ਬਲੈਕਮੇਲ ਕਰ ਕੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, ਮਹਿਲਾ ਸਮੇਤ 8 ਮੈਂਬਰ ਗ੍ਰਿਫ਼ਤਾਰ

08/25/2023 5:45:46 PM

ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਨਗਦੀ ਠੱਗਣ ਵਾਲੇ ਗਿਰੋਹ ਨੂੰ ਬੇਨਕਾਬ ਕਰ ਕੇ ਮਹਿਲਾ ਸਮੇਤ ਗਿਰੋਹ ਦੇ 8 ਮੈਂਬਰਾਂ ਨੂੰ ਅਸਲੇ ਅਤੇ ਲੁੱਟ ਦੀ ਰਾਸ਼ੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਮਨਮੀਤ ਸਿੰਘ ਅਤੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਜੇ. ਇਲਨਚੇਲੀਅਨ ਦੇ ਹੁਕਮਾਂ ’ਤੇ ਗਲਤ ਅਨਸਰਾਂ, ਬਲੈਕਮੇਲ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 21 ਅਗਸਤ ਨੂੰ ਥਾਣਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਜਸਵੀਰ ਸਿੰਘ ਅਤੇ ਪੁਲਸ ਚੌਂਕੀ ਲੋਪੋਂ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਲੋਕਾਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਨੂੰ ਲੁੱਟਣ ਵਾਲਾ ਗਿਰੋਹ ਇਲਾਕੇ ਵਿਚ ਸਰਗਰਮ ਹੈ।

ਉਕਤ ਗਿਰੋਹ ਕੁੜਕੀਆਂ ਅਤੇ ਮਹਿਲਾਵਾਂ ਦੀ ਮਦਦ ਨਾਲ ਲੋਕਾਂ ਨੂੰ ਲਿਫਟ ਲੈਣ ਦੇ ਬਹਾਨੇ ਰੋਕਦੀਆਂ ਹਨ ਅਤੇ ਬਾਅਦ ਵਿਚ ਉਕਤ ਗਿਰੋਹ ਦੇ ਹੋਰ ਮੈਂਬਰ ਆ ਕੇ ਉਸ ਨੂੰ ਘੇਰ ਕੇ ਬਲੈਕਮੇਲ ਕਰ ਕੇ ਲੱਖਾਂ ਰੁਪਏ ਠੱਗ ਲੈਂਦੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਉਕਤ ਗਿਰੋਹ ਦੇ 8 ਮੈਂਬਰਾਂ ਜਸਵੀਰ ਸਿੰਘ ਜੱਗਾ, ਕੇਵਲ ਸਿੰਘ, ਸਿਕੰਦਰ ਸਿੰਘ, ਪਰਮਜੀਤ ਸਿੰਘ ਉਰਫ ਪੰਮਾ, ਕਰਤਾਰ ਸਿੰਘ ਉਰਫ ਸਤਿਕਾਰਤਾਰ, ਮੁਹੰਮਦ ਯੁਨੀਸ਼ ਖਾਨ, ਹਨੀਪ ਖਾਨ ਸਾਰੇ ਨਿਵਾਸੀ ਪਿੰਡ ਰੂੜਕੇ ਕਲਾਂ (ਬਰਨਾਲਾ) ਦੇ ਇਲਾਵਾ ਗਿਰੋਹ ਦੀ ਮਹਿਲਾ ਮੈਂਬਰ ਸੁਖਵਿੰਦਰ ਕੌਰ ਉਰਫ਼ ਸੁੱਖੀ ਨਿਵਾਸੀ ਪਿੰਡ ਖੇੜਾ ਮੰਡੀ ਅਹਿਮਦਗੜ੍ਹ ਹਾਲ ਅਬਾਦ ਪਿੰਡ ਤਖਰ ਮਲੇਰਕੋਟਲਾ ਨੂੰ ਕਾਬੂ ਕੀਤਾ ਅਤੇ ਪੁਲਸ ਨੇ ਉਨ੍ਹਾਂ ਕੋਲੋਂ ਇਕ ਅਲਟੋ ਕਾਰ, ਇਕ ਰਿਵਾਲਵਰ 32 ਬੋਰ, ਦੋ ਕਾਰਤੂਸ, ਇਕ ਰਾਈਫਲ 12 ਬੋਰ, ਦੋ ਕਾਰਤੂਸ, ਇਕ ਮੋਟਰਸਾਈਕਲ ਦੇ ਇਲਾਵਾ 1 ਲੱਖ 85 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ।

