ਭਾਜਪਾ ਦੇ ‘ਆਪ’ ਸਰਕਾਰ ’ਤੇ ਤਿੱਖੇ ਨਿਸ਼ਾਨੇ, ਕਿਹਾ-‘ਪੇਪਰਲੈੱਸ’ ਨਹੀਂ ‘ਡਾਇਰੈਕਸ਼ਨਲੈੱਸ’ ਹੈ ਬਜਟ

Monday, Jun 27, 2022 - 07:34 PM (IST)

ਭਾਜਪਾ ਦੇ ‘ਆਪ’ ਸਰਕਾਰ ’ਤੇ ਤਿੱਖੇ ਨਿਸ਼ਾਨੇ, ਕਿਹਾ-‘ਪੇਪਰਲੈੱਸ’ ਨਹੀਂ ‘ਡਾਇਰੈਕਸ਼ਨਲੈੱਸ’ ਹੈ ਬਜਟ

ਚੰਡੀਗੜ੍ਹ (ਬਿਊਰੋ) : ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਿਧਾਨ ਸਭਾ ’ਚ ਪੇਸ਼ ਕੀਤੇ ਗਏ ਪਹਿਲੇ ਬਜਟ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਸ਼ਰਮਾ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਬਜਟ ‘ਪੇਪਰਲੈੱਸ’ ਹੈ ਪਰ ਅਸਲ ’ਚ ਇਹ ਬਜਟ ‘ਡਾਇਰੈਕਸ਼ਨਲੈੱਸ’ ਹੈ। ਇਸ ਬਜਟ ਦੀ ਕੋਈ ਦਿਸ਼ਾ ਨਹੀਂ ਸੀ। ਇਹ ਸਿਰਫ ਅੰਕੜਿਆਂ ਦੀ ਜਾਦੂਗਰੀ ਕਰਨ ਵਾਲਾ ਬਜਟ ਹੈ ਤੇ ਬਜਟ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਅੰਕੜਿਆਂ ਨਾਲ ਖੇਡਦੇ ਰਹੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਗੱਲਾਂ ਨੂੰ ਸੁਣਨ ਲਈ ਪੰਜਾਬ ਦੀ ਜਨਤਾ ਬੇਕਰਾਰ ਸੀ, ਉਨ੍ਹਾਂ ’ਤੇ ‘ਆਪ’ ਸਰਕਾਰ ਦਾ ਬਜਟ ਚੁੱਪ ਸੀ। ਸਰਕਾਰ ਬਣਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਾਰੀਆਂ ਮਾਤਾਵਾਂ ਤੇ ਭੈਣਾਂ ਨੂੰ 1000 ਰੁਪਿਆ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਸੀ ਤੇ ਉਸ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ। ਇਸ ਗਾਰੰਟੀ ਨੂੰ ਲੈ ਕੇ ਫਾਰਮ ਭਰੇ ਗਏ, ਵੱਡੇ-ਵੱਡੇ ਹੋਰਡਿੰਗਜ਼ ਲਗਾਏ ਗਏ ਕਿ ਅਸੀਂ 18 ਸਾਲ ਤੋਂ ਉਪਰ ਹਰ ਔਰਤ ਦੇ ਖਾਤੇ ’ਚ 1000 ਰੁਪਿਆ ਪਾਵਾਂਗੇ। ਸ਼ਰਮਾ ਨੇ ਕਿਹਾ ਕਿ ਇਸ ਸਭ ਤੋਂ ਮਹੱਤਵਪੂਰਨ ਗਾਰੰਟੀ ਬਾਰੇ ਅੱਜ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਕੁਝ ਵੀ ਨਹੀਂ ਬੋਲਿਆ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ, ਭਲਕੇ ਅਦਾਲਤ ’ਚ ਕੀਤਾ ਜਾਵੇਗਾ ਪੇਸ਼

