4 ਧਮਾਕਿਆਂ ਨਾਲ ਕੰਬਿਆ ਮਕਸੂਦਾਂ ਥਾਣਾ, ਲੋਕਾਂ ਵਿਚ ਦਹਿਸ਼ਤ (ਤਸਵੀਰਾਂ)

09/15/2018 11:28:20 AM

ਜਲੰਧਰ (ਮਾਹੀ, ਰਾਜੇਸ਼, ਜ.ਬ.)— ਜਲੰਧਰ ਦੇ ਥਾਣਾ ਮਕਸੂਦਾਂ ਵਿਚ 1 ਤੋਂ ਬਾਅਦ ਇਕ 4 ਧਮਾਕੇ ਹੋਣ ਦੀ ਸੂਚਨਾ ਮਿਲੀ ਹੈ। ਘਟਨਾ 'ਚ ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਅਤੇ ਮੰਡ ਚੌਕੀ ਦਾ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਅਤੇ ਥਾਣੇ ਦਾ ਸੰਤਰੀ ਵੀ ਜ਼ਖਮੀ ਹੋਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਧਮਾਕਿਆਂ ਦੀ ਸੂਚਨਾ ਮਿਲਦਿਆਂ ਹੀ ਮਕਸੂਦਾਂ ਥਾਣੇ ਦੇ ਮੁਖੀ ਰਮਨਦੀਪ ਸਿੰਘ, ਏ. ਡੀ. ਸੀ. ਪੀ. ਸਿਟੀ -1 ਪਰਮਿੰਦਰ ਸਿੰਘ ਭੰਡਾਲ, ਡੀ. ਐੱਸ. ਪੀ. ਕਰਤਾਰਪੁਰ ਦਿਗਵਿਜੇ ਕਪਿਲ, ਐੱਸ. ਪੀ. ਹੈੱਡਕੁਆਟਰ ਗੁਰਮੀਤ ਸਿੰਘ, ਐੱਸ. ਐੱਚ. ਓ. ਡਵੀਜ਼ਨ-1 ਕੁਲਵੰਤ ਸਿੰਘ ਆਦਿ ਸਣੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕੇ ਥਾਣੇ 'ਚ ਬਣੇ ਮਾਲ ਖਾਨੇ 'ਚ ਹੋਏ ਹਨ। ਜਦੋਂ ਕਿ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਧਮਾਕੇ ਉਥੇ ਖੜ੍ਹੇ ਬਾਈਕ ਜਾਂ ਕਾਰ ਦੀ ਬੈਟਰੀ ਫੱਟਣ ਕਾਰਨ ਹੋਏ ਹਨ। ਥਾਣੇ 'ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਮੌਕੇ 'ਤੇ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਖੁਦ ਜਾਂਚ ਕਰਨ ਪਹੁੰਚੇ। ਹਮਲੇ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਹੈ, ਜਿਸ ਗੱਲ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਵੀ ਮਨ੍ਹਾ ਨਹੀਂ ਕਰ ਰਹੇ।
ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਵੀ ਕਿਹਾ ਕਿ ਬੰਬ ਧਮਾਕੇ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ 7.40 ਵਜੇ ਥਾਣਾ ਮਕਸੂਦਾਂ 'ਚ ਪੁਲਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਸਨ ਕਿ ਅਚਾਨਕ ਹੀ ਅੰਦਰ ਇਕ ਤੋਂ ਬਾਅਦ ਇਕ ਕਰਕੇ 4 ਬੰਬ ਧਮਾਕੇ ਹੋਏ। ਮੌਕੇ 'ਤੇ ਥਾਣਾ ਮਕਸੂਦਾਂ ਦੇ ਬਾਹਰ ਬੈਠੇ ਇਕ ਵਿਅਕਤੀ ਰਾਜੀਵ ਨੇ ਦੱਸਿਆ ਕਿ ਅਚਾਨਕ ਹੀ ਥਾਣੇ ਅੰਦਰ 4 ਬੰਬ ਧਮਾਕੇ ਹੋਏ ਅਤੇ ਪੂਰਾ ਥਾਣਾ ਧੂੰਏਂ ਨਾਲ ਭਰ ਗਿਆ ਉਹ ਉਥੋਂ ਡਰ ਕੇ ਭੱਜੇ। ਥਾਣੇ ਅੰਦਰ ਹੋਏ ਧਮਾਕੇ ਦੀ ਆਵਾਜ਼ 2 ਕਿਲੋਮੀਟਰ ਤੱਕ ਦੂਰ ਲੋਕਾਂ ਨੇ ਸੁਣੀ। ਘਟਨਾ ਦੇ ਤੁਰੰਤ ਬਾਅਦ ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਪੁਲਸ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚੇ। ਬੰਬ ਧਮਾਕੇ ਤੋਂ ਬਾਅਦ ਥਾਣੇ 'ਚ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਤੇ ਖਿੜਕੀਆਂ ਤੱਕ ਟੁੱਟ ਗਈਆਂ। ਥਾਣੇ ਅੰਦਰ ਖੜ੍ਹੇ ਵਾਹਨ ਨੁਕਸਾਨੇ ਗਏ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਬੰਬ ਥਾਣੇ ਬਾਹਰੋਂ ਸੁੱਟੇ ਗਏ ਹਨ।

ਥਾਣੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਹੋਵੇਗਾ ਖੁਲਾਸਾ
ਥਾਣਾ ਮਕਸੂਦਾਂ 'ਚ ਬੰਬ ਧਮਾਕੇ ਤੋਂ ਬਾਅਦ ਥਾਣੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚੋਂ ਪੁਲਸ ਨੂੰ ਜਾਂਚ 'ਚ ਕਾਫੀ ਕੁਝ ਸਾਫ ਹੋ ਜਾਵੇਗਾ, ਜਿਸ 'ਚ ਬੰਬ ਕਿਵੇਂ ਤੇ ਕਿਥੋਂ ਆਏ ਇਹ ਵੀ ਪਤਾ ਚਲ ਸਕਦਾ ਹੈ ਪਰ ਪੁਲਸ ਮੀਡੀਆ ਨੂੰ ਕੈਮਰਿਆਂ ਬਾਰੇ ਕੋਈ ਜਾਣਕਾਰੀ ਦੇਣ ਤੋਂ ਆਨਾਕਾਨੀ ਕਰ ਰਹੀ ਹੈ।

PunjabKesari

2 ਨੌਜਵਾਨਾਂ ਨੇ ਸੁੱਟੇ ਸਨ ਬੰਬ
ਥਾਣੇ 'ਚ ਬੰਬ ਧਮਾਕੇ ਹੋਣ ਤੋਂ ਬਾਅਦ ਜਾਂਚ 'ਚ ਇਹ ਪਤਾ ਲੱਗਾ ਹੈ ਕਿ ਇਕ ਧਮਾਕਾ ਪੈਟਰੋਲ ਬੰਬ ਨਾਲ ਹੋਇਆ। ਬਾਕੀ ਦੇ ਧਮਾਕਿਆਂ 'ਚ ਕੋਈ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ, ਜਿਸ ਬਾਰੇ ਦੇਰ ਰਾਤ ਤੱਕ ਜਾਂਚ ਜਾਰੀ ਸੀ।
ਥਾਣੇ 'ਚ 2 ਸਸਪੈਂਡ ਹੋਏ ਮੁਲਾਜ਼ਮ ਸਨ ਮੌਜੂਦ
ਜਿਸ ਸਮੇਂ ਥਾਣਾ ਮਕਸੂਦਾਂ 'ਚ ਬੰਬ ਵਿਸਫੋਟ ਹੋਏ, ਉਸ ਸਮੇਂ ਥਾਣੇ ਅੰਦਰ 2 ਸਸਪੈਂਡ ਕੀਤੇ ਮੁਲਾਜ਼ਮ ਬੈਠੇ ਸਨ। ਉਕਤ ਮੁਲਾਜ਼ਮਾਂ ਨੂੰ ਕੁਝ ਸਮਾਂ ਪਹਿਲਾਂ ਹੀ ਸਸਪੈਂਡ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬੰਬ ਫਟਣ ਦੇ ਤੁਰੰਤ ਬਾਅਦ ਉਥੋਂ ਬਾਹਰ ਕੱਢਿਆ ਗਿਆ।
PunjabKesari