ਉਨ੍ਹਾਂ ਦੱਸਿਆ ਕਿ ਗਿਰੋਹ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਬੀਤੀ 22 ਅਗਸਤ ਨੂੰ ਉਨ੍ਹਾਂ ਨੇ ਯੋਜਨਾ ਤਹਿਤ ਸੁਖਵਿੰਦਰ ਕੌਰ ਉਰਫ ਸੁੱਖੀ ਨੂੰ ਬੱਸ ਸਟੈਂਡ ਹਿੰਮਤਪੁਰਾ ’ਤੇ ਉਤਾਰ ਦਿੱਤਾ ਸੀ ਅਤੇ ਬਾਕੀ ਸਾਰੇ ਮੈਂਬਰ ਸਾਈਡ ’ਤੇ ਗੱਡੀ ਲਾ ਕੇ ਖੜ੍ਹੇ ਹੋ ਗਏ। ਜਦ ਸੁਖਵਿੰਦਰ ਕੌਰ ਸੁੱਖੀ ਨੇ ਇਕ ਵਿਅਕਤੀ ਦੀ ਗੱਡੀ ਨੂੰ ਰੋਕ ਕੇ ਉਸ ਤੋਂ ਲਿਫਟ ਮੰਗੀ, ਜੋ ਨਿਹਾਲ ਸਿੰਘ ਵਾਲਾ ਵੱਲ ਜਾ ਰਿਹਾ ਸੀ ਤਾਂ ਇਕ ਵਿਅਕਤੀ ਨੇ ਗੱਡੀ ਰੋਕ ਕੇ ਸੁੱਖੀ ਨੂੰ ਆਪਣੀ ਗੱਡੀਹ ਵਿਚ ਬਿਠਾ ਲਿਆ। ਇਸ ਦੌਰਾ ਗਿਰੋਹ ਦੇ ਦੂਸਰੇ ਮੈਂਬਰ ਆਪਣੀ ਅਲਟੋ ਕਾਰ ਵਿਚ ਬੈਠ ਕੇ ਉਕਤ ਗੱਡੀ ਦਾ ਪਿੱਛਾ ਕਰਨ ਲੱਗੇ ਅਤੇ ਉਸ ਨੂੰ ਰਸਤੇ ਵਿਚ ਘੇਰ ਲਿਆ ਅਤੇ ਕਿਹਾ ਕਿ ਤੂੰ ਸੁਖਵਿੰਦਰ ਕੌਰ ਸੁੱਖੀ ਨੂੰ ਗੱਡੀ ਵਿਚ ਕਿਉਂ ਬਿਠਾਇਆ ਹੈ, ਜਿਸ ’ਤੇ ਕਾਰ ਚਾਲਕ ਜਿਸ ਦਾ ਨਾਂ ਸੁਰਿੰਦਰ ਪਾਲ ਸਿੰਘ ਨਿਵਾਸੀ ਫਿਰੋਜ਼ਪੁਰ ਹੈ, ਘਬਰਾ ਗਿਆ ਅਤੇ ਉਨ੍ਹਾਂ ਅੱਗੇ ਗਿੜਗਿੜਾਉਣ ਲੱਗਾ। ਇਸ ਦੌਰਾਨ ਗਿਰੋਹ ਦੇ ਦੂਸਰੇ ਮੈਂਬਰਾਂ ਨੇ ਉਸ ਨੂੰ ਡਰਾ ਧਮਕਾ ਕੇ ਉਸ ਤੋਂ ਗਿਰੋਹ ਦੇ ਇਕ ਮੈਂਬਰ ਮੁਹੰਮਦ ਯੂਨੀਸ਼ ਖਾਨ ਨਿਵਾਸੀ ਪਿੰਡ ਰੂੜ ਕੇ ਵਾਲਾ ਦੇ ਖਾਤੇ ਵਿਚ 50-50 ਹਜ਼ਾਰ ਦੀਆਂ ਦੋ ਐਂਟਰੀਆਂ ਗੂਗਲ-ਪੇ ਰਾਹੀਂ ਕਰਵਾ ਲਈਆਂ ਅਤੇ ਬਾਅਦ ਵਿਚ ਏ. ਟੀ. ਐੱਮ. ਰਾਹੀਂ ਕੁਝ ਪੈਸੇ ਕਢਵਾ ਲਏ।

ਇਸ ਤਰ੍ਹਾਂ ਗਿਰੋਹ ਦੇ ਮੈਂਬਰਾਂ ਨੇ ਉਸ ਤੋਂ 2 ਲੱਖ 75 ਹਜ਼ਾਰ ਰੁਪਏ ਠੱਗ ਲਏ ਅਤੇ ਉਸ ਨੂੰ ਡਰਾ ਧਮਕਾ ਕੇ ਉਥੋਂ ਭਜਾ ਦਿੱਤਾ। ਪੁਲਸ ਨੇ ਦਰਜ ਹੋਏ ਮਾਮਲੇ ਵਿਚ ਜੁਰਮ ਵਿਚ ਵਾਧਾ ਕਰ ਦਿੱਤਾ ਹੈ। ਐੱਸ. ਪੀ. ਮਨਮੀਤ ਸਿੰਘ ਅਤੇ ਡੀ. ਐੱਸ. ਪੀ. ਮਨਜੀਤ ਸਿੰਘ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਜਗਸੀਰ ਸਿੰਘ ਉਰਫ ਜੱਗਾ ਦੇ ਖਿਲਾਫ ਪਹਿਲਾਂ ਵੀ 3 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂਕਿ ਗਿਰੋਹ ਦੇ ਮੈਂਬਰਾਂ ਤੋਂ ਉਨ੍ਹਾਂ ਵੱਲੋਂ ਕੀਤੀ ਗਈ ਬਲੈਕਮੇਲ ਦੀਆਂ ਹੋਰ ਵਾਰਦਾਤਾਂ ਦਾ ਖੁਲਾਸਾ ਹੋ ਸਕੇ।
 


Gurminder Singh

Content Editor

Related News