ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ

Sunday, Oct 10, 2021 - 11:50 AM (IST)

ਜਲੰਧਰ (ਗੁਲਸ਼ਨ)– ਸ਼ਨੀਵਾਰ ਨੂੰ ਇਕ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਾ ਰਹਿਣ ਵਾਲਾ ਨਵਦੀਪ (35) ਆਪਣੇ ਚਾਚੇ ਰਾਜਵੀਰ ਸਿੰਘ ਨਾਲ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਵਿਚ ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਟਰੇਨ ਜਦੋਂ ਫਗਵਾੜਾ ਤੋਂ ਅੱਗੇ ਨਿਕਲੀ ਤਾਂ ਨਵਦੀਪ ਦੀ ਛਾਤੀ ਵਿਚ ਅਚਾਨਕ ਦਰਦ ਹੋਣ ਲੱਗਾ। ਉਸ ਨੇ ਆਪਣੇ ਚਾਚੇ ਨੂੰ ਇਸ ਬਾਰੇ ਦੱਸਿਆ। ਇਸ ਤੋਂ ਪਹਿਲਾਂ ਕਿ ਉਹ ਉਸ ਨੂੰ ਸੰਭਾਲ ਪਾਉਂਦੇ, ਉਹ ਬੇਹੋਸ਼ ਹੋ ਗਿਆ। ਟਰੇਨ ਦੇ ਸਟਾਫ਼ ਨੇ ਇਸ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੂੰ ਦਿੱਤੀ। 108 ਐਂਬੂਲੈਂਸ ਵੀ ਸਟੇਸ਼ਨ ’ਤੇ ਪਹੁੰਚ ਗਈ।

ਭਤੀਜੇ ਦੀ ਲਾਸ਼ ਡੇਢ ਘੰਟਾ ਪਲੇਟਫਾਰਮ 'ਤੇ ਲੈ ਕੇ ਬੈਠਾ ਰਿਹਾ ਚਾਚਾ
ਕੁਝ ਮਿੰਟਾਂ ਵਿਚ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੀ ਤਾਂ ਤੁਰੰਤ ਨਵਦੀਪ ਨੂੰ ਬਾਹਰ ਕੱਢ ਕੇ ਸਟਰੈਚਰ ’ਤੇ ਪਾਇਆ ਗਿਆ। ਰੇਲਵੇ ਹਸਪਤਾਲ ਤੋਂ ਇਕ ਮਹਿਲਾ ਸਟਾਫ਼ ਮੈਂਬਰ ਨੇ ਉਸ ਨੂੰ ਚੈੱਕ ਕੀਤਾ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਸਟੇਸ਼ਨ ਮਾਸਟਰ ਆਰ. ਕੇ. ਬਹਿਲ, ਡਿਪਟੀ ਐੱਸ. ਐੱਸ. ਰਾਕੇਸ਼ ਰਤਨ, ਕੰਪਲੇਂਟ ਇੰਸਪੈਕਟਰ ਮਨਮੋਹਨ ਸਿੰਘ ਸਮੇਤ ਆਰ. ਪੀ. ਐੱਫ. ਕਰਮਚਾਰੀ ਵੀ ਮੌਜੂਦ ਸਨ। ਆਪਣੀਆਂ ਅੱਖਾਂ ਸਾਹਮਣੇ ਭਤੀਜੇ ਨੂੰ ਦਮ ਤੋੜਦਿਆਂ ਵੇਖ ਕੇ ਚਾਚੇ ਰਾਜਵੀਰ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਉਹ ਭਤੀਜੇ ਦੀ ਲਾਸ਼ ਲੈ ਕੇ ਲਗਭਗ ਡੇਢ ਘੰਟਾ ਪਲੇਟਫਾਰਮ 1 ’ਤੇ ਹੀ ਬੈਠਾ ਰਿਹਾ।

ਇਹ ਵੀ ਪੜ੍ਹੋ: ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ 'ਜਲੰਧਰ', ਲੋਕ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ

