ਸ਼ਰੇਆਮ ਕੁੜੀ ਦਾ ਰਾਹ ਰੋਕਣਾ ਮੁੰਡੇ ਨੂੰ ਪਿਆ ਮਹਿੰਗਾ, ਲੋਕਾਂ ਨੇ ਉਤਾਰਿਆ ਆਸ਼ਿਕੀ ਦਾ ਭੂਤ

Sunday, Mar 08, 2020 - 02:23 PM (IST)

ਸ਼ਰੇਆਮ ਕੁੜੀ ਦਾ ਰਾਹ ਰੋਕਣਾ ਮੁੰਡੇ ਨੂੰ ਪਿਆ ਮਹਿੰਗਾ, ਲੋਕਾਂ ਨੇ ਉਤਾਰਿਆ ਆਸ਼ਿਕੀ ਦਾ ਭੂਤ

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਦੇ ਫਗਵਾੜਾ ਚੌਕ ਨਾਲ ਲੱਗਦੇ ਪ੍ਰੇਮਗੜ੍ਹ ਨੂੰ ਜਾਣ ਵਾਲੀ ਸੜਕ 'ਤੇ ਬੀਤੇ ਦਿਨ ਮੀਂਹ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਨੌਜਵਾਨ ਬਦਤਮੀਜ਼ੀ ਨਾਲ ਪੇਸ਼ ਆਉਂਦੇ ਉੱਥੋਂ ਲੰਘ ਰਹੀ ਕੁੜੀ ਦਾ ਰਾਹ ਰੋਕ ਕੇ ਉਸ ਨੂੰ ਜ਼ਬਰਦਸਤੀ ਗੱਲ ਕਰਨ ਲਈ ਮਜਬੂਰ ਕਰਨ ਲੱਗਾ। ਕੁੜੀ ਦੇ ਵਾਰ-ਵਾਰ ਵਿਰੋਧ ਕਰਨ ਉੱਤੇ ਵੀ ਜਦੋਂ ਨੌਜਵਾਨ ਬਾਜ਼ ਨਾ ਆਇਆ ਤਾਂ ਉਸ ਦਾ ਰੌਲਾ ਸੁਣ ਕੇ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਸਿਰਫਿਰੇ ਆਸ਼ਿਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਨਸ਼ੇ 'ਚ ਧੁੱਤ ਨੌਜਵਾਨ 'ਤੇ ਜਦੋਂ ਇਸ ਦਾ ਕੋਈ ਅਸਰ ਨਾ ਹੋਇਆ ਤਾਂ ਲੋਕਾਂ ਨੇ ਉਸ ਦੀ ਜੰਮ ਕੇ ਛਿੱਤਰ-ਪਰੇਡ ਕੀਤੀ ਅਤੇ ਕਰੀਬ ਅੱਧੇ ਘੰਟੇ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਹਵਾਲੇ ਕਰ ਦਿੱਤਾ।

ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਪੀੜਤਾ ਕਿਸੇ ਦਫਤਰ 'ਚ ਕੰਮ ਕਰਦੀ ਹੈ ਅਤੇ ਰੋਜ਼ਾਨਾ ਬੱਸ 'ਚੋਂ ਉਤਰ ਕੇ ਪੈਦਲ ਹੀ ਆਪਣੇ ਦਫਤਰ ਇਸੇ ਸੜਕ ਰਾਹੀਂ ਜਾਂਦੀ ਹੈ। ਬੀਤੇ ਦਿਨ ਜਦੋਂ ਉਹ ਪ੍ਰੇਮਗੜ੍ਹ ਟੈਂਪੂ ਸਟੈਂਡ ਤੋਂ ਕੁਝ ਅੱਗੇ ਪਹੁੰਚੀ ਤਾਂ ਉਕਤ ਸਿਰਫਿਰੇ ਆਸ਼ਿਕ ਨੇ ਉਸ ਨੂੰ ਰੋਕ ਕੇ ਜ਼ਬਰਦਸਤੀ ਗੱਲ ਕਰਨ ਲਈ ਕਿਹਾ। ਜਦੋਂ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਉਸ ਦਾ ਪਿੱਛਾ ਕਰਦੇ ਹੋਏ ਮੰਦਰ ਨਜ਼ਦੀਕ ਪਹੁੰਚ ਗਿਆ ਅਤੇ ਵਾਰ-ਵਾਰ ਉਸ ਦਾ ਰਾਹ ਰੋਕ ਕੇ ਗੱਲ ਕਰਨ ਲਈ ਮਜਬੂਰ ਕਰਨ ਲੱਗਾ। ਮੌਕੇ ਦੇ ਗਵਾਹਾਂ ਅਨੁਸਾਰ ਲੜਕੀ ਵਾਰ-ਵਾਰ ਉਕਤ ਨੌਜਵਾਨ ਨੂੰ ਕਹਿ ਰਹੀ ਸੀ ਕਿ ਮੈਂ ਤੈਨੂੰ ਜਾਣਦੀ ਵੀ ਨਹੀਂ, ਫਿਰ ਕਿਉਂ ਅਤੇ ਕੀ ਗੱਲ ਕਰਾਂ? ਬਾਅਦ ਵਿਚ ਪੀੜਤ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਉੱਤੇ ਸੂਚਨਾ ਦਿੱਤੀ ਤਾਂ ਮੌਕੇ 'ਤੇ ਪੁੱਜੇ ਪਰਿਵਾਰਕ ਮੈਂਬਰ ਉਸ ਨੂੰ ਆਪਣੇ ਨਾਲ ਲੈ ਗਏ।

PunjabKesari

ਸ਼ਿਕਾਇਤ ਦੇ ਆਧਾਰ 'ਤੇ ਹੋਵੇਗੀ ਅਗਲੀ ਕਾਰਵਾਈ : ਥਾਣਾ ਮੁਖੀ
ਜਦੋਂ ਇਸ ਸਬੰਧੀ ਥਾਣਾ ਸਿਟੀ ਵਿਚ ਤਾਇਨਾਤ ਥਾਣਾ ਮੁਖੀ ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਉਕਤ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲਿਆਂਦਾ ਗਿਆ ਹੈ। ਲੜਕੀ ਨਾਲ ਬਦਤਮੀਜ਼ੀ ਕਰਨ ਵਾਲੇ ਨੌਜਵਾਨ ਖਿਲਾਫ਼ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਸਖਤ ਕਾਰਵਾਈ ਕਰੇਗੀ। ਪੁਲਸ ਦੋਸ਼ੀ ਨੌਜਵਾਨ ਕੋਲੋਂ ਪੁੱਛਗਿੱਛ ਕਰ ਰਹੀ ਹੈ।


author

shivani attri

Content Editor

Related News