ਭਾਰਤ ਦੀ ਜੇਲ ''ਚ ਜਨਮੀ ਹਿਨਾ, 11 ਸਾਲ ਬਾਅਦ ਮਾਂ ਤੇ ਮਾਸੀ ਨਾਲ ਪਾਕਿ ਰਵਾਨਾ (ਵੀਡੀਓ)

11/03/2017 11:04:53 AM

ਅੰਮ੍ਰਿਤਸਰ — ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ 11 ਸਾਲ ਦੀ ਸਜ਼ਾ ਪੂਰੀ ਕਰਨ ਵਾਲੀ ਪਾਕਿਸਤਾਨ ਦੀ ਮਹਿਲਾ ਫਾਤਿਮਾ ਦੀ ਬੇਟੀ ਹਿਨਾ ਆਪਣੀ ਮਾਂ ਤੇ ਮਾਸੀ ਨਾਲ ਪਾਕਿਸਤਾਨ ਰਵਾਨਾ ਹੋ ਗਈ ਹੈ। ਹਿਨਾ ਆਪਣੇ ਜਨਮ ਦਿਨ ਦੇ ਬਾਅਦ ਪਹਿਲੀ ਵਾਰ ਆਪਣੇ ਪਿਤਾ ਫੈਜ਼ ਉਲ ਰਹਿਮਾਨ ਦੀ ਸੂਰਤ ਦੇਖੇਗੀ। ਹਿਨਾ ਦੀ ਮਾਂ ਫਾਤਿਮਾ ਅਤੇ ਮਾਸੀ ਮੁਮਤਾਜ ਕਰੀਬ 11 ਸਾਲ ਪਹਿਲਾਂ ਭਾਰਤ ਆਈਆਂ ਸਨ ਅਤੇ ਇਸ ਦੌਰਾਨ ਹਿਨਾ ਦੀ ਨਾਨੀ ਰਾਸ਼ਿਦਾ ਬੀਬੀ ਵੀ ਇਨ੍ਹਾਂ ਦੇ ਨਾਲ ਸੀ ਪਰ ਇਨ੍ਹਾਂ ਤਿੰਨਾਂ ਨੂੰ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਅਟਾਰੀ ਸਰਹੱਦ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਸਮੇਂ ਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਹੋਈ ਉਸ ਸਮੇਂ ਫਾਤਿਮਾ ਗਰਭਵਤੀ ਸੀ ਅਤੇ ਲੁਧਿਆਣਾ ਦੀ ਜੇਲ ਵਿਚ ਹੀ ਫਾਤਿਮਾ ਨੇ ਹਿਨਾ ਨੂੰ ਜਨਮ  ਦਿੱਤਾ। ਇਸ ਪੂਰੇ ਪਰਿਵਾਰ ਦੀ ਰਿਹਾਈ ਤੋਂ ਪਹਿਲਾਂ ਜਗ ਬਾਣੀ ਦੇ ਪੱਤਰਕਾਰ ਰਿਮਾਂਸ਼ੂ ਗਾਬਾ ਨੇ ਹਿਨਾ ਅਤੇ ਉਸਦੀ ਮਾਂ ਫਾਤਿਮਾ ਅਤੇ ਮਾਸੀ ਮੁਮਤਾਜ  ਨਾਲ ਗੱਲਬਾਤ ਕੀਤੀ।

ਪਾਪਾ ਉਡੀਕ ਕਰ ਰਹੇ ਹਨ, ਜੀਜੂ ਨੇ ਫੋਨ, ਘੜੀ ਅਤੇ ਫਰਾਕ ਖਰੀਦ ਕੇ ਰੱਖੀ ਹੈ
ਸਵਾਲ : ਪਾਕਿਸਤਾਨ ਵਿਚ ਕੌਣ ਉਡੀਕ ਕਰ ਰਿਹਾ ਹੈ?
