ਬੰਬ ਦੀ ਅਫਵਾਹ ਕਾਰਨ ਹੰਗਾਮਾ

Saturday, May 05, 2018 - 03:41 AM (IST)

ਬਠਿੰਡਾ(ਬਲਵਿੰਦਰ)-ਅੱਜ ਇਥੇ ਬੰਬ ਦੀ ਖ਼ਬਰ ਮਿਲਦਿਆਂ ਹੀ ਹੰਗਾਮਾ ਹੋ ਗਿਆ, ਜੋ ਬੰਬ ਦੀ ਬਜਾਏ ਇਕ ਭੁਲੇਖਾ ਹੀ ਨਿਕਲਿਆ। ਹੋਇਆ ਇੰਝ ਕਿ ਬਾਅਦ ਦੁਪਹਿਰ ਡਾਕ ਘਰ ਮੁੱਖ ਦਫ਼ਤਰ ਬਠਿੰਡਾ ਦੀ ਡਾਕ 'ਚ ਪਏ ਇਕ ਪੈਕਟ 'ਚੋਂ ਅਚਾਨਕ ਟੂੰ-ਟੂੰ ਦੀ ਆਵਾਜ਼ ਆਉਣ ਲੱਗੀ। ਬੰਬ ਹੋਣ ਦੇ ਡਰ ਸਦਕਾ ਉਨ੍ਹਾਂ ਪੈਕਟ ਨੂੰ ਚੁੱਕ ਕੇ ਬਾਹਰ ਰੱਖ ਦਿੱਤਾ। ਇਹ ਪੈਕਟ ਸ਼ਟਰ ਪ੍ਰੋਟੈਕਸ਼ਨ ਰਾਮਾਂ ਵੱਲੋਂ ਅਮਿਤ ਗੌਤਮ, ਵ੍ਰਿੰਦਾਵਨ ਨੂੰ ਭੇਜਿਆ ਜਾ ਰਿਹਾ ਸੀ। ਸਬੰਧਤ ਵਿਅਕਤੀ ਦਾ ਫੋਨ ਨੰਬਰ ਪੈਕਟ 'ਤੇ ਲਿਖਿਆ ਹੋਇਆ ਸੀ। ਸੰਪਰਕ ਕਰਨ 'ਤੇ ਕਿਸੇ ਨੇ ਫੋਨ ਨਹੀਂ ਚੁੱਕਿਆ। ਡਾਕ ਘਰ ਪ੍ਰਸ਼ਾਸਨ ਵੱਲੋਂ ਪੁਲਸ ਚੌਕੀ ਕਚਹਿਰੀ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਚੌਕੀ ਇੰਚਾਰਜ ਗਣੇਸ਼ਵਰ ਦੱਤ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ। ਉਨ੍ਹਾਂ ਉਕਤ ਫੋਨ 'ਤੇ ਸੰਪਰਕ ਕੀਤਾ ਤਾਂ ਅੱਗੇ ਸ਼ਟਰ ਪ੍ਰੋਟੈਕਸ਼ਨ ਰਾਮਾਂ ਦੇ ਮਾਲਕ ਨੇ ਗੱਲ ਕੀਤੀ, ਜਿਸ ਨੇ ਦੱਸਿਆ ਕਿ ਪੈਕਟ 'ਚ ਬੰਬ ਨਹੀਂ, ਸਗੋਂ ਸ਼ਟਰ ਪ੍ਰੋਟੈਕਸ਼ਨ ਲਾਕ ਹੈ, ਜੋ ਬਿਨਾਂ ਚਾਬੀ ਖੋਲ੍ਹੇ ਜਾਣ ਦੀ ਕੋਸ਼ਿਸ਼ ਸਦਕਾ ਬੀਪ ਕਰਨ ਲੱਗਦਾ ਹੈ। ਹੋ ਸਕਦਾ ਹੈ ਕਿਸੇ ਖਰਾਬੀ ਕਾਰਨ ਇਹ ਪੈਕਟ ਵਿਚ ਬੀਪ ਕਰਨ ਲੱਗਾ। ਇਸ ਨੂੰ ਖੋਲ੍ਹ ਕੇ ਇਸ ਦਾ ਫਿਊਜ਼ ਕੱਢ ਦਿੱਤਾ ਜਾਵੇ ਤਾਂ ਇਹ ਬੰਦ ਹੋ ਜਾਵੇਗਾ। ਉਨ੍ਹਾਂ ਮੌਕੇ 'ਤੇ ਆਪਣਾ ਇਕ ਮੁਲਾਜ਼ਮ ਵੀ ਭੇਜਿਆ, ਜੋ ਲਾਕ ਵਾਪਸ ਲੈ ਗਿਆ। ਗਣੇਸ਼ਵਰ ਦੱਤ ਨੇ ਦੱਸਿਆ ਕਿ ਬੰਬ ਦਾ ਭੁਲੇਖਾ ਪੈ ਗਿਆ ਸੀ ਪਰ ਮਸਲਾ ਹੱਲ ਹੋ ਗਿਆ। ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਵੀ ਨਹੀਂ, ਇਸ ਲਈ ਕੋਈ ਕਾਰਵਾਈ ਦੀ ਜ਼ਰੂਰਤ ਵੀ ਨਹੀਂ ਪਈ।


Related News