ਨਾਈਜੀਰੀਅਨ ਨਸ਼ਾ ਸਮੱਗਲਰਾਂ ਨਾਲ ਹੋਈ ਸੀ ਥਾਣਾ ਮੁਖੀ ਦੀ ਕਿਹਾ-ਸੁਣੀ
ਥਾਣੇ 'ਚ ਬੰਬ ਧਮਾਕੇ ਹੋਣ ਤੋਂ ਬਾਅਦ ਪੁਲਸ ਹਰ ਪਹਿਲੂ ਤੋਂ ਜਾਂਚ ਕਰਨ 'ਚ ਜੁਟੀ ਹੈ। ਕੁਝ ਦਿਨ ਪਹਿਲਾਂ ਥਾਣਾ ਮਕਸੂਦਾਂ ਦੇ ਮੁਖੀ ਨੇ ਨਸ਼ਾ ਸਮੱਗਲਰ ਨਾਈਜੀਰੀਅਨ ਫੜੇ ਸਨ, ਜਿਨ੍ਹਾਂ ਨਾਲ ਥਾਣਾ ਮੁਖੀ ਦੀ ਕਾਫੀ ਕਿਹਾ-ਸੁਣੀ ਹੋਈ ਸੀ। ਸ਼ੱਕ ਕਾਰਨ ਪੁਲਸ ਉਨ੍ਹਾਂ ਕੋਲੋਂ ਵੀ ਪੁੱਛਗਿੱਛ ਕਰ ਸਕਦੀ ਹੈ।

ਪੁਲਸ ਨੂੰ ਡਰਾਉਣ ਦੀ ਕੋਸ਼ਿਸ਼ ਜਾਂ ਥਾਣੇ 'ਚ ਕੁਝ ਸੀ ਅਜਿਹਾ...?
ਬੰਬ ਸੁੱਟ ਕੇ ਥਾਣੇ 'ਚ ਪੁਲਸ ਨੂੰ ਡਰਾਉਣ ਦੀ ਸਾਜਿਸ਼ ਜਾਂ ਕੁਝ ਹੋਰ ਵੀ ਹੋ ਸਕਦਾ ਹੈ। ਸੂਤਰਾਂ ਅਨੁਸਾਰ ਥਾਣੇ 'ਚ 2 ਨੌਜਵਾਨਾਂ ਨੇ ਬੰਬ ਸੁੱਟੇ ਹਨ। ਬੰਬ ਸੁੱਟਣ ਵਾਲੇ ਨੌਜਵਾਨਾਂ 'ਚੋਂ ਇਕ ਨੇ ਪਿੱਛੇ ਕੰਧ ਪਾੜ ਕੇ ਬੰਬ ਸੁੱਟਿਆ ਹੈ। ਉਥੇ ਬੰਬ ਸੁੱਟਣ ਦੇ ਪਿੱਛੇ ਕੀ ਮਕਸਦ ਸੀ, ਇਸ ਸਾਫ ਨਹੀਂ ਹੋ ਸਕਿਆ ਹੈ। ਹੋ ਸਕਦਾ ਹੈ ਕਿ ਪੁਲਸ ਨੂੰ ਕਿਸੇ ਨੇ ਡਰਾਉਣ ਦੀ ਸਾਜਿਸ਼ ਰਚੀ ਹੋਵੇ ਜਾਂ ਫਿਰ ਥਾਣੇ 'ਚ ਅਜਿਹਾ ਕੁਝ ਸੀ ਜਿਸ ਲਈ ਬੰਬ ਸੁੱਟੇ ਗਏ। ਇਨ੍ਹਾਂ ਸਵਾਲਾਂ ਦੇ ਜਵਾਬ ਮੁਲਜ਼ਮਾਂ ਦੇ ਫੜੇ ਜਾਣ 'ਤੇ ਹੀ ਮਿਲਣਗੇ।

ਅੱਤਵਾਦੀ ਸੰਗਠਨ ਦਾ ਹੋ ਸਕਦੈ ਹੱਥ : ਡੀ. ਜੀ. ਪੀ.
ਬੰਬ ਧਮਾਕੇ ਦੀ ਖਬਰ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਸਾਫ ਸ਼ਬਦਾਂ ਕਿਹਾ ਕਿ ਮਾਹੌਲ ਖਰਾਬ ਕਰਨ ਲਈ ਅੱਤਵਾਦੀ ਸੰਗਠਨ ਵੀ ਇਸ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਹਨ ਜਾਂ ਫਿਰ ਕੋਈ ਹੋਰ ਵੀ। ਸਵੇਰੇ ਫਾਰੈਂਸਿਕ ਟੀਮ ਆ ਕੇ ਥਾਣੇ 'ਚ ਜਾਂਚ ਕਰੇਗੀ ਕਿ ਬੰਬ 'ਚ ਕਿਹੜੇ ਵਿਸਫੋਟਕ ਪਦਾਰਥ ਸਨ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ। ਜ਼ਿਕਰਯੋਗ ਹੈ ਕਿ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਅੱਜ ਦੁਪਹਿਰ ਤੋਂ ਹੀ ਜਲੰਧਰ ਫੇਰੀ 'ਤੇ ਸਨ।


Related News