ਭਾਰਤ-ਪਾਕਿ ਸਰਹੱਦ ''ਤੇ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼, ਹਥਿਆਰਾਂ ਦਾ ਜ਼ਖੀਰਾ ਬਰਾਮਦ
Tuesday, Feb 06, 2018 - 06:38 PM (IST)
ਗੁਰਦਾਸਪੁਰ (ਵਿਨੋਦ) : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਮੰਗਲਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਅੱਤਵਾਦੀਆਂ ਦੀ ਪੰਜਾਬ 'ਚ ਖਤਰਨਾਕ ਹਥਿਆਰ ਭੇਜਣ ਦੀ ਸਾਜ਼ਿਸ਼ ਨੂੰ ਅਸਫ਼ਲ ਕਰਕੇ ਵੱਡੀ ਮਾਤਰਾਂ 'ਚ ਹਥਿਆਰ ਅਤੇ ਹੈਂਡ ਗ੍ਰੇਡ ਬਰਾਮਦ ਕਰਨ ਵਿਚ ਸਫ਼ਲਤਾਂ ਪ੍ਰਾਪਤ ਕੀਤੀ ਹੈ। ਲੰਬੇ ਸਮੇਂ ਬਾਅਦ ਭਾਰਤ-ਪਾਕਿਸਤਾਨ ਸਰਹੱਦ 'ਤੇ ਏ.ਕੇ 47 ਰਾਈਫਲ ਵਰਗੇ ਹਥਿਆਰ ਬਰਾਮਦ ਹੋਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਹੈਡਕੁਆਰਟਰ ਦੇ ਡੀ.ਆਈ.ਜੀ ਰਾਜੇਸ ਸ਼ਰਮਾ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸੀਮਾ 'ਤੇ ਕੱਸੋਵਾਲ ਬੀ.ਓ.ਪੀ (ਬਾਰਡਰ ਆਬਜ਼ਰਵੇਸ਼ਨ ਪੋਸਟ) 'ਤੇ ਬੀ. ਐੱਸ. ਐੱਫ. ਦੀ 164 ਬਟਾਲੀਅਨ ਤਾਇਨਾਤ ਹੈ। ਬੀਤੀ ਰਾਤ ਕੱਸੋਵਾਲ ਬੀ.À.ਪੀ ਦੇ ਸਾਹਮਣੇ ਅੰਤਰਰਾਸ਼ਟਰੀ ਸਰਹੱਦ 'ਤੇ ਜਵਾਨਾਂ ਨੇ ਕੁਝ ਹਲਚਲ ਮਹਿਸੂਸ ਕੀਤੀ ਸੀ ਪਰ ਸੰਘਣੀ ਧੁੰਦ ਕਾਰਨ ਜਵਾਨ ਰਾਤ ਨੂੰ ਕੋਈ ਕਾਰਵਾਈ ਨਹੀਂ ਕਰ ਸਕੇ ਪਰ ਕਮਾਂਡੈਂਟ ਰਾਜਪਾਲ ਸਿੰਘ ਨੇ ਇਸ ਸੰਬੰਧੀ ਸਾਰੇ ਇਲਾਕੇ ਦੀ ਘੇਰਾਬੰਦੀ ਕਰਵਾ ਦਿੱਤੀ ਸੀ।
ਡੀ.ਆਈ.ਜੀ ਰਾਜੇਸ ਸ਼ਰਮਾ ਅਨੁਸਾਰ ਮੰਗਲਵਾਰ ਸਵੇਰ ਤੋਂ ਹੀ ਸੀਮਾ ਸੁਰੱਖਿਆ ਬਲ ਦੇ ਜਵਾਨ ਕਮਾਂਡੈਂਟ ਰਾਜਪਾਲ ਸਿੰਘ ਦੀ ਦੇਖਰੇਖ ਵਿਚ ਇਲਾਕੇ ਵਿਚ ਤਾਲਾਸ਼ੀ ਅਭਿਆਨ ਚਲਾਏ ਹੋਏ ਸੀ। ਦੁਪਹਿਰ ਲਗਭਗ 2 ਵਜੇ ਕੇ 10 ਮਿੰਟ 'ਤੇ ਜਾਂਚ ਕਰ ਰਹੇ ਕੁੱਤੇ ਨੇ ਅਚਾਨਕ ਹੀ ਕੁਝ ਸਾਮਾਨ ਦੀ ਭਾਲ ਕੀਤੀ ਪਰ ਜਿਵੇਂ ਹੀ ਜਵਾਨਾਂ ਨੇ ਕੁੱਤੇ ਵਲੋਂ ਫੜੇ ਸਾਮਾਨ ਦੀ ਜਾਂਚ ਕੀਤੀ ਤਾਂ ਸਾਰੇ ਜਵਾਨ ਹੈਰਾਨ ਰਹਿ ਗਏ।
ਡੀ.ਆਈ.ਜੀ ਰਾਜੇਸ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਸਾਮਾਨ ਵਿਚ ਏ.ਕੇ 47 ਰਾਈਫਲਾਂ-3, ਪਿਸਟਲ-2, ਹੈਂਡ ਗ੍ਰੇਡ-6, ਏ.ਕੇ -47 ਰਾਈਫਲ ਦੀਆਂ ਗੋਲੀਆਂ-150, ਪਿਸਟਲ ਦੀਆਂ 100 ਗੋਲੀਆਂ, ਏ.ਕੇ-47 ਰਾਈਫਲ ਦੇ 6 ਮੈਗਜ਼ੀਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਹ ਸਾਮਾਨ ਨਿਸ਼ਚਿਤ ਰੂਪ ਵਿਚ ਸੀਮਾ ਪਾਰ ਤੋਂ ਆਇਆ ਹੈ ਅਤੇ ਅੱਤਵਾਦੀਆਂ ਦੀ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਅਜੇ ਵੀ ਇਲਾਕੇ 'ਚ ਤਾਲਾਸ਼ੀ ਅਭਿਆਨ ਜਾਰੀ ਹੈ।