ਹਿਨਾ : ਮੇਰੇ ਪਾਪਾ, ਮੇਰੀਆਂ ਭੈਣਾਂ, ਮੇਰੇ ਭਰਾ, ਮੇਰੇ ਮਾਮੂ, ਮੇਰੇ ਜੀਜੂ ਮੇਰੀ ਲੰਮੇ ਸਮੇਂ ਤੋਂ  ਉਡੀਕ ਕਰ ਰਹੇ ਹਨ। ਉਹ ਮੈਨੂੰ ਜਾਨੇ ਜਿਗਰ ਅਤੇ ਦਿਲ ਦਾ ਟੁਕੜਾ ਕਹਿ ਕੇ ਯਾਦ ਕਰਦੇ ਹਨ। 
ਸਵਾਲ : ਤੁਹਾਨੂੰ ਪਾਕਿਸਤਾਨ 'ਚ ਕਿਹੜੇ ਤੋਹਫੇ ਮਿਲਣਗੇ?
ਹਿਨਾ : ਮੇਰੇ ਜੀਜੂ ਨੇ ਮੇਰੇ ਲਈ ਫੋਨ ਅਤੇ ਘੜੀ ਲੈ ਕੇ ਰੱਖੀ ਹੈ ਅਤੇ ਮੇਰੀਆਂ ਭੈਣਾਂ ਨੇ ਮੇਰੇ ਲਈ ਫਰਾਕਾਂ ਖਰੀਦੀਆਂ ਹੋਈਆਂ ਹਨ ਅਤੇ ਉਹ ਮੇਰੀ ਉਡੀਕ ਕਰ ਰਹੇ ਹਨ ਅਤੇ ਮੈਨੂੰ ਜਾਂਦੇ ਹੀ ਇਹ ਸਾਰੇ ਤੋਹਫੇ ਦਿੱਤੇ ਜਾਣਗੇ।
ਸਵਾਲ : ਕਦੇ ਪਾਪਾ ਜਾਂ ਹੋਰ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਹੈ?
ਹਿਨਾ : ਨਹੀਂ, ਮੈਂ ਉਨ੍ਹਾਂ ਨੂੰ ਸਿਰਫ ਤਸਵੀਰਾਂ ਵਿਚ ਦੇਖਿਆ ਹੈ। ਮੇਰੀ ਮਾਂ ਜੇਲ ਤੋਂ ਮੇਰੀਆਂ ਤਸਵੀਰਾਂ ਚਿੱਠੀ ਦੇ ਨਾਲ ਪਾਪਾ ਨੂੰ ਭੇਜਦੀ ਰਹੀ ਹੈ ਅਤੇ ਉਥੋਂ ਮੇਰੇ ਪਾਪਾ ਮੇਰੀਆਂ ਭੈਣਾਂ, ਭਰਾਵਾਂ, ਜੀਜੂ ਅਤੇ ਬਾਕੀ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਮੈਨੂੰ ਭੇਜਦੇ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਜ਼ਰੀਏ ਹੀ ਮੈਨੂੰ ਆਪਣੇ ਅੱਬੂ ਅਤੇ ਹੋਰ ਰਿਸ਼ਤੇਦਾਰਾਂ ਦੀ ਪਛਾਣ ਹੋਈ ਹੈ।
ਸਵਾਲ : ਵੱਡੀ ਹੋ ਕੇ ਕੀ ਬਣੇਂਗੀ?
ਹਿਨਾ : ਮੈਂ ਡਾਕਟਰ ਬਣਾਂਗੀ। ਪੁਲਸ ਨਹੀਂ ਬਣਾਂਗੀ। ਪੁਲਸ ਬਣੀ ਤਾਂ ਲੋਕਾਂ ਨੂੰ ਜੇਲ ਵਿਚ ਡੱਕਣਾ ਪਏਗਾ। ਉਨ੍ਹਾਂ ਨੂੰ ਪਰਿਵਾਰ ਤੋਂ ਅਲੱਗ ਕਰਨਾ ਪਏਗਾ। ਲੋਕ ਬਦਦੁਆਵਾਂ ਦੇਣਗੇ। ਡਾਕਟਰ ਬਣੀ ਤਾਂ ਲੋਕਾਂ ਦਾ ਇਲਾਜ ਕਰਾਂਗੀ। ਉਨ੍ਹਾਂ ਦੀਆਂ ਦੁਆਵਾਂ ਲਵਾਂਗੀ। 
ਸਵਾਲ : ਭਾਰਤ ਵਿਚ ਕੀ-ਕੀ ਸਿੱਖਿਆ?
