3 ਭੈਣਾਂ ਦੇ ਇਕਲੌਤੇ ਭਰਾ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ
Monday, Dec 16, 2019 - 01:56 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਅਮਰੀਕਾ ਦੇ ਸਿਆਟਲ 'ਚ ਸੜਕ ਹਾਦਸਾ ਵਾਪਰਨ ਕਰਕੇ ਜ਼ਿਲਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੇ ਪਿੰਡ ਡੁਮਾਣਾ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲਖਵਿੰਦਰ ਸਿੰਘ ਲੱਖਾ ਪੁੱਤਰ ਜੋਗਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਤਿੰਨ ਭੈਣਾਂ ਦਾ ਇਕਲੌਤਾ ਭਰਾ ਲੱਖਾਂ 2008 'ਚ ਅਮਰੀਕਾ ਗਿਆ ਸੀ ਅਤੇ ਉਹ ਉੱਥੇ ਟਰਾਲਾ ਚਲਾਉਂਦਾ ਸੀ। ਨੌਜਵਾਨ ਦੇ ਪਰਿਵਾਰ ਨੂੰ ਅੱਜ ਸਵੇਰੇ ਮਿਲੀ ਮਨਹੂਸ ਸੂਚਨਾ ਨਾਲ ਪਿੰਡ 'ਚ ਮਾਤਮ ਛਾ ਗਿਆ।
ਮ੍ਰਿਤਿਕ ਦੇ ਚਾਚਾ ਅਤੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਮਿਲੀ ਸੂਚਨਾ ਮੁਤਾਬਕ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਲੱਖਾ ਆਪਣੇ ਟਰਾਲੇ ਨੂੰ ਸੜਕ ਕਿਨਾਰੇ ਪਾਰਕ ਕਰਕੇ ਲਾਈਟਾਂ ਚੈੱਕ ਕਰ ਰਿਹਾ ਸੀ। ਇਸੇ ਦੌਰਾਨ ਪਿੱਛੋਂ ਕਿਸੇ ਵਾਹਨ ਨੇ ਉਸ ਵਿੱਚ ਆ ਕੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੱਖਾ ਦੀ ਮਾਤਾ ਬਲਵਿੰਦਰ ਕੌਰ ਅਤੇ ਭੈਣਾਂ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ 11 ਸਾਲ ਬਾਅਦ ਲੋਹੜੀ ਨੂੰ ਘਰ ਆਉਣਾ ਸੀ ਪਰ ਇਸ ਹਾਦਸੇ ਨੇ ਉਨ੍ਹਾਂ ਦੀ ਦੁਨੀਆ ਉਜਾੜ ਦਿੱਤੀ ਹੈ।