ਲੋਕਾਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 7 ਖਿਲਾਫ ਪਰਚਾ ਦਰਜ

Tuesday, Jul 04, 2017 - 06:36 PM (IST)

ਜਲਾਲਾਬਾਦ (ਸੇਤੀਆ) : ਸ਼ਹਿਰ ਦੇ ਅੰਦਰ ਬੀਤੇ ਕਾਫੀ ਸਮੇਂ ਤੋਂ ਔਰਤਾਂ ਨੂੰ ਢਾਲ ਬਣਾ ਕੇ ਆਮ ਲੋਕਾਂ ਨੂੰ ਬਲਾਤਕਾਰ ਜਿਹੀਆਂ ਧਮਕੀਆਂ ਅਧੀਨ ਬਲੈਕਮੇਲ ਕਰਨ ਦੀਆਂ ਮਿਲ ਰਹੀਆਂ ਸੂਚਨਾਵਾਂ ਤੋਂ ਬਾਅਦ ਜ਼ਿਲਾ ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ਾਂ 'ਤੇ ਪੁਲਸ ਨੇ ਇਕ ਵੱਡੇ ਗਿਰੋਹ ਨੂੰ ਦਬੋਚਣ 'ਚ ਸਫਲਤਾ ਹਾਸਲ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਔਰਤਾਂ ਦੇ ਸਹਾਰੇ ਲੋਕਾਂ ਨੂੰ ਕੰਮ-ਕਾਜ ਕਰਵਾਉਣ ਲਈ ਆਪਣੇ ਘਰ ਬੁਲਾਇਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਕਪੜੇ ਫਾੜ ਕੇ ਜਾਂ ਹੋਰ ਤਰ੍ਹਾਂ ਦਾ ਡਰਾਮਾ ਕਰਕੇ ਵੀਡੀਓ ਬਣਾਈ ਜਾਂਦੀ ਸੀ ਅਤੇ ਬਾਅਦ ਵਿਚ ਬਲੈਕਮੇਲ ਕਰਨ ਦੀ ਇਲਾਦੇ ਨਾਲ ਲੱਖਾਂ ਰੁਪਏ ਠੱਗੇ ਜਾਂਦੇ ਸਨ। ਭੋਲੇ-ਭਾਲੇ ਲੋਕ ਬਦਨਾਮੀ ਡਰੋ ਇਸ ਬਾਰੇ ਕੁੱਝ ਦੱਸਣ ਤੋਂ ਕਤਰਾਉਂਦੇ ਸਨ। ਇਸ ਘਟੀਆ ਕੰਮ ਦਾ ਪਰਦਾ ਉਦੋਂ ਫਾਸ਼ ਹੋਇਆ ਜਦੋਂ ਅੱਤਵਾਦ ਵਿਰੋਧੀ ਫਰੰਟ ਦੇ ਮੈਂਬਰ ਨੂੰ ਇਸ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਪਰ ਜਦੋਂ ਇਹ ਮਾਮਲਾ ਜਥੇਬੰਦੀ ਕੋਲ ਪਹੁੰਚਿਆਂ ਤਾਂ ਜਥੇਬੰਦੀ ਨੇ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੀ ਨਜ਼ਰ ਰੱਖੀ ਅਤੇ ਹਰ ਤਰ੍ਹਾਂ ਦਾ ਹੀਲਾ ਵਰਤਿਆ ਕਿ ਇਥੋਂ ਤੱਕ ਉਨ੍ਹਾਂ ਦੀਆਂ ਰਿਕਾਰਡਿੰਗ ਅਤੇ ਵੀਡੀਓ ਵੀ ਲੈਣ ਦੇਣ ਦੀਆਂ ਬਣਾਈਆਂ ਗਈਆਂ। ਜਿਸ ਤੋਂ ਬਾਅਦ ਅੱਤਵਾਦ ਵਿਰੋਧੀ ਫਰੰਟ ਨੇ ਜ਼ਿਲਾ ਸੀਨੀਅਰ ਪੁਲਸ ਕਪਤਾਨ ਕੇਤਨ ਬਲੀ ਰਾਮ ਪਾਟਿਲ ਦੇ ਧਿਆਨ ਵਿਚ ਪੂਰਾ ਮਾਮਲਾ ਲਿਆਂਦਾ ਅਤੇ ਪੁਲਸ ਕਪਤਾਨ ਵਲੋਂ ਡੂੰਘਾਈ ਵਿਚ ਜਾ ਕੇ ਇਸ ਮਾਮਲੇ ਵਿਚ ਸ਼ਾਮਲ 7 ਦੋਸ਼ੀਆਂ 'ਤੇ ਪਰਚਾ ਦਰਜ ਕਰ ਲਿਆ ਗਿਆ।
ਜਾਂਚ ਅਧਿਕਾਰੀ ਐੱਸ. ਆਈ ਪਰਮੀਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਦੇਵ ਸਿੰਘ ਪੁੱਤਰ ਫੁੰਮਣ ਸਿੰਘ, ਸ਼ਿਮਲਾ ਰਾਣੀ ਪਤਨੀ ਹਰਦੇਵ ਸਿੰਘ,  ਨਿਰਮਲਾ ਰਾਣੀ ਪੁੱਤਰੀ ਹਰਦੇਵ ਸਿੰਘ ਵਾਸੀ ਮੱਛਰ ਕਲੋਨੀ ਜਲਾਲਾਬਾਦ,  ਸੁਖਵਿੰਦਰ ਕੌਰ ਉਰਫ ਪਾਇਲ ਪਤਨੀ ਚੰਦ ਸਿੰਘ, ਗੁੱਡੋ ਰਾਣੀ ਪਤਨੀ ਬਲਵੀਰ ਸਿੰਘ ਵਾਸੀ ਲੱਲਾ ਬਸਤੀ ਜਲਾਲਾਬਾਦ, ਪਰਮਜੀਤ ਕੌਰ ਉਰਫ ਪੰਮੀ ਪਤਨੀ ਹਰਭਜਨ ਲਾਲ ਅਤੇ ਵਕੀਲ ਸੁਰਿੰਦਰ ਮੱਕੜ ਆਪਣੇ ਘਰ ਮੱਛਰ ਕਲੋਨੀ ਵਿਚ ਭੋਲ਼ੇ - ਭਾਲੇ ਲੋਕਾਂ ਨੂੰ ਬਹਾਨੇ ਨਾਲ  ਬੁਲਾ ਕੇ ਅਤੇ ਘਰ ਦੀ ਔਰਤਾਂ ਆਪਣੇ ਕੱਪੜੇ ਫਾੜ ਕੇ ਮੋਬਾਇਲ 'ਤੇ ਇਤਰਾਜ਼ਯੋਗ ਵੀਡੀਓ ਬਣਾ ਲੈਂਦੇ ਹਨ ਅਤੇ ਡਰਾ ਧਮਕਾ ਕੇ ਉਨ੍ਹਾਂ 'ਤੇ ਰੇਪ ਦਾ ਦੋਸ਼ ਲਗਾ ਦੇਣ ਦਾ ਡਰ ਬਣਾਕੇ ਭਾਰੀ ਰਕਮ ਵਸੂਲਦੇ ਹਨ। ਪੁਲਸ ਨੇ ਉਕਤ ਸਾਰੇ ਦੋਸ਼ੀਆਂ ਖਿਲਾਫ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ । ਪੁਲਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਇਕ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।


Related News