿੱਤਾਂ ਲਈ ਆਵਾਜ਼ ਉਠਾਉਣ ਤੋਂ ਕਦੇ ਵੀ ਨਹੀਂ ਡਰਦੇ ਸਨ। ਪੰਜਾਬ ਕੇਸਰੀ ਗਰੁੱਪ ਖਿਲਾਫ ਸਰਕਾਰਾਂ ਵੱਲੋਂ ਬਦਲਾਖੋਰੀ ਦੀ ਕਾਰਵਾਈ ਕਰਦਿਆਂ ਅਖਬਾਰ ਦੀ ਬਿਜਲੀ ਕਟਵਾ ਦਿੱਤੀ ਗਈ ਤਾਂ ਜੋ ਅਖਬਾਰ ਦੀ ਛਪਾਈ ਨੂੰ ਰੋਕਿਆ ਜਾ ਸਕੇ ਪਰ ਸੱਚ ਦੇ ਮਾਰਗ ’ਤੇ ਚੱਲਦਿਆਂ ਪੰਜਾਬ ਕੇਸਰੀ ਗਰੁੱਪ ਨੇ ਟਰੈਕਟਰ ਨਾਲ ਪ੍ਰਿੰਟਿੰਗ ਮਸ਼ੀਨ ਚਲਾ ਕੇ ਅਖਬਾਰ ਛਾਪ ਲਈ।
ਇਹ ਵੀ ਪੜ੍ਹੋ- ਸ਼ਹੀਦਾਂ ਦੇ ਪਰਿਵਾਰਾਂ ਦੇ ਹਿੱਤਾਂ ਦੀ ਰਾਖੀ ਕਰ ਰਿਹਾ ਚੋਪੜਾ ਪਰਿਵਾਰ: ਕੁਲਦੀਪ ਸਿੰਘ ਧਾਲੀਵਾਲ
ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਤਾਕਤਾਂ ਨੇ ਪੰਜਾਬ ਕੇਸਰੀ ਗਰੁੱਪ ਦੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਕਈ ਸਟਾਫ ਮੈਂਬਰਾਂ ਦੀ ਜਾਨ ਗਈ ਪਰ ਇਸ ਸਭ ਦੇ ਬਾਵਜੂਦ ਪੰਜਾਬ ਕੇਸਰੀ ਗਰੁੱਪ ਔਖੇ ਸਮੇਂ ਵਿਚ ਵੀ ਸੱਚ ਦੇ ਮਾਰਗ ’ਤੇ ਡਟਿਆ ਰਿਹਾ। ਜਿੰਪਾ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਹਮੇਸ਼ਾ ਹਿੰਦੂ-ਸਿੱਖ ਏਕਤਾ ਲਈ ਯਤਨਸ਼ੀਲ ਰਹੇ। ਇਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਦੇਣੀ ਪਈ। ਸਾਨੂੰ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਹਿੰਦੂ-ਸਿੱਖ ਏਕਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ ਨੂੰ ਨਸ਼ਾ ਮੁਕਤ ਕਰਨ, ਵਾਤਾਵਰਣ ਤੇ ਧਰਤੀ ਨੂੰ ਬਚਾਉਣ ਲਈ ਲੋਕ ਲਹਿਰ ਦੀ ਲੋੜ: ਭਗਵੰਤ ਮਾਨ