ਅਰਚਨਾ ਪੂਰਨ ਸਿੰਘ ਤੇ ਸ਼ੇਖਰ ਸੁਮਨ ਦੀ ਜਲੰਧਰ ਕੋਰਟ ’ਚ ਹੋਈ ਵਰਚੂਅਲ ਪੇਸ਼ੀ, ਜਾਣੋ ਕੀ ਹੈ ਮਾਮਲਾ
Thursday, May 19, 2022 - 01:40 PM (IST)
ਜਲੰਧਰ (ਜਤਿੰਦਰ, ਭਾਰਦਵਾਜ) : ਸਾਬਕਾ ਡਿਵੀਜ਼ਨਲ ਕਮਿਸ਼ਨਰ ਸਵਰਨ ਸਿੰਘ ਦੇ ਮਾਮਲੇ ਵਿਚ ਜ਼ਿਲਾ ਸੈਸ਼ਨ ਜੱਜ ਰੁਪਿੰਦਰਜੀਤ ਚਾਹਲ ਦੀ ਅਦਾਲਤ ਵਿਚ ਬਾਲੀਵੁੱਡ ਅਦਾਕਾਰ ਅਤੇ ਕਮੇਡੀ ਵਿਦ ਕਪਿਲ ਸ਼ਰਮਾ ਸ਼ੋਅ ਦੀ ਹੋਸਟ ਅਰਚਨਾ ਪੂਰਨ ਸਿੰਘ ਅਤੇ ਸ਼ੇਖਰ ਸੁਮਨ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਅੱਜ ਅਦਾਲਤ ’ਚ ਹੋਈ ਹੈ। ਇਸ ਮਾਮਲੇ ’ਚ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਦੇ ਐਂਟਰਟੇਨਮੈਂਟ ਘਪਲੇ ’ਚ ਬਤੌਰ ਗਵਾਹ ਉਨ੍ਹਾਂ ਦੀ ਗਵਾਹੀ ਦਰਜ ਹੋਈ ਹੈ। ਕੋਰਟ ’ਚ ਅਦਾਕਾਰਾ ਅਰਚਨਾ ਪੂਰਨ ਸਿੰਘ ਅਤੇ ਸ਼ੇਖਰ ਸੁਮਨ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਇਸੇ ਮਾਮਲੇ ਵਿਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਦੇ ਵੀ ਬਿਆਨ ਦਰਜ ਕਰਵਾਏ ਗਏ ਸਨ।
ਇਹ ਵੀ ਪੜ੍ਹੋ: ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਪਹੁੰਚੀ ਫ਼ਿਲਮ ‘ਧਾਕੜ’ ਟੀਮ, ਅਦਾਕਾਰਾਂ ਨੇ ਕੀਤੀ ਗੰਗਾ ਆਰਤੀ
ਜ਼ਿਕਰਯੋਗ ਹੈ ਕਿ ਖਟਕੜ ਕਲਾਂ 2011 ’ਚ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਸ਼ਤਾਬਦੀ ਸਮਾਰੋਹ ’ਚ ਸ਼ੇਖਰ ਸੁਮਨ, ਅਰਚਨਾ ਪੂਰਨ ਸਿੰਘ, ਉਦਿਤ ਨਾਰਾਇਣ, ਹੰਸਰਾਜ ਹੰਸ, ਸਾਧਨਾ ਸਰਗਮ, ਪੰਮੀ ਬਾਈ, ਪ੍ਰੇਮ ਚੋਪੜਾ, ਉੱਤਮ ਸਿੰਘ ਸਮੇਤ ਕਈ ਬਾਲੀਵੁੱਡ ਕਲਾਕਾਰਾਂ ਨੂੰ ਸੱਦਿਆ ਗਿਆ ਸੀ। ਇਸ ਪ੍ਰੋਗਰਾਮ ਨੂੰ ਪੰਜਾਬ ਆਰਟ ਐਂਡ ਕਲਚਰ ਵਿਭਾਗ ਨੇ ਆਯੋਜਿਤ ਕਰਵਾਇਆ ਸੀ। ਇਸ ’ਤੇ ਲਗਭਗ 3.15 ਕਰੋੜ ਰੁਪਏ ਦਾ ਖ਼ਰਚ ਕੀਤਾ ਗਿਆ ਸੀ । ਉਥੇ ਹੀ ਦੋਸ਼ ਹੈ ਕਿ ਤਤਕਾਲਿਨ ਡਿਵੀਜ਼ਨਲ ਕਮਿਸ਼ਨਰ ਸਵਰਨ ਸਿੰਘ ਨੇ ਕਲਾਕਾਰਾਂ ਨੂੰ ਘੱਟ ਪੈਸਾ ਦੇ ਕੇ ਖਾਤਿਆਂ ’ਚ ਜ਼ਿਆਦਾ ਦਿਖਾ ਕੇ 1.40 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਐਂਟਰਟੇਨਮੈਂਟ ਦੇ ਨਾਂ ’ਤੇ ਹੋਇਆ ਇਹ ਘਪਲਾ ਪੰਜਾਬ ਵਿਜ਼ੀਲੈਂਸ ਕੋਲ ਹੋਣ ਦੇ ਨਾਲ-ਨਾਲ ਈ. ਡੀ. ਕੋਲ ਵੀ ਦਰਜ ਹੈ।
ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਨੇ ਸਟ੍ਰੈਪਲੈੱਸ ਰੈੱਡ ਪਲੇਟੇਡ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ
ਐਡਵੋਕੇਟ ਅੰਕੁਰ ਬਾਂਸਲ ਨੇ ਦੱਸਿਆ ਕਿ ਬੁੱਧਵਾਰ ਨੂੰ ਅਭਿਨੇਤਰੀ ਅਰਚਨਾ ਪੂਰਨ ਸਿੰਘ ਤੇ ਅਭਿਨੇਤਾ ਸ਼ੇਖਰ ਸੁਮਨ ਨੇ ਬਿਆਨ ਦਰਜ ਕਰਵਾਏ ਸਨ। ਅਰਚਨਾ ਪੂਰਨ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਸ਼ਤਾਬਦੀ ਸਮਾਰੋਹ ’ਚ ਸੱਭਿਆਚਾਰਕ ਸਮਾਗਮ ਵਿਚ ਪੇਸ਼ਕਾਰੀ ਦੇ ਬਦਲੇ ਡੇਢ ਲੱਖ ਰੁਪਏ ਦਿੱਤੇ ਗਏ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਸਾਥੀ ਹਾਸ ਕਲਾਕਾਰ ਸ਼ੇਖਰ ਸੁਮਨ ਨੂੰ ਕਿੰਨੇ ਪੈਸੇ ਦਿੱਤੇ ਗਏ ਸਨ ਤਾਂ ਅਰਚਨਾ ਪੂਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਢਾਈ ਲੱਖ ਰੁਪਏ ਦਿੱਤੇ ਗਏ ਸਨ। ਜਿੰਨਾ ਪੈਸਾ ਸਰਕਾਰੀ ਰਿਕਾਰਡ ਵਿਚ ਦਿਖਾਇਆ ਗਿਆ ਹੈ ਅਤੇ ਓਨੇ ਪੈਸੇ ਉਨ੍ਹਾਂ ਨੂੰ ਮਿਲੇ ਹਨ। ਅਦਾਲਤ ਨੇ ਹੁਣ ਇਸ ਮਾਮਲੇ ਵਿਚ ਬਾਕੀ ਗਵਾਹੀਆਂ ਲਈ 15 ਜੁਲਾਈ ਦੀ ਤਰੀਖ਼ ਤੈਅ ਕੀਤੀ ਹੈ।
ਇਹ ਵੀ ਪੜ੍ਹੋ: ਸੋਨਾਰਿਕਾ ਭਦੌਰੀਆ ਦੀ ਹੋਈ ਮੰਗਣੀ, ਮੰਗੇਤਰ ਨੇ ਗੋਡਿਆਂ ਭਾਰ ਬੈਠ ਕੇ ਪਾਈ ਅੰਗੂਠੀ