10ਵੀਂ ਤੇ 12ਵੀਂ ਦੀ ਪ੍ਰੈਕਟੀਕਲ ਪ੍ਰੀਖਿਆ ਦੀ ਡੇਟਸ਼ੀਟ ਜਾਰੀ

01/24/2018 7:54:47 AM

ਮੋਹਾਲੀ  (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦੀ ਮਾਰਚ ਮਹੀਨੇ ਵਿਚ ਹੋਣ ਵਾਲੀ ਸਾਲਾਨਾ ਪ੍ਰੈਕਟੀਕਲ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਸ ਸਬੰਧ ਵਿਚ ਅੱਜ ਇਥੇ ਸਿੱਖਿਆ ਬੋਰਡ ਦੇ ਬੁਲਾਰੇ ਕੋਮਲ ਸਿੰਘ ਨੇ ਦੱਸਿਆ ਕਿ ਪ੍ਰਯੋਗੀ ਪ੍ਰੀਖਿਆ ਦੀ ਮਿਤੀ, ਸਮਾਂ ਅਤੇ ਕੇਂਦਰ ਸਬੰਧੀ ਜਾਣਕਾਰੀ ਪ੍ਰੀਖਿਆ ਕੇਂਦਰ ਦੇ ਕੰਟਰੋਲਰ ਜਾਂ ਸੁਪਰਡੈਂਟ ਵਲੋਂ ਲਿਖਤੀ ਪ੍ਰੀਖਿਆ ਦੌਰਾਨ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਡੇਟਸ਼ੀਟ ਸਬੰਧੀ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਦੀ ਸਾਲਾਨਾ ਪ੍ਰਯੋਗੀ ਪ੍ਰੀਖਿਆ ਅਨੁਸਾਰ ਵਿਗਿਆਨ, ਕੰਪਿਊਟਰ ਸਾਇੰਸ, ਸਿਹਤ ਵਿਗਿਆਨ, ਕਟਾਈ ਤੇ ਸਿਲਾਈ, ਗ੍ਰਹਿ ਵਿਗਿਆਨ, ਖੇਤੀਬਾੜੀ ਅਤੇ ਪ੍ਰੀ-ਵੋਕੇਸ਼ਨਲ ਵਿਸ਼ਿਆਂ ਦਾ ਸਮਾਂ 3 ਘੰਟੇ ਹੋਵੇਗਾ, ਜੋ ਕਿ ਸਵੇਰੇ 9 ਤੋਂ 12 ਵਜੇ ਤਕ ਅਤੇ ਦੁਪਹਿਰ 1 ਤੋਂ 4 ਵਜੇ ਤਕ ਦਾ ਹੈ। ਇਸੇ ਤਰ੍ਹਾਂ ਗਣਿਤ ਦੀ ਪ੍ਰਯੋਗੀ ਪ੍ਰੀਖਿਆ ਦਾ ਸਮਾਂ 2 ਘੰਟੇ ਹੋਵੇਗਾ, ਜੋ ਸਵੇਰੇ 9 ਤੋਂ 11 ਅਤੇ ਦੁਪਹਿਰ 12 ਤੋਂ 2 ਵਜੇ ਤਕ ਹੋਵੇਗਾ ਅਤੇ ਸੰਗੀਤ (ਵਾਦਨ,ਗਾਇਨ ਤੇ ਤਬਲਾ) ਲਈ ਸਮਾਂ 20 ਮਿੰਟ ਦਾ ਹੈ, ਜੋ ਸਵੇਰੇ 9 ਤੋਂ 9:20 ਵਜੇ ਤਕ ਅਤੇ 10 ਤੋਂ 10:20 ਵਜੇ ਤਕ ਦਾ ਹੋਵੇਗਾ। ਸਿਹਤ ਤੇ ਸਰੀਰਕ ਸਿੱਖਿਆ, ਮਕੈਨੀਕਲ ਡਰਾਇੰਗ ਤੇ ਚਿੱਤਰਕਲਾ ਦਾ ਸਮਾਂ 4 ਘੰਟੇ ਦਾ ਹੋਵੇਗਾ, ਜੋ ਕਿ ਸਵੇਰੇ 8 ਤੋਂ 12 ਵਜੇ ਅਤੇ ਦੁਪਹਿਰ 1 ਤੋਂ 5 ਵਜੇ ਤਕ ਹੋਵੇਗਾ। ਉਨ੍ਹਾਂ ਦੱਸਿਆ ਕਿ 2 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤਕ ਗਣਿਤ ਤੇ ਸਾਇੰਸ ਦੇ 12 ਬੈਚਾਂ ਦੀ ਪ੍ਰਯੋਗੀ ਪ੍ਰੀਖਿਆ ਹੋਵੇਗੀ ਤੇ ਹਰ ਰੋਜ਼ ਦੋਵਾਂ ਵਿਸ਼ਿਆਂ ਦੇ 2-2 ਬੈਚਾਂ ਦਾ ਪ੍ਰੈਕਟੀਕਲ ਲਿਆ ਜਾਵੇਗਾ। 9 ਤੋਂ 27 ਅਪ੍ਰੈਲ ਤਕ ਕੰਪਿਊਟਰ ਸਾਇੰਸ, ਸਿਹਤ ਤੇ ਸਰੀਰਕ ਸਿੱਖਿਆ, ਮਕੈਨੀਕਲ ਸਾਇੰਸ, ਚਿਤਰਕਲਾ, ਸੰਗੀਤ (ਤਬਲਾ) ਅਤੇ (ਵਾਦਨ), ਸੰਗੀਤ (ਗਾਇਨ), ਗ੍ਰਹਿ ਵਿਗਿਆਨ, ਕਟਾਈ ਤੇ ਸਿਲਾਈ, ਖੇਤੀਬਾੜੀ, ਵਿਦੇਸ਼ੀ ਭਾਸ਼ਾਵਾਂ, ਸਿਹਤ ਵਿਗਿਆਨ ਤੇ ਪ੍ਰੀ-ਵੋਕੇਸ਼ਨਲ ਵਿਸ਼ੇ, ਐੱਨ. ਐੱਸ. ਕਿਊ. ਐੱਫ. ਅਤੇ ਬਾਕੀ ਰਹਿੰਦੇ ਸਾਰੇ ਪ੍ਰਯੋਗੀ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।
ਉਨ੍ਹਾਂ ਦੱਸਿਆ ਕਿ 12ਵੀਂ ਜਮਾਤ ਲਈ ਆਨ ਦੀ ਜੌਬ ਟ੍ਰੇਨਿੰਗ 7 ਅਪ੍ਰੈਲ ਤੋਂ 1 ਮਈ ਤਕ ਕਰਵਾਈ ਜਾਵੇਗੀ। ਡਰਾਇੰਗ ਐਂਡ ਪੇਂਟਿੰਗ, ਵਪਾਰਕ ਕਲਾ, ਮਾਡਲਿੰਗ ਤੇ ਮੂਰਤੀ ਕਲਾ ਲਈ 8 ਘੰਟੇ ਦਾ ਸਮਾਂ ਹੋਵੇਗਾ। ਸਵੇਰ ਦੇ ਸੈਸ਼ਨ ਵਿਚ 9 ਤੋਂ 1 ਵਜੇ ਤਕ ਅਤੇ ਸ਼ਾਮ ਦੇ ਸੈਸ਼ਨ ਵਿਚ 2 ਤੋਂ 6 ਵਜੇ ਤਕ ਇਹ ਪ੍ਰੀਖਿਆ ਹੋਵੇਗੀ। ਸਰੀਰਕ ਸਿੱਖਿਆ ਅਤੇ ਖੇਡਾਂ ਲਈ 4 ਘੰਟੇ ਦੀ ਪ੍ਰੀਖਿਆ ਹੋਵੇਗੀ, ਜਿਸ ਵਿਚ ਖੇਡਾਂ ਸਵੇਰੇ 9 ਤੋਂ 11 ਵਜੇ ਤਕ ਅਤੇ ਅਥਲੈਟਿਕ ਦੁਪਹਿਰ 1 ਤੋਂ 3 ਵਜੇ ਤਕ ਹੋਵੇਗੀ। ਵਿਦੇਸ਼ੀ ਭਾਸ਼ਾਵਾਂ ਲਈ 9 ਮਿੰਟ, ਸੰਗੀਤ ਲਈ 20 ਮਿੰਟ, ਫੰਡਾਮੈਂਟਲਜ਼ ਆਫ ਈ ਬਿਜ਼ਨੈੱਸ ਅਤੇ ਅਕਾਊਂਟੈਂਸੀ ਲਈ ਡੇਢ ਘੰਟਾ, ਕਮਰਸ਼ੀਅਲ ਆਰਟ ਅਤੇ ਡਰਾਇੰਗ, ਡਿਜ਼ਾਈਨ ਅਤੇ ਲੇਅ-ਆਊਟ ਲਈ 5 ਘੰਟੇ ਦਾ ਸਮਾਂ ਰੱਖਿਆ ਗਿਆ ਹੈ। 7 ਅਪ੍ਰੈਲ ਤੋਂ 13 ਅਪ੍ਰੈਲ ਤਕ ਬਾਕੀ ਰਹਿੰਦੇ ਸਾਰੇ ਗਰੁੱਪਾਂ ਦੇ ਵਿਸ਼ਿਆਂ ਦੀ ਪ੍ਰਯੋਗੀ ਪ੍ਰੀਖਿਆ ਪ੍ਰੀਖਿਆਰਥੀਆਂ ਦੀ ਸੁਵਿਧਾ ਅਨੁਸਾਰ ਗਰੁੱਪ ਬਣਾ ਕੇ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਫੰਡਾਮੈਂਟਲਜ਼ ਆਫ ਈ ਬਿਜ਼ਨੈੱਸ ਤੇ ਅਕਾਊਂਟੈਂਸੀ ਦੀ ਪ੍ਰੀਖਿਆ 2 ਤੋਂ 6 ਅਪ੍ਰੈਲ ਤਕ ਹੋਵੇਗੀ। ਹਿਊਮੈਨਟੀਜ਼ ਗਰੁੱਪ ਵਿਚ ਗ੍ਰਹਿ ਵਿਗਿਆਨ ਦੀ ਪ੍ਰੀਖਿਆ 2 ਤੇ 3 ਅਪ੍ਰੈਲ ਨੂੰ, ਐਗਰੀਕਲਚਰ ਗਰੁੱਪ ਅਤੇ ਬਿਜ਼ਨੈੱਸ ਐਂਡ ਕਾਮਰਸ ਗਰੁੱਪ ਦੀ ਪ੍ਰਯੋਗੀ ਪ੍ਰੀਖਿਆ 2 ਤੋਂ 4 ਅਪ੍ਰੈਲ ਨੂੰ, ਇੰਜੀਨੀਅਰਿੰਗ ਤੇ ਟੈਕਨਾਲੋਜੀ ਗਰੁੱਪ ਦੀ ਪ੍ਰੀਖਿਆ 2 ਤੋਂ 4 ਅਪ੍ਰੈਲ ਨੂੰ ਅਤੇ ਹੋਮ ਸਾਇੰਸ ਗਰੁੱਪ ਦੇ ਵਿਸ਼ਿਆਂ ਦੀ ਪ੍ਰਯੋਗੀ ਪ੍ਰੀਖਿਆ ਵੀ 2 ਤੋਂ 4 ਅਪ੍ਰੈਲ ਨੂੰ ਹੋਵੇਗੀ।


Related News