ਨਡਾਲਾ ਤੇ ਆਸ-ਪਾਸ ਦੇ ਖੇਤਰਾਂ ''ਚ 2 ਦਿਨਾਂ ਤੋਂ ਬਲੈਕ ਆਊਟ

07/08/2017 7:10:36 AM

ਨਡਾਲਾ, (ਸ਼ਰਮਾ)- ਲੰਘੀ ਰਾਤ ਅਚਾਨਕ ਆਈ ਭਾਰੀ ਹਨੇਰੀ ਅਤੇ ਝੱਖੜ ਕਾਰਨ 66 ਕੇ. ਵੀ. ਲਾਈਨ ਦੇ 7 ਟਾਵਰ ਡਿੱਗਣ ਨਾਲ ਨਡਾਲਾ ਤੇ ਆਸ-ਪਾਸ ਦੇ ਖੇਤਰਾਂ ਦੀ ਬਿਜਲੀ ਗੁੱਲ ਹੋਣ ਨਾਲ ਬਲੈਕ ਆਊਟ ਵਾਲੀ ਸਥਿਤੀ ਹੈ, ਜਿਸ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਝੱਖੜ ਕਾਰਨ ਗੁਰਦੁਆਰਾ ਸਾਹਿਬ ਨੇੜੇ 66 ਕੇ. ਵੀ. ਲਾਇਨ ਦੇ 7 ਟਾਵਰ ਡਿੱਗ ਗਏ, ਜਿਸ ਕਾਰਨ ਬਿਜਲੀ ਦੀ ਸਪਲਾਈ ਬੰਦ ਪਈ ਹੈ।  ਅਜਿਹੀ ਹਾਲਤ 'ਚ ਲੋਕਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਖਾਲੀ ਹੋ ਗਈਆਂ, ਇਨਵਰਟਰ ਵੀ ਜੁਆਬ ਦੇ ਗਏ ਹਨ, ਲੋਕ ਮੋਬਾਇਲ ਫੋਨ ਚਾਰਜ ਕਰਨ ਲਈ ਤਰਲੇ ਲੈ ਰਹੇ ਹਨ। ਇਸ ਲਾਇਨ ਰਾਹੀਂ ਕਰਤਾਰਪੁਰ ਤੋਂ ਨਡਾਲਾ ਸਬ ਸਟੇਸ਼ਨ ਨੂੰ ਸਪਲਾਈ ਮਿਲਦੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਡਿੱਗੇ ਹੋਏ ਟਾਵਰਾਂ ਦੀ ਮੁਰੰਮਤ ਲਈ 48 ਘੰਟੇ ਬੀਤ ਜਾਣ 'ਤੇ ਵੀ ਢੁਕਵੇ ਪ੍ਰਬੰਧ ਨਹੀਂ ਹੋ ਸਕੇ। ਭਾਰੀ ਮੀਂਹ ਕਾਰਨ ਝੋਨੇ ਦੀ ਸਾਂਭ ਸੰਭਾਲ 'ਚ ਕੋਈ ਮੁਸ਼ਕਿਲ ਨਹੀਂ ਆ ਰਹੀ ਪਰ ਘਰਾਂ ਦੀ ਸਪਲਾਈ ਬੰਦ ਹੋਣ ਕਾਰਨ ਲੋਕ ਭਾਰੀ ਮੁਸੀਬਤ 'ਚ ਹਨ। ਦੋ ਰਾਤਾਂ ਤੋਂ ਲੋਕ ਜਨਰੇਟਰ ਦੀ ਠੱਕ-ਠੱਕ ਅਤੇ ਮੱਛਰਾਂ ਦੀ ਘੂੰ-ਘੂੰ ਕਾਰਨ ਜੀਅ ਭਰ ਕੇ ਸੋ ਨਹੀਂ ਸਕੇ। ਬਿਜਲੀ ਨਾ ਮਿਲਣ ਕਾਰਨ ਆਉਂਦੇ ਦਿਨਾ 'ਚ ਲੋਕਾਂ ਨੂੰ ਭਾਰੀ ਮੁਸ਼ਕਿਲ ਆ ਸਕਦੀ ਹੈ।
