ਜਲੰਧਰ ’ਚ ਵੀ 'ਬਲੈਕ ਫੰਗਸ' ਦਾ ਅਟੈਕ, ਜਾਣੋ ਕੀ ਨੇ ਲੱਛਣ ਤੇ ਕਿੰਝ ਕਰੀਏ ਬਚਾਅ
Friday, May 21, 2021 - 06:34 PM (IST)
ਜਲੰਧਰ— ਮਹਾਨਗਰ ਜਲੰਧਰ ’ਚ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਹੁਣ ਬਲੈਕ ਇਨਫੈਕਸ਼ਨ ਯਾਨੀ ਕਿ ਮੁਕੋਮਾਈਕੋਸਿਸ ਫੰਗਲ ਇਨਫੈਕਸ਼ਨ (ਬਲੈਕ ਫੰਗਸ) ਦਾ ਵੀ ਅਟੈਕ ਸ਼ੁਰੂ ਹੋ ਗਿਆ ਹੈ। ਹੁਣ ਤੱਕ ਜ਼ਿਲ੍ਹੇ ’ਚ ਬਲੈਕ ਫੰਗਸ ਦੇ 21 ਮਰੀਜ਼ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ ਇਕ ਮਰੀਜ਼ ਦੀ ਮੌਤ ਹੋ ਗਈ ਅਤੇ ਇਕ ਦੀ ਅੱਖ ਕੱਢਣੀ ਪਈ। ਇਕ ਹੋਰ ਮਰੀਜ਼ ਦੀ ਅੱਖ ’ਤੇ ਵੀ ਅਸਰ ਪਿਆ ਹੈ। ਚਾਰ ਮਰੀਜ਼ ਅਜੇ ਵੀ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਹਨ। ਇਹ ਸਾਰੇ ਮਰੀਜ਼ ਡੇਢ ਮਹੀਨੇ ਦੇ ਵਕਫ਼ੇ ਨਾਲ ਰਿਪੋਰਟ ਹੋਏ ਹਨ। ਇਥੇ ਦੱਸ ਦੇਈਏ ਕਿ ਕੋਰੋਨਾ ਤੋਂ ਬਾਅਦ ਇਕ ਹੋਰ ਮਹਾਮਾਰੀ ਦੇ ਅਟੈਕ ਤੋਂ ਬਾਅਦ ਸਿਵਲ ਹਸਪਤਾਲ ’ਚ ਫਿਲਹਾਲ ਇਲਾਜ ਦੀ ਸੁਵਿਧਾ ਨਹੀਂ ਹੈ। ਨਿੱਜੀ ਹਸਪਤਾਲ ’ਚ ਇਸ ਦੇ ਇਲਾਜ ਦੀ ਸੁਵਿਧਾ ਹੈ। ਕੇਸ ਰਿਪੋਰਟ ਹੋਣ ਤੋਂ ਬਾਅਦ ਸਿਹਤ ਮਹਿਕਮਾ ਨਿੱਜੀ ਹਸਪਤਾਲਾਂ ’ਤੇ ਨਜ਼ਰ ਵੀ ਰੱਖ ਰਿਹਾ ਹੈ।
ਇਹ ਵੀ ਪੜ੍ਹੋ: ਟਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ
ਇਨ੍ਹਾਂ ਹਸਪਤਾਲਾਂ ’ਚ ਹੋਏ ਬਲੈਕ ਫੰਗਸ ਦੇ ਮਰੀਜ਼ ਰਿਪੋਰਟ
ਐੱਸ. ਜੀ. ਐੱਲ. ਹਸਪਤਾਲ ’ਚ ਇਕ, ਮੈਟਰੋ ਹਸਪਤਾਲ ’ਚ ਇਕ, ਸੈਕਰਿਟ ਹਾਰਟ ਹਸਪਤਾਲ ’ਚ 2, ਪਟੇਲ ਹਸਪਤਾਲ ’ਚ 8, ਐੱਨ. ਐੱਚ. ਐੱਸ. ਹਸਪਤਾਲ ’ਚ 2, ਹਾਂਡਾ ਨਿਊਰੋ ਹਸਪਤਾਲ ’ਚ 6 ਅਤੇ ਅਪੈਕਸ ਹਸਪਤਾਲ ’ਚ ਇਕ ਮਰੀਜ਼ ਰਿਪੋਰਟ ਹੋਇਆ ਹੈ।
