ਕਾਲੇ ਪੀਲੀਏ ਦੀ ਲਪੇਟ ''ਚ ਆਈ ਅੰਮ੍ਰਿਤਸਰ ਦੀ ਫਤਾਪੁਰ ਜੇਲ

12/27/2019 5:48:22 PM

ਅੰਮ੍ਰਿਤਸਰ (ਦਲਜੀਤ) : ਕੇਂਦਰੀ ਜੇਲ ਫਤਾਪੁਰ ਵਿਚ ਕਾਲ਼ਾ ਪੀਲੀਆ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ 326 ਕੈਦੀਆਂ ਦੀ ਕੀਤੀ ਗਈ ਸਕਰੀਨਿੰਗ ਵਿਚ 148 ਮਰੀਜ਼ ਕਾਲੇ ਪਲੀਏ ਨਾਲ ਪੀੜਤ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਵਿਚੋਂ 125 ਮਰੀਜ਼ਾਂ ਦਾ ਜੇਲ ਵਿਚ ਹੀ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਧਿਆਨ ਵਿਚ ਆਇਆ ਸੀ ਕਿ ਜੇਲ ਵਿਚ ਸਥਿਤ ਓਟ ਸੈਂਟਰ 'ਚ ਨਸ਼ਾ ਛੱਡਣ ਦੀ ਦਵਾਈ ਖਾਣ ਵਾਲੇ ਕਈ ਮਰੀਜ਼ ਕਾਲ਼ਾ ਪੀਲੀਏ ਤੋਂ ਪੀੜਤ ਹਨ। ਵਿਭਾਗ ਵੱਲੋਂ ਇਤਿਹਾਸ ਦੇ ਤੌਰ 'ਤੇ ਸਾਰੇ ਮਰੀਜ਼ਾਂ ਦੀ ਕਾਲ਼ੇ ਪੀਲੀਆ ਦੀ ਸਕਰੀਨਿੰਗ ਲਈ ਵਿਸ਼ੇਸ਼ ਅਭਿਆਨ ਛੇੜਿਆ ਗਿਆ। 

ਵਿਭਾਗ ਵੱਲੋਂ ਕੀਤੀ ਜਾ ਰਹੀ ਸਕਰੀਨਿੰਗ ਦੇ ਪਹਿਲੇ ਪੜਾਅ ਵਿਚ ਜਿੱਥੇ 70 ਮਰੀਜ਼ ਪਾਜ਼ੀਟਿਵ ਸਾਹਮਣੇ ਆਏ ਸਨ, ਉਥੇ ਹੀ ਦੂਜੇ ਪੜਾਅ ਵਿਚ 148 ਕਾਲ਼ੇ ਪੀਲੀਏ ਨਾਲ ਪੀੜਤ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜ਼ਿਲੇ ਵਿਚ 5036 ਕਾਲੇ ਪੀਲੀਆ ਨਾਲ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਸਿਵਲ ਹਸਪਤਾਲ ਤੋਂ ਸਰਕਾਰ ਵੱਲੋਂ ਦਿੱਤੀ ਜਾ ਰਹੀ ਫ੍ਰੀ ਦਵਾਈ ਲੈ ਰਹੇ ਹਨ।

ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੋਹਲ ਨੇ ਦੱਸਿਆ ਕਿ ਮਰੀਜ਼ਾਂ ਦੀ ਫ੍ਰੀ ਜਾਂਚ ਕਰਕੇ ਉਨ੍ਹਾਂ ਨੂੰ 3 ਮਹੀਨੇ ਦੀ ਫ੍ਰੀ ਦਵਾਈ ਦਿੱਤੀ ਜਾ ਰਹੀ ਹੈ, ਜਿਸ ਮਰੀਜ਼ ਦੀ ਸਜ਼ਾ ਖਤਮ ਹੋ ਜਾਵੇਗੀ, ਉਸ ਨੂੰ ਉਸ ਦੇ ਘਰ ਦੇ ਕੋਲ ਹੀ ਫ੍ਰੀ ਦਵਾਈ ਪਹੁੰਚਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੋ ਲੋਕ ਨਸ਼ੇ ਦੀ ਡੋਜ਼ ਲੈਣ ਲਈ ਇੰਜੈਕਸ਼ਨ ਦਾ ਜ਼ਿਆਦਾਤਰ ਇਸਤੇਮਾਲ ਕਰਦੇ ਹਨ, ਉਨ੍ਹਾਂ ਵਿਚ ਇਹ ਪੀਲੀਆ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਹ ਇਕ ਵਾਇਰਸ ਹੈ, ਜੋ ਨਸ਼ੇ ਵਾਲੇ ਵਿਅਕਤੀ ਤੋਂ ਨਸ਼ੇ ਕਰਨ ਵਾਲੇ ਦੂਜੇ ਵਿਅਕਤੀ ਵਿਚ ਅਸਾਨੀ ਨਾਲ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਮੇਂ 'ਤੇ ਇਸ ਰੋਗ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।


Gurminder Singh

Content Editor

Related News