PGI 'ਚ ਬਣੇਗਾ ਬੱਚਿਆਂ ਲਈ 'ਬੋਨ ਮੈਰੋ ਟਰਾਂਸਪਲਾਂਟ' ਸੈਂਟਰ, ਉੱਤਰੀ ਭਾਰਤ 'ਚ ਹੋਵੇਗਾ ਪਹਿਲਾ ਕੇਂਦਰ

11/28/2022 2:04:52 PM

ਚੰਡੀਗੜ੍ਹ (ਪਾਲ) : ਜੇਕਰ ਸਭ ਕੁੱਝ ਯੋਜਨਾ ਅਨੁਸਾਰ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਪੀ. ਜੀ. ਆਈ. ਦਾ ਆਪਣਾ ਬੋਨ ਮੈਰੋ ਟਰਾਂਸਪਲਾਂਟ ਸੈਂਟਰ ਹੋਵੇਗਾ। ਹਾਲਾਂਕਿ ਪੀ. ਜੀ. ਆਈ. 'ਚ ਬੋਨ ਮੈਰੋ ਟਰਾਂਸਪਲਾਂਟ ਪਿਛਲੇ ਕੁੱਝ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਪਰ ਇਹ ਸਿਰਫ਼ ਬਾਲਗਾਂ ਲਈ ਹੈ। ਇਹ ਟਰਾਂਸਪਲਾਂਟ ਸੈਂਟਰ ਬੱਚਿਆਂ ਲਈ ਸਮਰਪਿਤ ਹੋਵੇਗਾ। ਪੀ. ਜੀ. ਆਈ. ਐਡਵਾਂਸ ਪੀਡੀਐਟ੍ਰਿਕ ਸੈਂਟਰ ਦੇ ਐੱਚ. ਓ. ਡੀ. ਡਾ. ਸੁਰਜੀਤ ਸਿੰਘ ਅਨੁਸਾਰ ਸਾਨੂੰ ਪਿਛਲੇ ਕਾਫ਼ੀ ਸਮੇਂ ਤੋਂ ਇਸ ਦੀ ਲੋੜ ਸੀ, ਜਿਸ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਪੀ. ਜੀ. ਆਈ. ਕੋਲ ਹਨ, ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਸਾਡੇ ਕੋਲ ਇਹ ਕੇਂਦਰ ਹੋਣਾ ਚਾਹੀਦਾ ਹੈ, ਜਿੱਥੇ ਸਿਰਫ਼ ਬੱਚਿਆਂ ਦਾ ਬੋਨ ਮੈਰੋ ਟਰਾਂਸਪਲਾਂਟ ਹੁੰਦਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਮਾਨ ਸਰਕਾਰ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ

ਅਜੇ ਜਿੰਨੇ ਟਰਾਂਸਪਲਾਂਟ ਕੀਤੇ ਜਾ ਰਹੇ ਹਨ, ਉਹ ਵੱਡਿਆਂ ਦੇ ਹਨ, ਇਹ ਗਿਣਤੀ ਜ਼ਿਆਦਾ ਨਹੀਂ ਹੋ ਸਕਦੀ। ਬੱਚਿਆਂ ਅਤੇ ਵੱਡਿਆਂ ਲਈ ਪ੍ਰਕਿਰਿਆ ਇੱਕੋ ਸਮੇਂ ਨਹੀਂ ਕੀਤੀ ਜਾ ਸਕਦੀ। ਇਸ 'ਚ ਕਈ ਗੁੰਝਲਾਂ ਹੋ ਸਕਦੀਆਂ ਹਨ। ਸਾਡੇ ਕੋਲ 150 ਬੱਚੇ ਹਨ, ਜਿਨ੍ਹਾਂ ਨੂੰ ਬੋਨ ਮੈਰੋ ਟਰਾਂਸਪਲਾਂਟ ਦੀ ਲੋੜ ਹੈ, ਜੋ ਇਕ ਸਾਲ ਦੇ ਅੰਦਰ ਹੋਣੇ ਹਨ। ਉਨ੍ਹਾਂ ਕਿਹਾ ਕਿ ਔਖੀ ਗੱਲ ਇਹ ਹੈ ਕਿ ਦੇਸ਼ 'ਚ ਕੁੱਝ ਹੀ ਇਹੋ ਜਿਹੇ ਕੇਂਦਰ ਹਨ, ਜਿਨ੍ਹਾਂ 'ਚ ਬੱਚਿਆਂ ਲਈ ਅਜਿਹੀਆਂ ਸਮਰਪਿਤ ਸਹੂਲਤਾਂ ਹਨ। ਪ੍ਰਾਈਵੇਟ ਸੈਕਟਰਾਂ 'ਚ ਇਸਦੀ ਕੀਮਤ ਬਹੁਤ ਜ਼ਿਆਦਾ ਹੈ। ਸਰਕਾਰੀ ਖੇਤਰ 'ਚ ਇਸ ਨੂੰ ਵਧਾਉਣ ਦੀ ਲੋੜ ਹੈ। ਪੀ. ਜੀ. ਆਈ. 'ਚ ਟਰਾਂਸਪਲਾਂਟ 8 ਤੋਂ 10 ਲੱਖ ਰੁਪਏ ਦਾ ਹੋ ਸਕੇਗਾ, ਜੋ ਬਾਹਰ ਇਸ ਤੋਂ ਕਿਤੇ ਜ਼ਿਆਦਾ ਮਹਿੰਗਾ ਹੁੰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਖ਼ਤਰਨਾਕ ਗੈਂਗਸਟਰਾਂ-ਤਸਕਰਾਂ ਦੀ ਉੱਡੀ ਰਾਤਾਂ ਦੀ ਨੀਂਦ, ਲਿਆ ਗਿਆ ਵੱਡਾ ਫ਼ੈਸਲਾ
ਏ. ਪੀ. ਸੀ. ਦੀ ਛੇਵੀਂ ਮੰਜ਼ਿਲ ’ਤੇ ਬਣਾਉਣ ਦੀ ਯੋਜਨਾ
ਐਡਵਾਂਸ ਪੀਡੀਐਟ੍ਰਿਕ ਸੈਂਟਰ ਨੂੰ ਛੇਵੀਂ ਮੰਜ਼ਿਲ ’ਤੇ ਬਣਾਉਣ ਦੀ ਯੋਜਨਾ ਹੈ। ਇਸ ਸਮੇਂ ਇਹ ਪ੍ਰਸਤਾਵ ਪੀ. ਜੀ. ਆਈ. ਦੀ ਕਮੇਟੀ 'ਚ ਹੈ, ਇਸ ਨੂੰ ਮੰਤਰਾਲੇ ਨੂੰ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਟਰਾਂਸਪਲਾਂਟ ਏਮਜ਼ 'ਚ ਕੀਤੇ ਜਾਂਦੇ ਹਨ ਪਰ ਬੱਚਿਆਂ ਲਈ ਕੋਈ ਵੱਖਰਾ ਨਹੀਂ ਹੈ। ਇਹ ਸਹੂਲਤ ਮੁੰਬਈ 'ਚ ਸਰਕਾਰੀ ਖੇਤਰ 'ਚ ਉਪਲੱਬਧ ਹੈ। ਅਸੀਂ ਸਿਰਫ਼ ਬੱਚਿਆਂ ਲਈ ਇਹ ਸਹੂਲਤ ਮੁਹੱਈਆ ਕਰਨ ਵਾਲੇ ਉੱਤਰੀ ਭਾਰਤ 'ਚ ਪਹਿਲੇ ਹੋਵਾਂਗੇ। ਕੇਂਦਰ ਲਈ ਸਾਰੇ ਇੰਜੀਨੀਅਰਿੰਗ ਪਲਾਨ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਸ ਲਈ ਮੈਨ ਪਾਵਰ, ਜਿਸ 'ਚ ਡਾਕਟਰ, ਨਰਸਿੰਗ ਅਤੇ ਹੋਰ ਸਟਾਫ਼ ਦੀ ਵੀ ਲੋੜ ਹੋਵੇਗੀ, ਦਾ ਫ਼ੈਸਲਾ ਦੂਜੀ ਕਮੇਟੀ ਕੋਲ ਜਾਣ ਤੋਂ ਬਾਅਦ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News