ਜਿਸਮਫਰੋਸ਼ੀ ਦੀ ਆੜ ਵਿਚ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Sunday, Jun 10, 2018 - 06:19 AM (IST)

ਰਾਏਕੋਟ(ਭੱਲਾ)-ਰਾਏਕੋਟ ਸਿਟੀ ਪੁਲਸ ਨੇ ਜਿਸਮਫਰੋਸ਼ੀ ਦੀ ਆੜ ਵਿਚ ਲੱਖਾਂ ਰੁਪਏ ਬਲੈਕਮੇਲ ਕਰਨ ਵਾਲੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਸੈਕਸ ਰੈਕੇਟ ਵਿਚ ਰਾਏਕੋਟ ਥਾਣੇ ਨਾਲ ਸਬੰਧਤ ਇਕ ਹੌਲਦਾਰ ਵੀ ਸ਼ਾਮਲ ਹੈ, ਜਿਸ ਨੂੰ ਪੁਲਸ ਨੇ ਇਸ ਰੈਕੇਟ ਦੇ ਮੈਂਬਰਾਂ ਨਾਲ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਸ ਨੂੰ ਇਕ ਮੁਖਬਰ ਤੋਂ ਖੁਫੀਆ ਇਤਲਾਹ ਮਿਲੀ ਸੀ ਕਿ ਮਨਜੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਮਾਲੇਰਕੋਟਲਾ ਰੋਡ, ਰਾਏਕੋਟ ਦੇ ਘਰ ਅਮਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਕੁਲਵਿੰਦਰ ਕੌਰ ਪਤਨੀ ਤਰਸੇਮ ਸਿੰਘ ਦੋਵੇਂ ਵਾਸੀ ਪਿੰਡ ਚੱਕ ਬਖਤੂ ਇਕ ਬੋਲੈਰੋ ਗੱਡੀ ਵਿਚ ਆਏ ਹੋਏ ਹਨ ਅਤੇ ਮਨਜੀਤ ਕੌਰ ਨੇ ਰਾਏਕੋਟ ਵਾਸੀ ਇਕ ਔਰਤ ਨੂੰ ਆਪਣੇ ਘਰ ਧੋਖੇ ਨਾਲ ਬੁਲਾ ਕੇ ਉਸ ਦੇ ਜਿਸਮਾਨੀ ਸਬੰਧ ਅਮਰਜੀਤ ਸਿੰਘ ਨਾਲ ਬਣਵਾਏ । ਇਸ ਦੌਰਾਨ ਸਾਜਿਸ਼ ਤਹਿਤ ਉਥੇ ਪੁੱਜੇ ਪਰਵਿੰਦਰ ਸਿੰਘ ਭੂਪਾ ਤੇ ਹੌਲਦਾਰ ਅਜੀਤ ਸਿੰਘ ਵੱਲੋਂ ਉਨ੍ਹਾਂ ਦੀ ਅਸ਼ਲੀਲ ਵੀਡੀਓ ਤੇ ਤਸਵੀਰਾਂ ਖਿੱਚ ਕੇ ਅਮਰਜੀਤ ਸਿੰਘ ਨੂੰ ਧਮਕਾਇਆ ਕਿ ਜੇਕਰ ਉਹ ਸਾਨੂੰ 6 ਲੱਖ ਰੁਪਏ ਦੇਵੇਗਾ ਤਾਂ ਅਸੀਂ ਉਸ ਨੂੰ ਛੱਡ ਦੇਵਾਂਗੇ, ਨਹੀਂ ਤਾਂ ਤੁਹਾਡੀਆਂ ਅਸ਼ਲੀਲ ਤਸਵੀਰਾਂ ਨੈੱਟ 'ਤੇ ਪਾ ਕੇ ਬਦਨਾਮ ਕਰਾਂਗੇ। ਇਸ 'ਤੇ ਅਮਰਜੀਤ ਸਿੰਘ ਨੇ ਉਨ੍ਹਾਂ ਨਾਲ ਚਾਰ ਲੱਖ ਰੁਪਏ ਵਿਚ ਸੌਦਾ ਤੈਅ ਕਰ ਲਿਆ ਤੇ ਬੈਂਕ ਵਿਚੋਂ ਪੈਸੇ ਕੱਢਵਾ ਕੇ ਉਨ੍ਹਾਂ ਨੂੰ ਦੇ ਦਿੱਤੇ।  ਸੂਚਨਾ ਮਿਲਦੇ ਹੀ ਪੁਲਸ ਨੇ ਜਦ ਉਕਤ ਟਿਕਾਣੇ 'ਤੇ ਛਾਪਾ ਮਾਰਿਆ ਤਾਂ ਸਾਰੇ ਕਥਿਤ ਦੋਸ਼ੀ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਏ ਗਏ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿਚ ਮਨਜੀਤ ਕੌਰ, ਅਮਰਜੀਤ ਸਿੰਘ , ਕੁਲਵਿੰਦਰ ਕੌਰ, ਅਜੀਤ ਸਿੰਘ ਅਤੇ ਪਰਵਿੰਦਰ ਸਿੰਘ ਭੂਪਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਅਤੇ ਜੇਲ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਧਾਰਾ 376 ਅਤੇ ਐੱਮ. ਈ. ਐੱਸ. ਟੀ. ਐਕਟ ਦਾ ਵਾਧਾ ਕੀਤਾ ਗਿਆ ਹੈ।


Related News