ਮਿਆਰੀ ਸਿਹਤ ਸੇਵਾ ਮੁਹੱਈਆ ਕਰਵਾਉਣਾ ਸਿਵਲ ਸਰਜਨਾਂ ਦੀ ਜ਼ਿੰਮੇਵਾਰੀ : ਬ੍ਰਹਮ ਮਹਿੰਦਰਾ

09/22/2017 7:21:11 AM

ਚੰਡੀਗੜ੍ਹ(ਬਿਊਰੋ)-ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਸੁਧਾਰ ਕਰਨ ਦੇ ਮੰਤਵ ਨਾਲ, ਪੰਜਾਬ ਸਰਕਾਰ ਨੇ ਸਿਵਲ ਸਰਜਨਾਂ ਦੀ ਨਿੱਜੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਹੈ। ਹੁਣ ਸਿਵਲ ਸਰਜਨਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਨ ਦੀ ਸਫਲਤਾ 'ਤੇ ਆਧਾਰਿਤ ਹੋਵੇਗੀ ਜੋ ਹੁਣ ਹਰ 15 ਦਿਨਾਂ ਬਾਅਦ ਕੀਤੀ ਜਾਵੇਗੀ। 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹਸਪਤਾਲਾਂ ਅਤੇ ਆਪਰੇਸ਼ਨ ਥਿਏਟਰਾਂ ਦੀ ਸਫਾਈ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਅਤੇ ਹਸਪਤਾਲਾਂ ਦੀ ਦਿੱਖ ਨੂੰ ਆਕਰਸ਼ਕ ਬਣਾਉਣ ਲਈ ਨਿੱਜੀ ਦਿਲਚਸਪੀ ਦਿਖਾ ਕੇ ਵਿਸ਼ੇਸ਼ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਮਰੀਜ਼ਾਂ ਨਾਲ ਸਬੰਧਤ ਰਿਕਾਰਡ 'ਤੇ ਰੋਜ਼ਾਨਾ ਸੀਨੀਅਰ ਮੈਡੀਕਲ ਅਫਸਰ ਦੇ ਹਸਤਾਖਰ ਲਏ ਜਾਣ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਇਹ ਯਕੀਨੀ ਕਰਨ ਕਿ ਗੈਰ ਜ਼ਰੂਰੀ ਮਾਮਲਿਆਂ ਵਿਚ ਮਰੀਜ਼ਾਂ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਵਿਚ ਰੈਫਰ ਨਾ ਕੀਤਾ ਜਾਵੇ ਅਤੇ ਰੈਫਰਲ ਮਾਮਲਿਆਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਆਡਿਟ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਸਰਜਨ ਇਹ ਵੀ ਯਕੀਨੀ ਬਣਾਉਣਗੇ ਕਿ ਮਾਹਿਰਾਂ ਦੁਆਰਾ ਸਵੇਰ ਅਤੇ ਸ਼ਾਮ ਦੇ ਸਮੇਂ ਨਿਰੀਖਣ ਕੀਤਾ ਜਾਵੇ। ਇਸੇ ਤਰ੍ਹਾਂ ਹੀ ਐੱਸ. ਐੱਮ. ਓਜ਼ ਪ੍ਰਤੀ ਦਿਨ ਨਿਰੀਖਣ ਕਰਨਗੇ ਅਤੇ ਸਿਵਲ ਸਰਜਨ 15 ਦਿਨਾਂ ਵਿਚ ਇਕ ਵਾਰ ਹਸਪਤਾਲਾਂ ਦਾ ਦੌਰਾ ਕਰਨਗੇ। ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬੰਧਤ ਸਿਵਲ ਸਰਜਨ ਇਹ ਵੀ ਯਕੀਨੀ ਬਣਾਉਣਗੇ ਕਿ ਐੱਮ. ਐੱਲ. ਆਰ. ਮਾਮਲਿਆਂ ਵਿਚ ਅਜਾਈਂ ਦਾਖਲਾ ਨਾ ਕੀਤਾ ਜਾਵੇ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਡਾਇਲਸਿਸ ਦੀਆਂ ਸੁਵਿਧਾਵਾਂ ਬਿਲਕੁਲ ਮੁਫਤ ਕਰਵਾਈਆਂ ਜਾਣ ਅਤੇ ਡਾਇਲਸਿਸ ਮਸ਼ੀਨਾਂ 'ਤੇ ਘੱਟੋ-ਘੱਟ ਦੋ ਸ਼ਿਫਟਾਂ ਲਗਾਈਆਂ ਜਾਣ। ਇਸ ਤੋਂ ਇਲਾਵਾ ਪੀ. ਸੀ.- ਪੀ. ਐੱਨ. ਡੀ. ਟੀ. ਐਕਟ ਅਤੇ ਨਸ਼ਾ ਛੁਡਾਊ ਕੇਂਦਰਾਂ ਦੀ ਨਿਯਮਿਤ ਨਿਗਰਾਨੀ ਵੀ ਸਿਵਲ ਸਰਜਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।  


Related News