ਕੌਮਾਂਤਰੀ ਸਰਹੱਦ ਦੇ 1 ਕਿਲੋਮੀਟਰ ਦੇ ਘੇਰੇ ਅੰਦਰ ਆਉਣ-ਜਾਣ ''ਤੇ ਪਾਬੰਦੀ
Monday, Sep 30, 2019 - 05:16 PM (IST)

ਜਲਾਲਾਬਾਦ (ਬੰਟੀ) : ਜ਼ਿਲਾ ਮੈਜਿਸਟਰੇਟ ਮਨਪ੍ਰੀਤ ਸਿੰਘ ਛੱਤਵਾਲ ਨੇ ਫੌਜਦਾਰੀ ਸੰਘਤਾ ਜ਼ਾਬਤਾ 1973 ਦੀ ਧਾਰਾ 144 ਤਹਿਤ ਅੰਤਰਰਾਸ਼ਟਰੀ ਸਰਹੱਦ ਨੇੜੇ 1 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੀਆਂ ਡਰੇਨਾਂ, ਨਹਿਰਾਂ, ਬੀ.ਐੱਸ.ਐੱਫ. ਅਤੇ ਮਿਲਟਰੀ ਇਲਾਕੇ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਮੰਤਵ ਤਹਿਤ ਆਮ ਲੋਕਾਂ ਲਈ ਇਨ੍ਹਾਂ ਥਾਵਾਂ 'ਤੇ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਆਉਣ-ਜਾਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 30 ਨੰਬਰ 2019 ਤੱਕ ਲਾਗੂ ਰਹਿਣਗੇ।
ਜ਼ਿਲਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਵਿਚ ਕਿਹਾ ਕਿ ਜ਼ਿਲਾ ਫਾਜ਼ਿਲਕਾ ਵਿਚ ਪਾਕਿਸਤਾਨ ਦੇ ਨੇੜੇ ਲੱਗਦੇ ਅੰਤਰਰਾਸ਼ਟਰੀ ਸਰਹੱਦ, ਐੱਨ.ਐੱਚ. ਲੁਧਿਆਣਾ ਵਾਇਆ ਫਿਰੋਜ਼ਪੁਰ ਤੋਂ ਲਾਧੂਕਾ ਅਤੇ ਫਾਜ਼ਿਲਕਾ ਤੋਂ ਅਬੋਹਰ ਰੋਡ, 1 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੀਆਂ ਡਰੇਨਾਂ, ਨਹਿਰਾਂ ਵਿਚ ਅਮਨ ਤੇ ਸ਼ਾਂਤੀ ਬਣਾਈ ਰੱਖਣ ਅਤੇ ਬੀ.ਐੱਸ.ਐੱਫ. ਤੇ ਮਿਲਟਰੀ ਏਰੀਏ ਵਿਚ ਸੁਰੱਖਿਆ ਪੁਖਤਾ ਕਰਨ ਦੇ ਮੰਤਵ ਨੂੰ ਲੈ ਕੇ ਉਕਤ ਨਿਰਧਾਰਤ ਸਮੇਂ ਦੌਰਾਨ ਪਾਬੰਦੀ ਲਗਾਈ ਜਾਂਦੀ ਹੈ। ਇਹ ਹੁਕਮ ਫੌਜ, ਬੀ. ਐੱਸ. ਐਫ., ਪੁਲਸ, ਠੇਕੇਦਾਰ ਅਤੇ ਮਜ਼ਦੂਰ, ਜੋ ਮਿਲਟਰੀ ਏਰੀਆ ਵਿਚ ਮਜ਼ਦੂਰੀ ਦਾ ਕੰਮ ਕਰਦੇ ਹੋਣ ਜਾਂ ਜ਼ਿਲਾ ਮੈਜਿਸਟਰੇਟ ਜਾਂ ਸਮਰੱਥ ਅਧਿਕਾਰੀ ਵੱਲੋਂ ਜਾਰੀ ਪਰਮਿਟ ਵਾਲੇ ਵਿਅਕਤੀਆਂ 'ਤੇ ਲਾਗੂ ਨਹੀਂ ਹੋਣਗੇ।