PunjabKesari

ਇਸ ਤੋਂ ਬਾਅਦ ਮ੍ਰਿਤਕ ਦਾ ਭਰਾ ਅਤੇ ਹੋਰ ਰਿਸ਼ਤੇਦਾਰ ਵੀ ਅੰਮ੍ਰਿਤਸਰ ਤੋਂ ਇਥੇ ਪਹੁੰਚ ਗਏ। ਜਾਣਕਾਰੀ ਮੁਤਾਬਕ ਮ੍ਰਿਤਕ ਅਜੇ ਕੁਆਰਾ ਸੀ। ਉਸ ਦਾ ਇਕ ਛੋਟਾ ਭਰਾ ਵੀ ਹੈ। ਮ੍ਰਿਤਕ ਦੇ ਪਿਤਾ ਦਾ ਕਾਫ਼ੀ ਸਮਾਂ ਪਹਿਲਾਂ ਦਿਹਾਂਤ ਹੋ ਚੁੱਕਾ ਹੈ। ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਕੱਲ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਨਵਦੀਪ ਨੇ 8 ਦਿਨ ਲੰਗਰ ’ਚ ਕਾਫ਼ੀ ਸੇਵਾ ਕੀਤੀ : ਰਾਜਵੀਰ ਸਿੰਘ
ਮ੍ਰਿਤਕ ਦੇ ਚਾਚੇ ਰਾਜਵੀਰ ਸਿੰਘ ਨੇ ਕਿਹਾ ਕਿ ਉਹ ਇਕ ਅਕਤੂਬਰ ਨੂੰ ਦਿੱਲੀ ਧਰਨੇ ਵਿਚ ਸ਼ਾਮਲ ਹੋਣ ਗਏ ਸਨ। 8 ਦਿਨ ਰਹਿ ਕੇ ਦੋਵੇਂ ਸ਼ਨੀਵਾਰ ਵਾਪਸ ਮੁੜ ਰਹੇ ਸਨ। ਨਵਦੀਪ ਨੇ ਇਸ ਦੌਰਾਨ ਲੰਗਰ ਵਿਚ ਕਾਫ਼ੀ ਸੇਵਾ ਕੀਤੀ। ਸ਼ਨੀਵਾਰ ਸਵੇਰੇ 7 ਵਜੇ ਦੀ ਟਰੇਨ ’ਤੇ ਉਹ ਵਾਪਸ ਅੰਮ੍ਰਿਤਸਰ ਆ ਰਹੇ ਸਨ। ਉਨ੍ਹਾਂ ਕਿਹਾ ਕਿ ਨਵਦੀਪ ਕਾਫ਼ੀ ਸਿਹਤਮੰਦ ਸੀ। ਉਸ ਨੂੰ ਕਿਸੇ ਤਰ੍ਹਾਂ ਦੀ ਪਹਿਲਾਂ ਕੋਈ ਬੀਮਾਰੀ ਨਹੀਂ ਸੀ। ਮੌਕੇ ’ਤੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਨੌਜਵਾਨ ਦੀ ਸਾਈਲੈਂਟ ਅਟੈਕ ਹੋਣ ਨਾਲ ਮੌਤ ਹੋਈ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਵੱਲੋਂ ਕੀਤੀ ਗਈ 'ਭੁੱਖ ਹੜਤਾਲ' ਨੂੰ ਸੁਖਬੀਰ ਨੇ ਦੱਸਿਆ ਡਰਾਮਾ, ਕਿਹਾ-ਕਰ ਰਿਹੈ ਸਰਕਸ

PunjabKesari

ਜੇਕਰ ਟਿਕਟ ਦੀ ਬੁਕਿੰਗ ਕਰਵਾਈ ਹੁੰਦੀ ਤਾਂ ਮਿਲ ਸਕਦਾ ਸੀ ਮੁਆਵਜ਼ਾ
ਸੂਤਰਾਂ ਮੁਤਾਬਕ ਚਾਚੇ-ਭਤੀਜੇ ਦੋਵਾਂ ਕੋਲ ਟਰੇਨ ਦੀ ਟਿਕਟ ਨਹੀਂ ਸੀ, ਜੋਕਿ ਨਿਯਮਾਂ ਦੇ ਉਲਟ ਹੈ। ਜੇਕਰ ਇਨ੍ਹਾਂ ਕੋਲ ਵੈਲਿਡ ਟਿਕਟ ਹੁੰਦੀ ਤਾਂ ਇਨ੍ਹਾਂ ਨੂੰ ਰੇਲਵੇ ਵੱਲੋਂ ਮੁਆਵਜ਼ਾ ਵੀ ਮਿਲ ਸਕਦਾ ਸੀ ਕਿਉਂਕਿ ਬੁਕਿੰਗ ਵਾਲੀ ਟਿਕਟ ਵਿਚ ਯਾਤਰੀ ਦੇ ਬੀਮੇ ਦੇ ਕੁਝ ਰੁਪਏ ਵੀ ਸ਼ਾਮਲ ਹੁੰਦੇ ਹਨ ਪਰ ਜੇਕਰ ਕੋਈ ਅਣਹੋਣੀ ਹੁੰਦੀ ਹੈ ਤਾਂ ਸਲੈਬ ਦੇ ਅਨੁਸਾਰ ਮੁਆਵਜ਼ਾ ਲੱਖਾਂ ਰੁਪਏ ਵਿਚ ਮਿਲਦਾ ਹੈ।

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਲਖੀਮਪੁਰ ਘਟਨਾ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਲਈ 5-5 ਲੱਖ ਦੇਣ ਦਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News