ਨੌਜਵਾਨਾਂ ਨੇ ਛੱਤ 'ਤੇ ਚੜ੍ਹ ਕੇ 'ਕਹਿੰਦੇ ਸ਼ੇਰ ਮਾਰਨਾ ਗਾਣੇ 'ਤੇ ਸ਼ਰੇਆਮ ਕੀਤੇ ਹਵਾਈ ਫਾਇਰ
Wednesday, Mar 04, 2020 - 11:35 AM (IST)
ਜਲੰਧਰ (ਵਰੁਣ)— ਕਬੀਰ ਨਗਰ 'ਚ ਘਰ ਦੀ ਛੱਤ 'ਤੇ ਪੰਜਾਬੀ ਗਾਣੇ 'ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ' ਗਾਣੇ 'ਤੇ 3 ਵਿਗੜੇ ਸ਼ਹਿਜ਼ਦਿਆਂ ਨੇ ਆਪਣੇ ਪਿਤਾ ਦੇ ਰਿਵਾਲਵਰ ਨਾਲ ਹਵਾਈ ਫਾਇਰ ਕਰ ਦਿੱਤੇ। ਇਹ ਫਾਇਰ ਇਕ ਨਹੀਂ ਸਗੋਂ 32 ਬੋਰ ਦੇ ਹਥਿਆਰਾਂ ਨਾਲ 6 ਵਾਰ ਕੀਤੇ ਗਏ। ਹੈਰਾਨੀ ਦੀ ਗੱਲ ਹੈ ਕਿ ਫਾਇਰਿੰਗ ਕਰਨ ਵਾਲੇ ਇਕ ਨੌਜਵਾਨ ਖਿਲਾਫ ਜਾਨ ਤੋਂ ਮਾਰਨ ਦੀ ਧਮਕੀ ਸਬੰਧੀ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਵੀ ਦਰਜ ਹੈ ਪਰ ਇਸ ਦੇ ਬਾਵਜੂਦ ਉਕਤ ਨੌਜਵਾਨ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਸਾਫ ਹੈ ਕਿ ਜਲੰਧਰ ਪੁਲਸ ਦਾ ਲੋਕਾਂ 'ਚ ਕੋਈ ਖੌਫ ਨਹੀਂ ਹੈ।
ਫਾਇਰਿੰਗ ਕਰਨ ਵਾਲੇ ਤਿੰਨੇ ਨੌਜਵਾਨ ਕਬੀਰ ਨਗਰ ਦੇ ਰਹਿਣ ਵਾਲੇ ਹਨ। ਇਨ੍ਹਾਂ ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਆਪਣੇ ਘਰ ਦੀ ਛੱਤ 'ਤੇ 32 ਬੋਰ ਦੇ ਵੈਪਨਾਂ ਨਾਲ ਫਾਇਰਿੰਗ ਦੀ ਵੀਡੀਓ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ। ਵੀਡੀਓ 'ਚ ਦਿਖਾਈ ਦਿੱਤੇ ਜਾਣ ਵਾਲੇ ਤਿੰਨੇ ਨੌਜਵਾਨ ਫਾਇਰਿੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਰਿਵਾਲਵਰ ਨੌਜਵਾਨਾਂ ਦੇ ਪਿਤਾ ਦੀ ਹੈ। ਹੈਰਾਨੀ ਦੀ ਗੱਲ ਹੈ ਕਿ ਲਾਇਸੈਂਸੀ ਰਿਵਾਲਵਰ ਘਰ ਤੋਂ ਚੁੱਕ ਕੇ ਲੈ ਜਾਣ ਦੇ ਬਾਅਦ ਵੀ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਭਿਣਕ ਤਕ ਨਹੀਂ ਲੱਗੀ। ਪੁਲਸ ਦੀ ਇੰਨੀ ਸਖਤੀ ਹੋਣ ਕਾਰਨ ਨੌਜਵਾਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈ। ਉਕਤ ਨੌਜਵਾਨ ਟੇਲਰ ਦਾ ਕੰਮ ਕਰਦਾ ਹੈ, ਜਿਸ ਨੇ ਇਕ ਹੋਰ ਟੇਲਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਪਰ ਉਸ ਦੇ ਖਿਲਾਫ ਅਜੇ ਤਕ ਕਾਨੂੰਨੀ ਕਾਰਵਾਈ ਨਹੀਂ ਹੋ ਸਕੀ ਹੈ। ਇਸ ਨੌਜਵਾਨ ਦੀ ਆਡੀਓ ਰਿਕਾਰਡਿੰਗ ਵੀ ਹੈ, ਜਿਸ 'ਚ ਉਹ ਸ਼ਿਕਾਇਤ ਦੇਣ ਵਾਲੇ ਟੇਲਰ ਨੂੰ ਮਾਰਨ ਦੀ ਗੱਲ ਕਰ ਰਿਹਾ ਹੈ।
ਗ੍ਰਿਫਤਾਰੀ ਤੋਂ ਇਲਾਵਾ ਲਾਇਸੈਂਸ ਰੱਦ ਹੋਣ ਦਾ ਹੈ ਪ੍ਰਬੰਧ
ਹਾਈ ਕੋਰਟ ਦੇ ਹੁਕਮਾਂ 'ਤੇ ਵਿਆਹ ਜਾਂ ਕਿਤੇ ਵੀ ਹਵਾਈ ਫਾਇਰ ਕਰਨ 'ਤੇ ਪਾਬੰਦੀ ਹੈ। ਹਾਲ ਹੀ ਵਿਚ ਸਿਟੀ 'ਚ ਦੋ-ਤਿੰਨ ਕੇਸ ਹੋਏ, ਜਿਸ 'ਚ ਨੌਜਵਾਨ ਖੁਸ਼ੀ ਦੇ ਸਮਾਰੋਹ 'ਚ ਹਵਾਈ ਫਾਇਰ ਕਰਦੇ ਦਿਖਾਈ ਦਿੱਤੇ। ਪੁਲਸ ਨੇ ਉਨ੍ਹਾਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਤਾਂ ਕੀਤਾ ਹੀ ਨਾਲ ਹੀ ਉਨ੍ਹਾਂ ਦੇ ਲਾਇਸੈਂਸੀ ਰਿਵਾਲਵਰ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸ ਕੇਸ 'ਚ ਜੇ ਪੁਲਸ ਕਾਨੂੰਨੀ ਕਾਰਵਾਈ ਕਰਦੀ ਹੈ ਤਾਂ ਨੌਜਵਾਨਾਂ ਦੇ ਹੱਥ 'ਚ ਫੜੇ ਦੋਵੇਂ ਹਥਿਆਰਾਂ ਦੇ ਲਾਇਸੈਂਸ ਰੱਦ ਹੁੰਦੇ, ਚਾਹੇ ਉਹ ਕਿਸੇ ਦੇ ਵੀ ਹੋਣ।
ਫੈਸ਼ਨ ਬਣ ਚੁੱਕਾ ਹੈ ਹਵਾਈ ਫਾਇਰ ਕਰਨਾ
ਦੱਸ ਦੇਈਏ ਕਿ ਹਵਾਈ ਫਾਇਰ ਕਰਨ 'ਤੇ ਇਕ ਲੱਖ ਰੁਪਏ ਜੁਰਮਾਨਾ ਵੀ ਤੈਅ ਹੋ ਗਿਆ ਹੈ ਪਰ ਹਵਾਈ ਫਾਇਰ ਕਰਨਾ ਹੁਣ ਟਰੈਂਡ ਬਣ ਚੁੱਕਾ ਹੈ। ਸ਼ਹਿਰ 'ਚ ਜ਼ਿਆਦਾਤਰ ਸਮਾਰੋਹਾਂ 'ਤੇ ਹਵਾਈ ਫਾਇਰ ਕੀਤੇ ਜਾਂਦੇ ਹਨ। ਪੈਲੇਸਾਂ, ਹੋਟਲਾਂ 'ਚ ਹਵਾਈ ਫਾਇਰ ਕਰਨ 'ਤੇ ਪਾਬੰਦੀ ਹੈ, ਇਸ ਦੇ ਬਾਵਜੂਦ ਹਵਾਈ ਫਾਇਰ ਹੁੰਦੇ ਹਨ। ਵਿਆਹਾਂ 'ਚ ਪੰਜਾਬ ਭਰ 'ਚ ਅਜਿਹੀਆਂ ਘਟਨਾਵਾਂ ਦੋ ਚੁੱਕੀਆਂ ਹਨ, ਜਿਸ 'ਚ ਹਵਾਈ ਫਾਇਰ ਕਰਦੇ ਹੋਏ ਗੋਲੀ ਡਾਂਸਰ, ਡੀ. ਜੇ. ਸੰਚਾਲਕ ਜਾਂ ਫਿਰ ਹੋਰ ਲੋਕਾਂ ਦੇ ਲੱਗ ਚੁੱਕੀ ਹੈ ਅਤੇ ਉਨ੍ਹਾਂ ਦੀ ਮੌਤ ਵੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਕਾਂਗਰਸੀ ਸਰਪੰਚ ਨੇ ਆਪਣੇ ਜਨਮ ਦਿਨ 'ਤੇ ਕੀਤੇ ਹਵਾਈ ਫਾਇਰ, ਵੀਡੀਓ ਹੋਈ ਵਾਇਰਲ