ਮਕਸੂਦਾਂ ਪੁਲਸ ਥਾਣੇ ’ਤੇ ਹਮਲੇ ਦਾ ਮਾਮਲੇ ''ਚ NIA ਅਦਾਲਤ ਵਲੋਂ 7 ਮੁਲਜ਼ਮਾਂ ਖਿਲਾਫ ਦੋਸ਼ ਤੈਅ

Friday, Oct 11, 2019 - 12:38 AM (IST)

ਮਕਸੂਦਾਂ ਪੁਲਸ ਥਾਣੇ ’ਤੇ ਹਮਲੇ ਦਾ ਮਾਮਲੇ ''ਚ NIA ਅਦਾਲਤ ਵਲੋਂ 7 ਮੁਲਜ਼ਮਾਂ ਖਿਲਾਫ ਦੋਸ਼ ਤੈਅ

ਮੋਹਾਲੀ, (ਕੁਲਦੀਪ)-ਪਿਛਲੇ ਸਾਲ ਜਲੰਧਰ ਵਿਚ ਮਕਸੂਦਾਂ ਪੁਲਸ ਥਾਣੇ ’ਤੇ ਗ੍ਰਨੇਡ ਨਾਲ ਹਮਲੇ ਸਬੰਧੀ 2 ਵੱਖ-ਵੱਖ ਕੇਸਾਂ ਵਿਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਕੁਲ 7 ਮੁਲਜ਼ਮਾਂ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਨੇ ਜਿਨ੍ਹਾਂ ਮੁਲਜ਼ਮਾਂ ਖਿਲਾਫ ਦੋਸ਼ ਤੈਅ ਕੀਤੇ ਗਏ ਹਨ, ਉਨ੍ਹਾਂ ਵਿਚ ਜਾਹਿਦ ਗੁਲਜ਼ਾਰ ਵਾਸੀ ਰਾਜਪੁਰਾ ਜ਼ਿਲਾ ਪੁਲਵਮਾ, ਯਾਸਿਰ ਰਾਫਿਕ ਭੱਟ ਵਾਸੀ ਨੂਰਪੁਰਾ ਜ਼ਿਲਾ ਪੁਲਵਾਮਾ, ਮੁਹੰਮਦ ਇਦਰੀਸ਼ ਸ਼ਾਹ ਵਾਸੀ ਪੁਲਵਾਮਾ, ਸੋਹੇਲ ਅਹਿਮਦ, ਫਾਜਿਲ ਬਸ਼ੀਰ ਪਿੰਚੂ, ਸ਼ਾਹਿਦ ਕਿਊਮ, ਆਮਿਰ ਨਾਜਿਰ ਮੀਰ ਦੇ ਨਾਂ ਸ਼ਾਮਲ ਹਨ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 2 ਨਵੰਬਰ ਤਰੀਕ ਨਿਸ਼ਚਿਤ ਕਰ ਦਿੱਤੀ ਹੈ। ਹੁਣ ਇਸ ਕੇਸ ਵਿਚ ਗਵਾਹੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਕ-ਇਕ ਕਰ ਕੇ ਸਾਰੇ ਗਵਾਹ ਅਦਾਲਤ ਵਿਚ ਆਪਣੀ ਗਵਾਹੀ ਦੇਣਗੇ।

ਜ਼ਿਕਰਯੋਗ ਹੈ ਕਿ 14 ਸਤੰਬਰ 2018 ਨੂੰ ਜਲੰਧਰ ਦੇ ਮਕਸੂਦਾਂ ਪੁਲਸ ਸਟੇਸ਼ਨ ਦੀ ਇਮਾਰਤ ’ਤੇ ਗ੍ਰਨੇਡ ਨਾਲ ਹਮਲਾ ਹੋਇਆ ਸੀ। ਉਸ ਹਮਲੇ ਵਿਚ ਇਕ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਿਆ ਸੀ। ਪੁਲਸ ਨੇ ਉਸ ਹਮਲੇ ਸਬੰਧੀ ਆਈ. ਪੀ. ਸੀ., ਐਕਸਪਲੋਸਿਵ ਸਬਸਟੈਂਸਿਵ ਐਕਟ ਅਤੇ ਅਨਲਾਫੁੱਲ ਐਕਟੀਵਿਟੀਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਸ ਵਲੋਂ ਮੁਢਲੀ ਜਾਂਚ ਕਰਨ ਉਪਰੰਤ ਦਸੰਬਰ ਮਹੀਨੇ ਵਿਚ ਉਸ ਹਮਲੇ ਦੀ ਜਾਂਚ ਐੱਨ. ਆਈ. ਏ. ਨੂੰ ਸੌਂਪ ਦਿੱਤੀ ਗਈ ਸੀ। ਏਜੰਸੀ ਨੇ ਉਕਤ ਹਮਲੇ ਵਿਚ ਕਸ਼ਮੀਰੀ ਅੱਤਵਾਦੀ ਸੰਗਠਨ ਅੰਸਾਰ ਗਜਵਤ-ਉਲ-ਹਿੰਦ ਨੂੰ ਮੁਲਜ਼ਮ ਪਾਇਆ ਸੀ ਅਤੇ ਏਜੰਸੀ ਨੇ 2 ਮੁਲਜ਼ਮਾਂ ਫਾਜਿਲ ਬਸ਼ੀਰ ਪਿੰਚੂ ਅਤੇ ਸ਼ਾਹਿਦ ਕਿਊਮ ਨੂੰ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਏਜੰਸੀ ਨੇ ਆਮਿਰ ਨਜੀਰ ਮੀਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ ਤੋਂ ਗ੍ਰਿਫਤਾਰ ਕੀਤਾ ਸੀ, ਜੋ ਕਿ ਪੁਲਵਾਮਾ ਜ਼ਿਲੇ ਦੇ ਆਵੰਤੀਪੋਰਾ ਦੇ ਡਾਡਸਾਰਾ ਦਾ ਵਸਨੀਕ ਹੈ।


author

DILSHER

Content Editor

Related News