ਇਸ ਗਾਰੰਟੀ ਬਾਰੇ ਬਜਟ ’ਚ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਸ ਤਰ੍ਹਾਂ ਸਰਕਾਰ ਚੋਣਾਂ ਦੌਰਾਨ ਮਾਤਾਵਾਂ ਤੇ ਭੈਣਾਂ ਨੂੰ ਦਿੱਤੀ ਇਸ ਗਾਰੰਟੀ ਤੋਂ ਪਿੱਛੇ ਹਟ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਤਕਰੀਬਨ 1 ਕਰੋੜ ਮਾਤਾਵਾਂ ਤੇ ਭੈਣਾਂ ਨਾਲ ਕੀਤੇ ਧੋਖੇ ਲਈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਪਰ ਉਹ ਇਨ੍ਹਾਂ ਨੂੰ ਮੁਆਫ਼ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦਾ ਬਹੁਤ ਮਾੜਾ ਹਾਲ ਹੋਣ ਵਾਲਾ ਹੈ। 300 ਯੂਨਿਟ ਫ੍ਰੀ ਬਿਜਲੀ ਗਾਰੰਟੀ ਬਾਰੇ ਬੋਲਦਿਆਂ ਸ਼ਰਮਾ ਨੇ ਕਿਹਾ ਕਿ ਬਜਟ ’ਚ ਇਸ ਗਾਰੰਟੀ ਨੂੰ ਪੂਰਾ ਕਰਨ ਲਈ ਇਕ ਰੁਪਈਆ ਨਹੀਂ ਰੱਖਿਆ ਗਿਆ। ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ’ਤੇ ਕਿੰਨੇ ਹਜ਼ਾਰ ਕਰੋੜ ਸਬਸਿਡੀ ਬਣੇਗੀ, ਇਹ ਸਬਸਿਡੀ ਸਰਕਾਰ ਕਿੱਥੋਂ ਦੇਵੇੇਗੀ, ਬਜਟ ’ਚ ਇਸ ਬਾਰੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ੍ਰੀ ਬਿਜਲੀ ਦੇਣ ਲਈ ਬਜਟ 6947 ਕਰੋੜ ਰੁਪਿਆ ਰੱਖਿਆ ਗਿਆ ਹੈ, ਜਦਕਿ ਘਰ-ਘਰ 300 ਯੂਨਿਟ ਫ੍ਰੀ ਦੇਣ ਲਈ ਇਕ ਰੁਪਈਆ ਨਹੀਂ ਰੱਖਿਆ ਗਿਆ। ਇਨ੍ਹਾਂ ਦੋ ਗਾਰੰਟੀਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਧੋਖੇ ਦਾ ਜਵਾਬ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਪਵੇਗਾ। ਪੰਜਾਬ ਸਰਕਾਰ ਕਹਿ ਰਹੀ ਹੈ ਕਿ 9648 ਕਰੋੜ ਰੁਪਿਆ ਐਕਸਾਈਜ਼ ਪਾਲਿਸੀ ਤੋਂ ਕਮਾਵਾਂਗੇ। ਇਸ ਐਕਸਾਈਜ਼ ਪਾਲਿਸੀ ਦਾ ਪੂਰੇ ਪੰਜਾਬ ’ਚ ਵਿਰੋਧ ਹੋ ਰਿਹਾ ਹੈ। ਇਹ ਪਾਿਲਸੀ ਵੱਡੇ ਕਾਰਪੋਰੇਟਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਲਿਆਂਦੀ ਹੈ।

ਇਹ ਵੀ ਪੜ੍ਹੋ : ਤਬੀਅਤ ਖ਼ਰਾਬ ਹੋਣ ਮਗਰੋਂ ਸਿਮਰਨਜੀਤ ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ, ਸਮਰਥਕਾਂ ਨੂੰ ਕੀਤੀ ਇਹ ਅਪੀਲ