ਹਾਂਡਾ ਨਿਊਰੋ ਹਸਪਤਾਲ ਦੇ ਡਾਇਰੈਕਟਰ ਡਾ. ਸੁਰੇਸ਼ ਹਾਂਡਾ ਮੁਤਾਬਕ 6 ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ। ਇਨ੍ਹਾਂ ’ਚੋਂ ਕਪੂਰਥਲਾ ਦੇ 60 ਸਾਲਾ ਬਜ਼ੁਰਗ ਦੀ ਅੱਖ ਖਰਾਬ ਹੋ ਗਈ ਸੀ ਅਤੇ ਆਪਰੇਸ਼ਨ ਕਰਕੇ ਅੱਖ ਕੱਢੀ ਗਈ ਸੀ। ਇਕ ਮਹੀਨਾ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਊਨਾ ’ਚ ਰਹਿਣ ਵਾਲੇ 45 ਸਾਲਾ ਵਿਅਕਤੀ ਦੀ ਵੀ ਮੌਤ ਹੋ ਗਈ ਸੀ। ਅਪੈਕਸ ਹਸਪਤਾਲ ਦੇ ਡਾਕਟਰ ਕਰਨਬੀਰ ਮੁਤਾਬਕ ਹਾਲ ਹੀ ’ਚ ਗਾਂਧੀ ਕੈਂਪ ਦੀ 45 ਸਾਲਾ ਮਹਿਲਾ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਸ ਨੂੰ ਸ਼ੂਗਰ ਦੀ ਬੀਮਾਰੀ ਸੀ। ਜਾਂਚ ’ਚ ਉਸ ਨੂੰ ਬਲੈਕ ਫੰਗਸ ਦੀ ਪੁਸ਼ਟੀ ਹੋਈ ਹੈ। ਹਸਪਾਤਲ ਦੀ ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ਕਰਕੇ ਇਸ ਨੂੰ ਕਾਬੂ ਕੀਤਾ। ਬੀਮਾਰੀ ਦੇ ਕਾਰਨ ਉਸ ਦੀ ਅੱਖ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ:ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼
ਉਥੇ ਹੀ ਪਟੇਲ ਹਸਪਤਾਲ ਦੇ ਡਾਕਟਰ ਸ਼ਮਿਤ ਚੋਪੜਾ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ 10 ਮਰੀਜ਼ ਸਾਹਮਣੇ ਆਏ। ਇਨ੍ਹਾਂ ’ਚੋਂ ਦੋ ਦੀ ਪੁਸ਼ਟੀ ਨਹੀਂ ਹੋ ਸਕੀ। ਬੀਮਾਰੀ ਦਿਮਾਗ ਅਤੇ ਅੱਖਾਂ ’ਤੇ ਅਸਰ ਕਰਦੀ ਹੈ। ਸ਼ੂਗਰ ਦੇ ਮਰੀਜ਼ਾਂ ’ਚ ਇਸ ਬੀਮਾਰੀ ਦੀ ਦਰ ਜ਼ਿਆਦਾ ਸਾਹਮਣੇ ਆਈ ਹੈ। ਹਸਪਤਾਲ ਤੋਂ ਜ਼ਿਆਦਾਤਰ ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।
ਇਹ ਹਨ ਬਲੈਕ ਫੰਗਸ ਦੇ ਲੱਛਣ
ਅੱਖਾਂ ’ਚ ਤੇਜ਼ੀ ਨਾਲ ਸੜਨ ਪੈਣੀ।
ਪਲਕਾਂ ਹੇਠਾਂ ਸੋਜ ਆਉਣੀ।
ਅੱਖਾਂ ਦਾ ਲਾਲ ਹੋਣਾ।
ਖ਼ੂਨ ਦੀ ਉਲਟੀ ਆਉਣਾ।
ਦੰਦ ਢਿੱਲੇ ਹੋ ਜਾਣੇ।
ਨੱਕ ਬੰਦ ਹੋਣਾ।
ਇਹ ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ
ਬੀਮਾਰੀ ਵੱਧਣ ਦੇ ਬਾਅਦ ਕੀ ਹੁੰਦਾ ਹੈ
ਅੱਖਾਂ ਦਾ ਘੁੰਮਣਾ ਘੱਟ ਹੋਣਾ।
ਦਿੱਸਣ ’ਚ ਧੁੰਦਲਾ ਵਿਖਾਈ ਦੇਣਾ।
