ਗੁਜਰਾਤ ਤੇ ਹਿਮਾਚਲ ’ਚ ‘ਆਪ’ ਦੀਆਂ ਸਰਕਾਰਾਂ ਬਣਨ ’ਤੇ ਭ੍ਰਿਸ਼ਟਾਚਾਰ ਜੜ੍ਹੋਂ ਪੁੱਟ ਦਿਆਂਗੇ : ਜ਼ਿੰਪਾ
Sunday, Nov 06, 2022 - 10:54 AM (IST)
ਜਲੰਧਰ (ਧਵਨ)- ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇ ਆਮ ਆਦਮੀ ਪਾਰਟੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਸਰਕਾਰਾਂ ਬਣਾਉਂਦੀ ਹੈ ਤਾਂ ਉਹ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਦੇਵੇਗੀ। ਜ਼ਿੰਪਾ ਨੇ ਸ਼ਨੀਵਾਰ ਹਿਮਾਚਲ ਪ੍ਰਦੇਸ਼ ’ਚ ‘ਆਪ’ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ’ਚ ਹਿੱਸਾ ਲੈਂਦਿਆਂ ਕਿਹਾ ਕਿ ਦੇਸ਼ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਤੋਂ ਉਕਤਾ ਚੁੱਕੇ ਹਨ। ਉਹ ਹੁਣ ਤਬਦੀਲੀ ਚਾਹੁੰਦੇ ਹਨ ਕਿਉਂਕਿ ਇਨ੍ਹਾਂ ਪਾਰਟੀਆਂ ਨੇ ਭ੍ਰਿਸ਼ਟਾਚਾਰ ਤੋਂ ਬਿਨਾ ਕੁਝ ਨਹੀਂ ਕੀਤਾ।
ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਕਤਲ ਮਗਰੋਂ ਫੁਟਿਆ ਸ਼ਿਵ ਸੈਨਾ ਦਾ ਗੁੱਸਾ, ਸਮਰਥਕ ਬੋਲੇ, ਸਰਕਾਰ ਦੀ ਪਲਾਨਿੰਗ ਨਾਲ ਹੋਇਆ ਕਤਲ
ਜ਼ਿੰਪਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਲੋਕਾਂ ਨੂੰ ਤਬਦੀਲੀ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ ਅਤੇ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਲੋਕ ਰਾਇ ਦੇ ਆਧਾਰ ’ਤੇ ਕੰਮ ਕਰਦੀ ਹੈ। ਹੋਰ ਪਾਰਟੀਆਂ ਸਿਰਫ਼ ਪਰਿਵਾਰਵਾਦ ਨੂੰ ਹੱਲਾਸ਼ੇਰੀ ਦੇਣ ’ਤੇ ਲੱਗੀਆਂ ਹੋਈਆਂ ਹਨ। ਕਾਂਗਰਸ ਵੀ ਪਰਿਵਾਰਵਾਦ ਦੇ ਪਰਛਾਵੇਂ ਤੋਂ ਬਾਹਰ ਨਹੀਂ ਆ ਸਕੀ । ਭਾਜਪਾ ਆਗੂ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੱਗੇ ਲਿਆ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਲੋਕਾਂ ਵਿੱਚੋਂ ਚੰਗੇ ਆਗੂ ਲੱਭ ਕੇ ਉਨ੍ਹਾਂ ਨੂੰ ਸੰਸਦ ਮੈਂਬਰ ਅਤੇ ਵਿਧਾਇਕ ਬਣਾ ਰਹੀ ਹੈ। ਇਸ ਵਾਰ ਪੰਜਾਬ ਵਿੱਚ 82 ਨਵੇਂ ਵਿਧਾਇਕ ਚੁਣੇ ਗਏ ਹਨ, ਜੋ ਆਮ ਘਰਾਂ ਨਾਲ ਸਬੰਧਤ ਹਨ। ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਹੈਲਪਲਾਈ ਸ਼ੁਰੂ ਕੀਤੀ ਹੈ, ਉਸੇ ਤਰ੍ਹਾਂ ਦੀਆਂ ਹੈਲਪਲਾਈਨਾਂ ਸਰਕਾਰ ਬਣਨ ਤੋਂ ਬਾਅਦ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਸਮਰਥਨ ਮਿਲਿਆ ਹੈ, ਉਸ ਨੂੰ ਦੇਖਦਿਆਂ ਕੇਂਦਰ ਦੀ ਭਾਜਪਾ ਸਰਕਾਰ ’ਚ ਭਾਰੀ ਹਲਚਲ ਅਤੇ ਦਹਿਸ਼ਤ ਦਾ ਮਾਹੌਲ ਹੈ। ਇਹੀ ਕਾਰਨ ਹੈ ਕਿ ਉਹ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਸਾਹਮਣੇ ਰੁਕਾਵਟਾਂ ਖੜੀਆਂ ਕਰ ਰਹੀ ਹੈ।
ਇਹ ਵੀ ਪੜ੍ਹੋ : ਰੋਪੜ ਵਿਖੇ ਦੁਕਾਨਾਂ ਬੰਦ ਕਰਵਾਉਣ ਆਏ ਪੁਲਸ ਨੇ ਸ਼ਿਵ ਸੈਨਿਕਾਂ ਨੂੰ ਕੀਤਾ ਰਾਊਂਡਅਪ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।