ਹਿਨਾ : ਮੈਂ  ਇਥੇ ਪੰਜਾਬ ਦੀ ਸੰਸਕ੍ਰਿਤੀ ਸਿੱਖੀ, ਮੈਨੂੰ ਬੋਲੀਆਂ ਆਉਂਦੀਆਂ ਹਨ, ਗਿੱਧਾ ਆਉਂਦਾ ਹੈ।
ਸਵਾਲ : ਕੋਈ ਬੋਲੀ ਸੁਣਾਓ?
ਹਿਨਾ : 'ਹਰੇ-ਹਰੇ ਘਾਹ 'ਤੇ ਸੱਪ ਫੂਕਾਂ ਮਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ।'।
ਸਵਾਲ : ਦੁਬਾਰਾ ਭਾਰਤ ਆਉਣਾ ਚਾਹੋਗੀ?
ਹਿਨਾ : ਨਹੀਂ, ਮੇਰਾ ਪਰਿਵਾਰ ਪਾਕਿਸਤਾਨ ਵਿਚ ਹੈ। ਮੈਂ ਭਾਰਤ ਨਹੀਂ ਆਵਾਂਗੀ। ਮੇਰੇ ਇਥੇ ਬਹੁਤ ਸਾਰੇ ਦੋਸਤ ਹਨ। ਮੈਂ ਚਾਹਾਂਗੀ ਕਿ ਉਹ ਮੈਨੂੰ ਮਿਲਣ ਪਾਕਿਸਤਾਨ ਆਉਣ।

ਜੇਲ ਵਿਚ ਰਹਿੰਦੇ ਦੋ ਬੇਟੀਆਂ ਦੇ ਵਿਆਹ ਹੋ ਗਏ, ਦੋਹਤੀਆਂ ਨੂੰ ਪਹਿਲੀ ਵਾਰ ਮਿਲੇਗੀ ਫਾਤਿਮਾ
ਫਾਤਿਮਾ ਜਦੋਂ ਭਾਰਤ ਆਈ ਸੀ ਤਾਂ ਗਰਭਵਤੀ ਹੋਣ ਦੇ ਨਾਲ-ਨਾਲ ਪਾਕਿਸਤਾਨ ਵਿਚ ਉਸਦੇ ਦੋ ਬੇਟੇ ਅਤੇ 4 ਬੇਟੀਆਂ ਸਨ। 4 ਬੇਟੀਆਂ ਦੀ ਉਮਰ 2 ਸਾਲ, 8 ਸਾਲ, 9 ਸਾਲ ਅਤੇ 10 ਸਾਲ ਸੀ, ਜਦਕਿ ਬੇਟਿਆਂ ਦੀ ਉਮਰ 3 ਤੇ 5 ਸਾਲ ਸੀ। ਫਾਤਿਮਾ ਦੇ ਜੇਲ ਵਿਚ ਰਹਿੰਦੇ ਹੋਏ ਇਨ੍ਹਾਂ ਵਿਚੋਂ 2 ਬੇਟੀਆਂ ਦਾ ਵਿਆਹ ਹੋ ਗਿਆ ਹੈ। ਫਾਤਿਮਾ ਦੀ ਵੱਡੀ ਬੇਟੀ ਨੇ 2 ਅਤੇ ਛੋਟੀ ਬੇਟੀ ਨੇ ਇਕ ਬੇਟੀ ਨੂੰ ਜਨਮ ਵੀ ਦੇ ਦਿੱਤਾ ਹੈ ਅਤੇ ਫਾਤਿਮਾ ਨੇ ਆਪਣੀਆਂ ਦੋਹਤੀਆਂ ਦਾ ਮੂੰਹ ਵੀ ਨਹੀਂ ਦੇਖਿਆ। ਫਾਤਿਮਾ ਅੱਜ ਪਹਿਲੀ ਵਾਰ ਪਾਕਿਸਤਾਨ ਵਿਚ ਜਾ ਕੇ ਆਪਣੀਆਂ ਦੋਹਤੀਆਂ ਦਾ ਮੂੰਹ ਦੇਖੇਗੀ। ਲਿਹਾਜ਼ਾ ਉਹ ਵੀ ਰਿਹਾਈ ਤੋਂ ਪਹਿਲਾਂ ਭਾਵੁਕ ਹੋ ਗਈ।
