ਮਾਂ ਦੇ ਕੋਰੋਨਾ ਪਾਜ਼ੇਟਿਵ ਆਉਣ ''ਤੇ ਪੁੱਤ ਨੇ ਕੀਤੀ ਸੀ ਖ਼ੁਦਕੁਸ਼ੀ, ਗੁੱਸਾਏ ਲੋਕਾਂ ਨੇ ਧਰਨਾ ਲਾ ਕੱਢੀ ਭੜਾਸ

Friday, Sep 04, 2020 - 11:34 AM (IST)

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਨਵਾਂਸ਼ਹਿਰ ਦੇ ਗੁਰੂ ਰਵਿਦਾਸ ਮੁਹੱਲਾ ਵਾਸੀ ਪਾਜ਼ੇਟਿਵ ਪਾਈ ਗਈ ਜਨਾਨੀ ਦੇ ਮਾਮਲੇ 'ਚ ਸਿਹਤ ਮਹਿਕਮੇ ਵੱਲੋਂ ਵਰਤੀ ਲਾਪਰਵਾਹੀ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਵੀਰਵਾਰ ਵੀ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ 'ਚ ਟ੍ਰੈਫਿਕ ਜਾਮ ਕਰਕੇ ਸਿਹਤ ਮਹਿਕਮਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਪਾਜ਼ੇਟਿਵ ਪਾਈ ਗਈ ਜਨਾਨੀ ਦੇ ਪਰਿਵਾਰ ਵੱਲੋਂ ਘਰ 'ਚ ਹੀ ਆਈਸੋਲੇਟ ਕਰਨ ਦੀ ਗੁਹਾਰ ਕੀਤੀ ਗਈ ਸੀ, ਜਿਸ ਨੂੰ ਸਿਹਤ ਮਹਿਕਮੇ ਵੱਲੋਂ ਇਨਕਾਰ ਕਰਦੇ ਹੋਏ ਜਨਾਨੀ ਨੂੰ ਕੋਵਿਡ ਸੈਂਟਰ ਵਿਖੇ ਲੈ ਜਾਇਆ ਗਿਆ। ਜਨਾਨੀ ਕੇ ਕੋਵਿਡ ਸੈਂਟਰ ਲੈ ਜਾਣ ਨਾਲ ਭਾਰੀ ਘਬਰਾਹਟ 'ਚ ਆਏ ਉਸ ਦੇ 20 ਸਾਲਾ ਪੁੱਤਰ ਦੇ ਘਰ 'ਚ ਖ਼ੁਦਕੁਸ਼ੀ ਕਰ ਲਈ ਸੀ।
ਰੋਸ ਧਰਨੇ 'ਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਪਰੋਕਤ ਜਨਾਨੀ 30 ਅਗਸਤ ਨੂੰ ਕੋਰੋਨਾ ਪਾਜ਼ੇਟਿਵ ਆਈ ਸੀ।

ਇਹ ਵੀ ਪੜ੍ਹੋ: ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)

2 ਦਿਨ੍ਹਾਂ ਉਪਰੰਤ ਸਿਹਤ ਮਹਿਕਮੇ ਨੇ ਜਨਾਨੀ ਨੂੰ ਹੋਮ ਆਈਸੋਲੇਟ ਕਰਨ ਲਈ ਉਸ ਦੇ ਘਰ 'ਚ ਛੱਡਦੇ ਹੋਏ ਸੁਰੱਖਿਆ ਕਿੱਟ ਵੀ ਮੰਗਵਾਈ ਸੀ ਪਰ ਕੁਝ ਹੀ ਮਿੰਟਾਂ ਉਪਰੰਤ ਆਪਣੇ ਫ਼ੈਸਲੇ ਨੂੰ ਬਦਲਦੇ ਹੋਏ ਸਿਹਤ ਮੁਲਾਜ਼ਮ ਜਨਾਨੀ ਨੂੰ ਮੁੜ ਕੋਵਿਡ ਸੈਂਟਰ ਲੈ ਗਏ ਸਨ। ਇਸ ਦੌਰਾਨ ਜਨਾਨੀ ਦੇ ਪੁੱਤਰ ਨੇ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਤੋਂ ਮੰਗ ਕੀਤੀ ਸੀ ਕਿ ਉਸ ਦੀ ਮਾਂ ਨੂੰ ਹੋਮ ਆਈਸੋਲੇਟ ਕੀਤਾ ਜਾਵੇ ਪਰ ਟੀਮ ਘਰ 'ਚ ਆਈਸੋਲੇਟ ਦੀ ਸਹੂਲਤਾਂ ਨਾ ਹੋਣ ਦੇ ਚੱਲਦੇ ਜਨਾਨੀ ਕੋਵਿਡ ਸੈਂਟਰ ਲੈ ਗਏ। ਇਸ ਕਰਕੇ ਅਗਲੇ ਦਿਨ ਪੀੜਤ ਜਨਾਨੀ ਦੇ ਲੜਕੇ ਨੇ ਖ਼ੁਦਕੁਸ਼ੀ ਕਰ ਲਈ ਸੀ।

ਜ਼ਿਕਰਯੋਗ ਹੈ ਕਿ ਪੀੜਤ ਜਨਾਨੀ ਨੂੰ ਪੁੱਤਰ ਦੇ ਸੰਸਕਾਰ ਸਮੇਂ ਸੁਰੱਖਿਆ ਕਿੱਟ ਸਣੇ ਕੁਝ ਸਮੇਂ ਲਈ ਸ਼ਾਮਲ ਹੋਣ ਦਿੱਤਾ ਗਿਆ। ਜਿਸ ਉਪਰੰਤ ਮਹਿਲਾ ਨੂੰ ਮੁੜ ਕੋਵਿਡ ਸੈਂਟਰ ਲੈ ਗਏ ਪਰ ਬੁੱਧਵਾਰ ਕਰੀਬ 6 ਵਜੇ ਜਨਾਨੀ ਨੂੰ ਨਾ ਸਿਰਫ ਘਰ ਵਾਪਸ ਭੇਜ ਦਿੱਤਾ, ਸਗੋਂ ਪਾਜ਼ੇਟਿਵ ਦੱਸੀ ਗਈ ਜਨਾਨੀ ਨੂੰ ਸਿਹਤ ਮੁਲਾਜ਼ਮਾਂ ਵੱਲੋਂ ਘਰ ਤੋਂ 500 ਮੀਟਰ ਦੀ ਦੂਰੀ 'ਤੇ ਹੀ ਉਤਾਰ ਦਿੱਤਾ ਗਿਆ।

ਜਿਸ ਨਾਲ ਗੁੱਸਾਏ ਪਰਿਵਾਰ ਅਤੇ ਮੁਹੱਲਾ ਵਾਸੀਆਂ 'ਚ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪੈਦਾ ਹੋ ਗਿਆ ਅਤੇ ਉਨ੍ਹਾਂ ਵੱਲੋਂ ਬੁੱਧਵਾਰ ਦੇਰ ਸ਼ਾਮ ਨੂੰ ਮੁਹੱਲਾ ਸ੍ਰੀ ਗੁਰੂ ਰਵੀਦਾਸ ਤੋਂ ਚੰਡੀਗੜ੍ਹ ਚੌਂਕ ਤੱਕ ਰੋਸ ਮਾਰਚ ਕਰਦੇ ਹੋਏ ਚੌਂਕ 'ਚ ਟ੍ਰੈਫਿਕ ਜਾਮ ਲਗਾ ਦਿੱਤਾ ਗਿਆ। ਦੇਰ ਰਾਤ ਤੱਕ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਨਾ ਮੰਨੇ ਜਾਣ ਦੇ ਵਿਰੋਧ 'ਚ ਅੱਜ ਦੂਜੇ ਦਿਨ ਵੀ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਚੌਂਕ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਇਸ ਮਾਮਲੇ 'ਚ ਲਾਪਰਵਾਹੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇ।


shivani attri

Content Editor

Related News