ਬੀਕੇਯੂ ਏਕਤਾ ਸਿੱਧੂਪੁਰ ਤੇ ਖੇਤੀਬਾੜੀ ਵਿਭਾਗ ਯੂਰੀਆ ਬਲੈਕੀਆਂ ’ਤੇ ਮਾਰਿਆ ਛਾਪਾ, ਯੂਰੀਆ ਦੇ 602 ਗੱਟੇ ਬਰਾਮਦ
Saturday, Dec 25, 2021 - 10:13 AM (IST)
ਜੈਤੋ (ਗੁਰਮੀਤਪਾਲ) - ਬੀਤੇ ਕਈ ਮਹੀਨਿਆਂ ਤੋਂ ਕਿਸਾਨ ਭਰਾ ਆਪਣੇ ਖੇਤਾਂ ’ਚ ਵਰਤੋਂ ਲਈ ਯੂਰੀਆ ਖਾਦ ਦੀ ਸਪਲਾਈ ਲਈ ਜੱਦੋ-ਜਹਿਦ ਕਰ ਹਨ ਪਰ ਯੂਰੀਆ ਖਾਦ ਦੀ ਬਲੈਕ ਧੜੱਲੇ ਨਾਲ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਯੂਰੀਆ ਖਾਦ ਨਾ ਮਿਲਣ ਕਾਰਨ ਸੰਘਰਸ਼ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਹੁਦੇਦਾਰਾਂ ਜਤਿੰਦਰਜੀਤ ਸਿੰਘ ਬਲਾਕ ਕਨਵੀਨਰ ਅਤੇ ਰਣਜੀਤ ਸਿੰਘ ਰਾਮੇਆਣਾ ਇਕਾਈ ਪ੍ਰਧਾਨ ਨੇ ਖੇਤੀ ਬਾੜੀ ਵਿਭਾਗ ਜ਼ਿਲ੍ਹਾ ਫਰੀਦਕੋਟ ਦੇ ਚੀਫ਼ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਬਲਾਕ ਕੋਟਕਪੂਰਾ ਦੇ ਬਲਾਕ ਅਫਸਰ ਡਾ. ਗੁਰਪ੍ਰੀਤ ਸਿੰਘ, ਏ. ਡੀ. ਓ. ਜੈਤੋ ਡਾ. ਨਿਸ਼ਾਨ ਸਿੰਘ, ਡਾ. ਰਣਬੀਰ ਸਿੰਘ ਨੇ ਜੈਤੋ ਵਿਖੇ ਫਰਟੀਲਾਈਜਰ ਦੀਆਂ ਦੁਕਾਨਾਂ ’ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਨੇ 602 ਗੱਟੇ ਯੂਰੀਆ ਦੇ ਬਰਾਮਦ ਕੀਤੇ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨ ਜੱਥੇਬੰਦੀ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈਤੋ ਵਿਖੇ ਛਾਪਾਮਾਰੀ ਦੌਰਾਨ ਪ੍ਰਵੀਨ ਕੁਮਾਰ ਐਂਡ ਕੰਪਨੀ ਤੋਂ 120 ਬੈਗ ਯੂਰੀਆ, ਬਾਲਾ ਜੀ ਪੈਸਟੀਸਾਈਡ ਜੈਤੋ ਤੋਂ 350 ਬੈਗ ਅਤੇ ਰਾਕੇਸ਼ ਕੁਮਾਰ ਵਿਕਾਸ ਕੁਮਾਰ ਦੀ ਦੁਕਾਨ ਤੋਂ 132 ਬੈਗ ਯੂਰੀਆ ਦੇ ਬਰਾਮਦ ਕੀਤੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਹੁਦੇਦਾਰਾਂ ਜਤਿੰਦਰਜੀਤ ਸਿੰਘ ਬਲਾਕ ਕਨਵੀਨਰ ਅਤੇ ਰਣਜੀਤ ਸਿੰਘ ਰਾਮੇਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਭਰਾ ਆਪਣੀਆਂ ਫ਼ਸਲਾਂ ਦੀ ਸੁਰੱਖਿਆ ਲਈ ਯੂਰੀਆ ਖਾਦ ਲਈ ਤਰਸ ਰਹੇ ਹਨ। ਦੂਜੇ ਪਾਸੇ ਫਰਟੀਲਾਈਜ਼ਰ ਦੁਕਾਨ ਦਾਰ ਆਪਣੇ ਲਾਹੇ ਲਈ ਯੂਰੀਆ ਦੀ ਬਲੈਕ ਕਰਕੇ ਮੋਟਾ ਪੈਸਾ ਕਮਾ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਕਿਸਾਨ ਜੱਥੇਬੰਦੀ ਵੱਲੋਂ ਮਿਲ ਕੇ ਮਾਰੇ ਗਏ ਇਸ ਛਾਪੇ ’ਚ ਯੂਰੀਆ ਦੇ 602 ਗੱਟੇ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਨੂੰ ਇਹ ਤਿੰਨੇ ਦੁਕਾਨਦਾਰ ਬਲੈਕ ਕਰਨ ਦੀ ਤਾਂਕ ’ਚ ਸਨ। ਕਿਸਾਨ ਆਗੂਆਂ ਨੇ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਅੱਗੇ ਤੋਂ ਕੋਈ ਦੁਕਾਨਦਾਰ ਯੂਰੀਆ ਦੀ ਕਾਲਾਬਜਾਰੀ ਕਰਦਾ ਹੋਇਆ ਫੜ੍ਹਿਆ ਗਿਆ ਤਾਂ ਉਸਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਖਤ ਕਾਰਵਾਈ ਕਰਨ ’ਚ ਕੋਈ ਸੰਕੋਚ ਨਹੀਂ ਕਰੇਗੀ। ਇਸ ਮੌਕੇ ਅੰਮ੍ਰਿਤਪਾਲ ਸਿੰਘ ਯੂਥ ਇਕਾਈ ਕਨਵੀਨਰ, ਪਵਨਦੀਪ ਸਿੰਘ ਯੂਥ ਇਕਾਈ ਸਲਾਹਕਾਰ ਆਦਿ ਮੌਜੂਦ ਸਨ।