ਫਾਤਿਮਾ ਦੇ ਜੇਲ ਵਿਚ ਰਹਿੰਦੇ ਹੀ ਭਾਰਤ ਵਿਚ ਉਸਦੀ ਮਾਂ ਰਾਸ਼ਿਮਾ ਬੀਬੀ ਦੀ ਮੌਤ ਹੋਈ ਅਤੇ ਜਦੋਂ ਰਾਸ਼ਿਦਾ ਦੀ ਲਾਸ਼ ਪਾਕਿਸਤਾਨ ਪਹੁੰਚੀ ਤਾਂ ਹਾਰਟ ਅਟੈਕ ਨਾਲ ਫਾਤਿਮਾ ਦੇ ਪਿਤਾ ਦੀ ਵੀ ਮੌਤ ਹੋ ਗਈ। ਫਾਤਿਮਾ ਕਹਿੰਦੀ ਹੈ ਕਿ ਭਾਰਤ ਦੀ ਜੇਲ ਵਿਚ ਉਸਦੇ ਨਾਲ ਬਹੁਤ ਚੰਗਾ ਸਲੂਕ ਹੋਇਆ ਪਰ ਉਸਦੀ ਜ਼ਿੰਦਗੀ ਦਾ ਇਕ ਹਿੱਸਾ ਭਾਰਤ ਦੀ ਜੇਲ ਵਿਚ ਕੱਟ ਗਿਆ ਅਤੇ ਇਸ ਦੌਰਾਨ ਉਸਨੇ ਆਪਣੇ ਮਾਂ-ਬਾਪ ਵੀ ਗੁਆ ਲਏ। ਲਿਹਾਜ਼ਾ ਮੈਂ ਦੁਬਾਰਾ ਭਾਰਤ ਨਹੀਂ ਆਉਣਾ ਚਾਹਾਂਗੀ। ਫਾਤਿਮਾ ਨੇ ਆਪਣੀ ਬੇਟੀ ਹਿਨਾ ਨੂੰ ਜੇਲ ਵਿਚ ਨਾਲ ਰੱਖਣ ਲਈ ਸਹਿਯੋਗ ਦੇਣ ਵਾਲੀ ਐਡਵੋਕੇਟ ਨਵਜੋਤ ਕੌਰ ਚੱਬਾ ਅਤੇ ਸਜ਼ਾ ਦੇ ਨਾਲ ਹੋਏ ਜੁਰਮਾਨੇ ਦੀ ਰਕਮ ਅਦਾ ਕਰਨ ਵਾਲੇ ਨਵਤੇਜ ਸਿੰਘ ਗੁੱਗੂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਮਦਦ ਤੋਂ ਬਿਨਾਂ ਉਨ੍ਹਾਂ ਦੀ ਜੇਲ ਤੋਂ ਰਿਹਾਈ ਬਹੁਤ ਮੁਸ਼ਕਿਲ ਸੀ।

ਰਿਹਾਅ ਹੋਣ ਦੋਵਾਂ ਪਾਸਿਆਂ ਦੇ ਕੈਦੀ : ਮੁਮਤਾਜ
ਫਾਤਿਮਾ ਅਤੇ ਹਿਨਾ ਦੇ ਨਾਲ ਜੇਲ ਕੱਟਣ ਵਾਲੀ ਉਸਦੀ ਮਾਸੀ ਮੁਮਤਾਜ ਨੇ ਕਿਹਾ ਕਿ  ਇਥੇ ਸਰਹੱਦ 'ਤੇ ਕੰਡਿਆਲੀ ਤਾਰ ਤਾਂ ਲੱਗੀ ਹੈ ਪਰ ਖੂਨ ਦੋਵੇਂ ਪਾਸੇ ਇਕੋ ਜਿਹਾ ਹੈ। ਲਿਹਾਜ਼ਾ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰਨੇ ਚਾਹੀਦੇ ਹਨ। ਦੋਵਾਂ ਦੇਸ਼ਾਂ ਦੀਆਂ ਜੇਲਾਂ ਵਿਚ ਬੰਦ ਅਜਿਹੇ ਕੈਦੀ ਰਿਹਾਅ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਕਿ ਉਹ ਆਪਣੇ ਪਰਿਵਾਰਾਂ ਨਾਲ ਮਿਲ ਸਕਣ।

ਨਵਜੋਤ ਅਦਾਲਤ 'ਚ ਲੜੀ ਤਾਂ ਕਿ ਮਾਂ ਦੇ ਨਾਲ ਰਹੇ ਬੱਚੀ
ਜੇਲ ਵਿਚ ਆਪਣੀ ਮਾਂ ਦੇ ਨਾਲ ਰਹਿਣ ਵਾਲੀ ਹਿਨਾ ਦੀ ਉਮਰ ਜਦੋਂ 5 ਸਾਲ ਦੀ ਹੋਈ ਤਾਂ ਜੇਲ ਪ੍ਰਸ਼ਾਸਨ ਨੇ ਉਸਨੂੰ ਚਾਈਲਡ ਕੇਅਰ ਸੈਂਟਰ ਵਿਚ ਭੇਜਣ ਦੀ ਤਿਆਰੀ ਕਰ ਲਈ। ਅਜਿਹੇ ਵਿਚ ਐਡਵੋਕੇਟ ਨਵਜੋਤ ਕੌਰ ਚੱਬਾ ਨੇ ਇਸ ਮਾਮਲੇ ਵਿਚ ਕੇਸ ਲੜਿਆ ਅਤੇ ਹਿਨਾ ਨੂੰ ਆਪਣੀ ਮਾਂ ਨਾਲ ਰਹਿਣ ਲਈ ਅਦਾਲਤ ਤੋਂ ਹੁਕਮ ਹਾਸਲ ਕੀਤਾ। ਨਵਜੋਤ ਚੱਬਾ ਨੇ ਦਲੀਲ ਦਿੱਤੀ ਕਿ ਇਕ ਮਾਂ ਨੂੰ ਉਸਦੀ ਬੇਟੀ ਤੋਂ ਜੁਦਾ ਨਹੀਂ ਕੀਤਾ ਜਾਣਾ ਚਾਹੀਦਾ।  ਭਾਰਤ ਦੇ ਹੋਰਨਾਂ ਕੈਦੀਆਂ ਦੀ ਤੁਲਨਾ ਵਿਚ ਇਸ ਮਾਮਲੇ ਨੂੰ ਵੱਖਰੇ ਨਜ਼ਰੀਏ ਨਾਲ ਵੇਖਣਾ ਚਾਹੀਦਾ ਹੈ।
ਜੇਲ ਪ੍ਰਸ਼ਾਸਨ ਨੇ ਹਿਨਾ ਨੂੰ ਪੜ੍ਹਾਇਆ
ਹਿਨਾ ਪੰਜਵੀਂ ਕਲਾਸ ਤੱਕ ਦੀ ਪੜ੍ਹਾਈ ਕਰ ਚੁੱਕੀ ਹੈ ਅਤੇ ਇਸ ਮਾਮਲੇ ਵਿਚ ਜੇਲ ਪ੍ਰਸ਼ਾਸਨ ਨੇ ਹਿਨਾ ਦੇ ਪ੍ਰਤੀ  ਸਦਭਾਵਨਾ ਭਰਿਆ ਰਵੱਈਆ ਅਪਣਾਉਂਦੇ ਹੋਏ ਉਸਦੀ ਪੂਰੀ ਮਦਦ ਕੀਤੀ। ਜੇਲ ਪ੍ਰਸ਼ਾਸਨ ਨੇ ਹੀ ਮਾਮਲੇ ਨੂੰ ਵਿਦੇਸ਼ ਮੰਤਰਾਲੇ ਦੇ ਸਾਹਮਣੇ ਉਠਾਇਆ ਅਤੇ ਇਸ ਪਾਕਿਸਤਾਨੀ ਪਰਿਵਾਰ ਦੀ ਰਿਹਾਈ ਯਕੀਨੀ ਹੋ ਸਕੀ।


Related News