ਸੋਸ਼ਲ ਮੀਡੀਆ ''ਤੇ ਬਦਨਾਮ ਕਰਨ ਦੀ ਧਮਕੀ ਦੇ ਕੇ ਮੰਗੇ 2 ਕਰੋੜ ਰੁਪਏ, ਇੰਝ ਜਾਲ ''ਚ ਫਸੇ ਦੋਸ਼ੀ
Wednesday, Sep 21, 2022 - 01:08 PM (IST)
ਖਰੜ (ਸ਼ਸ਼ੀ, ਅਮਰਦੀਪ) : ਮੋਹਾਲੀ ਅਧੀਨ ਖਰੜ ਸਿਟੀ ਪੁਲਸ ਨੇ ਗੁਰਬੀਰ ਸਿੰਘ ਵਾਸੀ ਲਲਤੋਂ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ 1 ਲੱਖ ਰੁਪਏ ਲੈਣ ਅਤੇ ਮਾਮਲਾ ਰਫਾ-ਦਫਾ ਕਰਨ ਲਈ 34 ਲੱਖ ਰੁਪਏ ਦੀ ਹੋਰ ਮੰਗ ਕਰਨ ਦੇ ਦੋਸ਼ ਅਧੀਨ ਜਸਨੀਤ ਵਾਸੀ ਖਰੜ ਅਤੇ ਮੋਹਨ ਲਾਲ ਵਾਸੀ ਸਿਰਸਾ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 6 ਜੁਲਾਈ ਨੂੰ ਉਸ ਨੂੰ ਇਕ ਕੁੜੀ ਦਾ ਫੋਨ ਆਇਆ, ਜਿਸ ਨੇ ਆਪਣਾ ਨਾਂ ਜਸਨੀਤ ਦੱਸਿਆ ਅਤੇ ਉਸ ਨਾਲ ਗੱਲਬਾਤ ਕਰਨ ਲੱਗੀ।
ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਜਾਣਦਾ ਨਹੀਂ ਪਰ ਕੁੜੀ ਨੇ ਕਿਹਾ ਕਿ ਉਹ ਜਲਦੀ ਉਸ ਨੂੰ ਜਾਨਣ ਲੱਗ ਜਾਵੇਗਾ। ਇਸ ਉਪਰੰਤ ਉਹ ਆਪਸ ਵਿਚ ਗੱਲਬਾਤ ਕਰਦੇ ਰਹੇ। ਸ਼ਿਕਾਇਤਕਰਤਾ ਨੂੰ ਇਸ ’ਤੇ ਸ਼ੱਕ ਹੋਇਆ ਤਾਂ ਉਸ ਨੇ ਇੰਟਰਨੈੱਟ ’ਤੇ ਸਰਚ ਕੀਤਾ ਤਾਂ ਉਸ ਨੇ ਦੇਖਿਆ ਕਿ ਇਸ ਕੁੜੀ ਦੇ ਇਕ ਪੰਜਾਬੀ ਅਦਾਕਾਰ ਨਾਲ ਵਿਵਾਦ ਸਬੰਧੀ ਕਈ ਵੀਡੀਓ ਮੌਜੂਦ ਸਨ। ਉਹ ਇਕ ਬਲੈਕਮੇਲਰ ਹੈ। ਉਹ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਬਾਅਦ ਵਿਚ ਪੈਸਿਆਂ ਦੀ ਮੰਗ ਕਰਦੀ ਹੈ। ਫਿਰ ਉਸ ਕੁੜੀ ਨੇ ਸ਼ਿਕਾਇਤਕਰਤਾ ਨੂੰ ਵਾਇਸ ਚੈਟ ਭੇਜੀ ਅਤੇ ਮਿਲਣ ਲਈ ਕਹਿੰਦੀ ਰਹੀ।
ਇਸੇ ਦੌਰਾਨ ਸ਼ਿਕਾਇਤਕਰਤਾ ਨੂੰ 19 ਅਗਸਤ ਨੂੰ ਸਰਵਉੱਤਮ ਸਿੰਘ ਉਰਫ਼ ਲੱਕੀ ਨਾਂ ਦੇ ਇਕ ਵਿਅਕਤੀ ਦਾ ਫੋਨ ਆਇਆ ਕਿ ਜਿਹੜੀ ਜਸਨੀਤ ਉਸ ਨਾਲ ਗੱਲਬਾਤ ਕਰਦੀ ਹੈ, ਉਹ ਰਾਜਬੀਰ ਕੌਰ ਹੈ। ਉਸ ਕੋਲ ਸ਼ਿਕਾਇਤਕਰਤਾ ਦੀ ਕਾਲ ਰਿਕਾਰਡਿੰਗ ਹੈ। ਉਸ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਨਹੀਂ ਤਾਂ ਉਹ ਸ਼ੋਸ਼ਲ ਮੀਡੀਆ ’ਤੇ ਉਸ ਨੂੰ ਬਦਨਾਮ ਕਰ ਦੇਵੇਗੀ। ਫਿਰ ਇਹ ਵਿਅਕਤੀ ਉਸ ਨੂੰ ਖਰੜ ਮਿਲਿਆ ਅਤੇ 1 ਲੱਖ ਰੁਪਏ ਦੇ ਦਿੱਤੇ ਪਰ ਉਹ 2 ਕਰੋੜ ਦੀ ਮੰਗ ਕਰਦੇ ਰਹੇ।
ਬਾਅਦ ਵਿਚ 10 ਸਤੰਬਰ ਨੂੰ ਉਸ ਨੂੰ ਮੋਹਨ ਲਾਲ ਅਤੇ ਲੱਕੀ ਸੰਧੂ ਚੰਡੀਗੜ੍ਹ ਵਿਖੇ ਮਿਲੇ ਅਤੇ ਮਾਮਲਾ 35 ਲੱਖ ਰੁਪਏ ਵਿਚ ਸੈਟਲ ਹੋਇਆ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਉਨ੍ਹਾਂ ਨੂੰ 35 ਲੱਖ ਰੁਪਿਆ ਦੇਵੇਗਾ ਅਤੇ ਰਾਜਬੀਰ ਕੌਰ ਤੋਂ ਹਲਫੀਆ ਬਿਆਨ ਸ਼ਿਕਾਇਤਕਰਤਾ ਨੂੰ ਦਿਵਾਉਣਗੇ। ਸ਼ਿਕਾਇਤਕਰਤਾ ਨੇ ਉਸ ਸਮੇਂ ਪੁਲਸ ਨਾਲ ਸੰਪਰਕ ਕੀਤਾ ਅਤੇ ਪੁਲਸ ਨੇ ਇਨ੍ਹਾਂ ਦੋਵਾਂ ਰਾਜਬੀਰ ਕੌਰ ਅਤੇ ਮੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਖਰੜ ਦੀ ਅਦਾਲਤ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਹੈ।