ਵੀਡੀਓ ਬਣਾ ਰਹੇ 16 ਸਾਲਾ ਮੁੰਡੇ ਦੀ ਗੋਲ਼ੀ ਲੱਗਣ ਕਾਰਣ ਮੌਤ, ਰੋ-ਰੋ ਬੇਹਾਲ ਹੋਇਆ ਪਰਿਵਾਰ
Monday, Aug 16, 2021 - 07:00 PM (IST)

ਕੱਥੂਨੰਗਲ (ਕੰਬੋ, ਸਰਬਜੀਤ) : ਮਜੀਠਾ ਤੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਕੱਥੂਨੰਗਲ ਖ਼ੁਰਦ ਵਿਖੇ ਵੀਡੀਓ ਬਣਾਉਣ ਦੌਰਾਨ ਲਗਭਗ 16 ਸਾਲ ਨਾਬਾਲਗ ਮੁੰਡੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਰਨਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਕੱਥੂਨੰਗਲ ਖੁਰਦ ਜੋ ਕਿ ਆਪਣੇ ਗੁਆਂਢੀ ਗੁਰਮੇਜ ਸਿੰਘ ਦੀ 12 ਬੋਰ ਦੀ ਦੋਨਾਲੀ ਨਾਲ ਵੀਡੀਓ ਬਣਾ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਦੋਨਾਲੀ ’ਚੋਂ ਗੋਲ਼ੀ ਚੱਲ ਗਈ। ਇਸ ਦੌਰਾਨ ਗੋਲ਼ੀ ਕਰਨ ਦੇ ਜਾ ਲੱਗੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨੇ ਕਰਨ ਸਿੰਘ ਦਾ ਕਤਲ ਹੋਣ ਦਾ ਦੋਸ਼ ਲਗਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਾਣ ਬੁੱਝ ਕਰਨ ਗੋਲ਼ੀ ਚਲਾਈ ਗਈ ਹੈ ਅਤੇ ਉਨ੍ਹਾਂ ਦੇ ਬੱਚੇ ਦਾ ਕਤਲ ਕੀਤਾ ਗਿਆ ਹੈ। ਉਧਰ ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜਿੱਥੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ, ਉਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਕੁਵੈਤ ’ਚ ਵਾਪਰੇ ਹਾਦਸੇ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਗੁਰਮੁੱਖ ਸਿੰਘ ਦੀ ਮੌਤ
ਦੂਜੇ ਪਾਸੇ ਰਜਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਨੇ ਪੁਲਸ ਥਾਣਾ ਕੱਥੂਨੰਗਲ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਮਿਹਨਤ ਮਜਦੂਰੀ ਕਰਦਾ ਹੈ ਤੇ ਉਸ ਦੇ ਦੋ ਪੁੱਤਰ ਹਨ ਇਕ ਕਰਨਦੀਪ ਸਿੰਘ ਦੀ ਉਮਰ 16 ਸਾਲ ਤੇ ਛੋਟੇ ਲੜਕੇ ਕੁਲਦੀਪ ਸਿੰਘ ਦੀ ਉਮਰ 14 ਸਾਲ ਹੈ ਅਤੇ ਕਰਨਦੀਪ ਸਿੰਘ ਨੇ ਇਸ ਸਾਲ 10ਵੀਂ ਜਮਾਤ ਪਾਸ ਕੀਤੀ ਤੇ ਉਹ ਘਰ ਹੀ ਕੰਮ ਕਰਦਾ ਸੀ। ਉਸ ਨੇ ਦੱਸਿਆ ਅੱਜ ਸਵੇਰੇ ਕਰੀਬ ਛੇ ਵਜੇ ਪਿੰਡ ਦੇ ਹੀ ਚਾਰ ਲੜਕੇ ਸ਼ੇਰੂ ਪੁੱਤਰ ਸੁਖਵੰਤ ਸਿੰਘ, ਸੰਨੀ ਪੁੱਤਰ ਗੁਰਮੀਤ ਸਿੰਘ, ਵਿਸ਼ਾਲ ਪੁੱਤਰ ਕਸ਼ਮੀਰ ਸਿੰਘ ਤੇ ਮੰਗਲ ਪੁੱਤਰ ਗੁਲਜਾਰ ਸਿੰਘ ਉਸ ਦੇ ਘਰ ਆਏ ਤੇ ਬਹਾਨੇ ਨਾਲ ਕਰਨਦੀਪ ਨੂੰ ਆਪਣੇ ਨਾਲ ਲੈ ਗਏ। ਜਿਨ੍ਹਾਂ ’ਚੋਂ ਸ਼ੇਰੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਰਨਦੀਪ ਸਿੰਘ ਨੂੰ ਧੀਰ ਸਿੰਘ ਪੁੱਤਰ ਬਾਵਾ ਸਿੰਘ ਦੇ ਘਰ ਦੀ ਛੱਤ ਉਪਰ ਲਿਜਾਕੇ ਆਪਣੇ ਚਾਚੇ ਗੁਰਮੇਜ ਸਿੰਘ (ਸਾਬਕਾ ਫੌਜੀ) ਪੁੱਤਰ ਅਮਰੀਕ ਸਿੰਘ ਦੀ ਦੋਨਾਲੀ ਨਾਲ ਗੋਲ਼ੀ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿਤਾ।
ਇਹ ਵੀ ਪੜ੍ਹੋ : ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਕਾਂਡ ਦੀ ਜਾਂਚ ਤੇਜ਼, ਦਿੱਲੀ ਤੋਂ ਅੰਮ੍ਰਿਤਸਰ ਲਿਆਂਦਾ ਜਾਵੇਗਾ ਜੱਗੂ ਭਗਵਾਨਪੁਰੀਆ
ਗੋਲੀ ਲਗਣ ਉਪਰੰਤ ਉਕਤ ਲੜਕੇ ਕਰਨਦੀਪ ਸਿੰਘ ਨੂੰ ਜ਼ਖਮੀ ਹਾਲਤ ਵਿਚ ਮਾਤਾ ਕਰਤਾਰ ਕੌਰ ਮੈਮੋਰੀਅਲ ਹਸਪਤਾਲ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਲੈ ਗਏ, ਜਿਥੇ ਡਾਕਟਰਾਂ ਵਲੋ ਕਰਨਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਦੌਰਾਨ ਉਕਤ ਲੋਕ ਉਸ ਦੀ ਮ੍ਰਿਤਕ ਦੇਹ ਨੂੰ ਉਥੇ ਹੀ ਛੱਡ ਕੇ ਹਸਪਤਾਲ ਤੋਂ ਭੱਜ ਗਏ। ਥਾਣਾਂ ਕੱਥਨੂੰਨੰਗਲ ਦੀ ਪੁਲਸ ਵਲੋਂ ਮ੍ਰਿਤਕ ਦੇ ਪਿਤਾ ਰਜਿੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਕੱਥਨੂੰਨੰਗਲ ਵਿਖੇ ਚਾਰਾਂ ਲੜਕਿਆਂ ਦੇ ਖ਼ਿਲਾਫ਼ ਆਈ. ਪੀ. ਸੀ. ਦੀ. ਧਾਰਾ 302, 34 ਤੇ ਅਸਲਾ ਐਕਟ ਦੀ ਧਾਰਾ 25, 27 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਹੈ।
ਇਹ ਵੀ ਪੜ੍ਹੋ : ਇਕਲੌਤੇ ਪੁੱਤ ਦੀ ਭਾਲ ’ਚ ਲੱਗੇ ਪਰਿਵਾਰ ਦੀ ਟੁੱਟੀ ਆਸ, ਇਸ ਹਾਲਤ ’ਚ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਨੋਟ - ਨੌਜਵਾਨਾਂ ਵਲੋਂ ਵੀਡੀਓਜ਼ ਵਿਚ ਹਥਿਆਰਾਂ ਦੀ ਪੈਮਾਇਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।