ਉਨ੍ਹਾਂ ਕਿਹਾ ਕਿ ਚੀਮਾ ਨੇ ਬਜਟ ਪੇਸ਼ ਕਰਨ ਦੌਰਾਨ ਦਾਅਵਾ ਕੀਤਾ ਕਿ ਗ਼ੈਰ-ਟੈਕਸ ਸੋਰਸ ਤੋਂ 636 ਕਰੋੜ ਰੁਪਏ ਆਉਣਗੇ, ਜਿਨ੍ਹਾਂ ’ਚ ਮਾਈਨਿੰਗ ਵੀ ਸ਼ਾਮਲ ਹੈ। ਸ਼ਰਮਾ ਨੇ ਕਿਹਾ ਕਿ ਜੇ ਬਾਕੀ ਸੋਰਸ ਕੱਢ ਦੇਈਏ ਤਾਂ ਮਾਈਨਿੰਗ ਦੀ ਕਮਾਈ ਸਾਲਾਨਾ 300 ਕਰੋੜ ਰੁਪਏ ਹੋਵੇਗੀ। ਜਦੋਂ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਪੰਜਾਬ ’ਚ ਮਾਈਨਿੰਗ ਮਾਫ਼ੀਆ ਵੱਲੋਂ 20 ਹਜ਼ਾਰ ਕਰੋੜ ਰੁਪਏ ਦੀ ਗੈਰ-ਕਾਨੂੰਨੀ ਮਾਈਨਿੰਗ ਹੁੰਦੀ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਜੋ 20 ਹਜ਼ਾਰ ਕਰੋੜ ਰੁਪਿਆ ਸਿਆਸਤਦਾਨਾਂ ਦੀ ਜੇਬ ’ਚ ਜਾ ਰਿਹਾ ਹੈ, ਮੈਂ ਹਰ ਸਾਲ ਉਸ ਨੂੰ ਬਚਾ ਕੇ ਪੰਜਾਬ ਦੇ ਖ਼ਜ਼ਾਨੇ ’ਚ ਪਾਵਾਂਗਾ। ਅੱਜ ਉਨ੍ਹਾਂ ਦੀ ਸਰਕਾਰ ਦਾ ਵਿੱਤ ਮੰਤਰੀ ਕਹਿ ਰਿਹਾ ਹੈ ਕਿ ਮਾਈਨਿੰਗ ਤੇ ਹੋਰ ਸੋਰਸਾਂ ਤੋਂ ਹਰ ਸਾਲ 636 ਕਰੋੜ ਰੁਪਿਆ ਖ਼ਜ਼ਾਨੇ ’ਚ ਆਏਗਾ। ਭਾਜਪਾ ਆਗੂ ਨੇ ਕਿਹਾ ਕਿ 20 ਹਜ਼ਾਰ ਕਰੋੜ ’ਚੋਂ ਬਾਕੀ ਦਾ 19700 ਕਰੋੜ ਰੁਪਿਆ ਕੇਜਰੀਵਾਲ ਕੋਲੋਂ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਚੀਮਾ ਝੂਠ ਬੋਲ ਰਹੇ ਹਨ ਜਾਂ ਅਰਵਿੰਦ ਕੇਜਰੀਵਾਲ ਨੇ ਝੂਠ ਬੋਲਿਆ ਸੀ। ਉਦੋਂ ਕਹਿ ਰਹੇ ਸਨ ਕਿ ਇਹ ਪੈਸਾ ਕਾਂਗਰਸੀਆਂ ਤੇ ਅਕਾਲੀਆਂ ਦੀ ਜੇਬ ’ਚ ਜਾ ਰਿਹਾ ਹੈ, ਹੁਣ ਕਿਸ ਦੀ ਜੇਬ ’ਚ ਜਾ ਰਿਹਾ ਹੈ। ਇਹ ਬਜਟ ਸੂਬੇ ਦੇ ਲੋਕਾਂ ਨੂੰ ਮੂਰਖ਼ ਬਣਾਉਣ ਦੀ ਕੋਸ਼ਿਸ਼ ਹੈ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ, ਜਾਣੋ ਕੀ ਰਹੇ ਵੱਡੇ ਕਾਰਨ  


author

Manoj

Content Editor

Related News