ਇਸ ਸਬੰਧੀ ਪਿੰਡ ਮਾਡਲ ਟਾਊਨ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦਰਦੀ, ਪਰਮਿੰਦਰ ਸਿੰਘ ਕੁਹਾੜ, ਹਰਦੇਵ ਸਿੰਘ ਭੁੱਲਰ, ਸੰਤੋਖ ਸਿੰਘ ਪੰਚ, ਇਕਬਾਲ ਮਸੀਹ ਪੰਚ, ਪਾਦਰੀ ਜਸਟਿਨ ਐਚ. ਮਸੀਹ, ਯੂਨਸ ਪੀਟਰ ਸਹੋਤਾ ਸਾਬਕਾ ਸਰਪੰਚ, ਹਰਭਜਨ ਸਿੰਘ ਕਾਹਲੋਂ, ਸਤੀਸ਼ ਕੁਮਾਰ ਸ਼ਰਮਾਂ,ਬਲਵਿੰਦਰ ਸਿੰਘ ਨਿਰਾਲਾ, ਜੋਰਾਵਰ ਸੁੰਘ ਪੰਨੂ, ਵਿਲਸਨ ਮਸੀਹ ਮੱਟੂ, ਮਨਜੀਤ ਸਿੰਘ ਮੱਲੀ ਤੇ ਹੋਰ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਬਿਜਲੀ ਗੁਲ ਹੋਣ ਕਰਕੇ ਸਾਰੀ ਰਾਤ ਮੱਛਰਾਂ ਦੀ ਮਾਰ ਹੇਠ ਕੱਟੀ ਗਈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਨਡਾਲੇ ਤੋਂ ਸਾਡੇ ਪਿੰਡਾਂ ਵਾਲੀ ਲਾਈਨ ਖਰਾਬ ਹੋ ਜਾਣ ਕਰਕੇ ਅੱਜ ਵੀ ਸਾਰੀ ਰਾਤ ਬਿਜਲੀ ਨਾਂ ਆਉਣ ਦਾ ਸ਼ਾਇਦ ਕੋਈ ਮੌਕਾ ਨਹੀਂ ਤੇ ਅੱਜ ਵੀ ਸਾਰੀ ਰਾਤ ਗਰਮੀ ਤੇ ਮੱੇਛਰਾਂ ਦਰਮਿਆਨ ਹੀ ਕੱਟਣੀ ਪਵੇ। ਇਸ ਸਬੰਧੀ ਮਨਜਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਸਾਹੀ, ਬਲਵਿੰਦਰ ਸਿੰਘ ਬਿੱਟੂ ਖੱਖ, ਅਤੇ ਹੋਰਨਾ ਨੇ ਬਿਜਲੀ ਸਪਲਾਈ ਜਲਦ ਬਹਾਲ ਕਰਨ ਦੀ ਮੰਗ ਕੀਤੀ ਹੈ ।
ਕੀ ਕਹਿੰਦੇ ਹਨ ਐੱਸ. ਡੀ. ਓ.- ਇਸ ਸਬੰਧੀ ਐੱਸ. ਡੀ. ਓ. ਸੁਖਦੀਪ ਸਿੰਘ ਨੇ ਆਖਿਆ ਕਿ 7 ਟਾਵਰ ਡਿੱਗਣ ਕਾਰਨ ਮੁਰੰਮਤ 'ਚ ਭਾਰੀ ਮੁਸ਼ਕਿਲ ਆ ਰਹੀ ਹੈ ਇਸ ਲਈ ਵੱਡੀ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ ਸੋਮਵਾਰ ਤੱਕ ਬਿਜਲੀ ਬਹਾਲ ਹੋਣ ਦੀ ਆਸ ਹੈ ਹਾਲ ਦੀ ਘੜੀ ਭੁਲੱਥ ਸਬ ਸਟੇਸ਼ਨ ਤੋਂ ਆਰਜੀ ਤੌਰ 'ਤੇ ਸਪਲਾਈ ਲੈ ਕੇ ਵਾਰੀ-ਵਾਰੀ ਪਿੰਡਾਂ ਨੂੰ ਦਿੱਤੀ ਜਾ ਰਹੀ ਹੈ।


Related News