ਚੀਜ਼ਾਂ ਦੋ-ਦੋ ਵਿਖਾਈ ਦੇਣੀਆਂ।
ਅੱਖਾਂ ਦਾ ਬਾਹਰ ਨਿਕਲਣਾ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਕੋਰੋਨਾ ਦੇ ਮਰੀਜ਼ ਨੱਕ ਬੰਦ ਹੋਣ ’ਤੇ ਇਸ ਨੂੰ ਬੈਕਟੀਰੀਅਲ ਇਨਫੈਕਸ਼ਨ ਨਾ ਸਮਝਣ। ਇਸ ਦੀ ਜਾਂਚ ਜ਼ਰੂਰ ਕਰਵਾਉਣ।
ਇਲਾਜ ਸ਼ੁਰੂ ਕਰਨ ’ਚ ਦੇਰੀ ਨਾ ਕਰੋ।
ਆਕਸੀਜਨ ਥੈਰੇਪੀ ਦੌਰਾਨ ਉਬਲਿਆ ਹੋਇਆ ਸਾਫ਼ ਪਾਣੀ ਦੀ ਵਰਤੋਂ ਕਰੋ।
ਡਾਕਟਰ ਦੀ ਸਲਾਹ ਤੋਂ ਬਾਅਦ ਹੀ ਐਂਟੀਬਾਓਟਿਕ ਅਤੇ ਐਂਟੀਫੰਗਲ ਦਵਾਈਆਂ ਦੀ ਵਰਤੋਂ ਕਰੋ।
ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤੇ ਮਰੀਜ਼ ਰੋਜ਼ਾਨਾ ਬਲੱਡ ਸ਼ਗੂਰ ਨੂੰ ਚੈੱਕ ਕਰਦੇ ਰਹਿਣ।
ਮਿੱਟੀ-ਘੱਟੇ ਵਾਲੀ ਜਗ੍ਹਾ ’ਤੇ ਜਾਉਣ ਵੇਲੇ ਮੂੰਹ ’ਤੇ ਮਾਸਕ ਜ਼ਰੂਰ ਲਗਾ ਕੇ ਜਾਓ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਰਿਸ਼ਤੇ ਸ਼ਰਮਸਾਰ: ਤਾਏ ਨੇ ਨਾਬਾਲਗ ਭਤੀਜੀ ਨਾਲ ਕੀਤਾ ਜਬਰ-ਜ਼ਿਨਾਹ
ਉਥੇ ਹੀ ਸਿਵਲ ਸਰਜਨ ਡਾ. ਬਲਵੰਤ ਸਿੰਘ ਦਾ ਕਹਿਣਾ ਹੈ ਕਿ ਬਲੈਕ ਫੰਗਸ ਦੇ ਇਲਾਜ ਦੀ ਸੁਵਿਧਾ ਸਿਵਲ ਹਸਪਤਾਲ ’ਚ ਨਹੀਂ ਮਿਲ ਰਹੀ ਹੈ। ਸਿਵਲ ਹਸਪਤਾਲ ਨੂੰ ਪੂਰੀ ਤਰ੍ਹਾਂ ਕੋਵਿਡ ਕੇਅਰ ਸੈਂਟਰ ’ਚ ਤਬਦੀਲ ਕੀਤਾ ਗਿਆ ਹੈ। ਜੇਕਰ ਮਰੀਜ਼ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਜਾਂ ਫਿਰ ਪੀ.ਜੀ.ਆਈ. ਰੈਫਰ ਕੀਤਾ ਜਾਵੇਗਾ। ਜ਼ਿਲ੍ਹੇ ’ਚ ਆਉਣ ਵਾਲੇ ਮਰੀਜ਼ਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਡਾਕਟਰ ਰਮਨ ਗੁਪਤਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਦੇ ਆਲਾ ਅਧਿਕਾਰੀਆਂ ਦੇ ਨਾਲ ਤਾਲਮੇਲ ਕਰਕੇ ਮਰੀਜ਼ਾਂ ਦੇ ਇਲਾਜ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ : ਬੰਦ ਹੋ ਸਕਦੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ, ਜਾਣੋ ਕੀ ਹੈ ਕਾਰਨ