ਭਾਜਪਾ ਨੇ ਪਰਾਲੀ ਸਾੜਣ ਦੇ ਮਾਮਲਿਆਂ ''ਤੇ ਘੇਰੀ ''ਆਪ'', ਕਿਹਾ ਨਾਕਾਮ ਸਾਬਿਤ ਹੋਏ ਪਾਰਟੀ ਦੇ ਦੋਵੇਂ ਮੁੱਖ ਮੰਤਰੀ

11/02/2022 7:58:47 PM

ਚੰਡੀਗੜ੍ਹ (ਹਰੀਸ਼ਚੰਦਰ) : ਭਗਵੰਤ ਮਾਨ ਸਰਕਾਰ ਵੱਲੋਂ ਪਰਾਲੀ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਪੰਜਾਬ ਵਿਚ ਪਰਾਲੀ ਸਾੜਨ ਦੇ ਵਧੇ ਮਾਮਲਿਆਂ ਸਬੰਧੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਕਿ ਦੋਵਾਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਸਾਫ਼ ਨਜ਼ਰ ਆ ਰਿਹਾ ਹੈ। ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਲੋਕਾਂ ਸਾਹਮਣੇ ਵੱਡੀਆਂ-ਵੱਡੀਆਂ ਸ਼ੇਖੀਆਂ ਮਾਰਨ ਵਾਲੇ ਇਹ ਦੋਵੇਂ ਮੁੱਖ ਮੰਤਰੀ ਪਰਾਲੀ ਪ੍ਰਬੰਧਨ ਵਿਚ ਨਾਕਾਮ ਸਾਬਿਤ ਹੋਏ ਹਨ।

ਡਾ. ਸ਼ਰਮਾ ਨੇ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਇਕ ਦਿਨ ਵਿਚ ਪਰਾਲੀ ਸਾੜਨ ਦੀਆਂ 2131 ਘਟਨਾਵਾਂ ਵਾਪਰੀਆਂ ਹਨ ਅਤੇ ਇਨ੍ਹਾਂ 'ਚੋਂ 330 ਘਟਨਾਵਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਵਿਚ ਹੀ ਵਾਪਰੀਆਂ ਹਨ। ਇਸ ਸਾਲ 31 ਅਕਤੂਬਰ 2022 ਤਕ 16,004 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜਦਕਿ ਪਿਛਲੇ ਸਾਲ 30 ਅਕਤੂਬਰ 2021 ਤਕ 13,124 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਇਸ ਵਾਰ ਪਿਛਲੇ ਸਾਲ ਨਾਲੋਂ 3000 ਵੱਧ ਕੇਸ ਦਰਜ ਹੋਏ ਹਨ। ਪੁਰਾਣੇ ਰਿਕਾਰਡ ਅਨੁਸਾਰ ਪਹਿਲੇ 45 ਦਿਨਾਂ ਵਿਚ 20 ਫ਼ੀਸਦੀ ਅਤੇ ਪਿਛਲੇ 15 ਦਿਨਾਂ ਵਿਚ 80 ਫ਼ੀਸਦੀ ਪਰਾਲੀ ਸਾੜੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : 5 ਨਵੰਬਰ ਨੂੰ ਡੇਰਾ ਬਿਆਸ ਆਉਣਗੇ PM ਨਰਿੰਦਰ ਮੋਦੀ

ਉਨ੍ਹਾਂ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਦੇਖਦਿਆਂ ਆਉਣ ਵਾਲੇ 15 ਦਿਨਾਂ ਵਿਚ ਪਰਾਲੀ ਸਾੜਨ ਦੀਆਂ 80 ਫੀਸਦੀ ਹੋਰ ਘਟਨਾਵਾਂ ਹੋਣਗੀਆਂ, ਜਿਸ ਕਾਰਣ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ਤੱਕ ਵਧ ਜਾਵੇਗਾ, ਜਿਸ ਕਾਰਣ ਸਾਹ ਲੈਣ ਵਿਚ ਵੀ ਮੁਸ਼ਕਿਲ ਆ ਸਕਦੀ ਹੈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਡੂੰਘੀ ਨੀਂਦ ਵਿਚ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ 8 ਸੂਤਰੀ ਏਜੰਡੇ ’ਤੇ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਜਿਹੜੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ, ਉਹ ਉਸੇ ਤਰ੍ਹਾਂ ਪਈਆਂ ਹਨ। ਮੋਦੀ ਸਰਕਾਰ ਨੇ ਪਿਛਲੇ 3 ਸਾਲਾਂ ਵਿਚ 2,440 ਕਰੋੜ ਰੁਪਏ ਜਾਰੀ ਕੀਤੇ ਹਨ। ਉਸ ਫੰਡ ਦਾ 47 ਫੀਸਦੀ ਪੰਜਾਬ ਨੂੰ ਮਿਲਿਆ। ਪੰਜਾਬ ਨੂੰ 1147 ਕਰੋੜ ਰੁਪਏ ਮਿਲੇ ਹਨ ਜਦਕਿ ਹਰਿਆਣਾ ਨੂੰ 697 ਕਰੋੜ ਰੁਪਏ ਮਿਲੇ ਹਨ। ਪਰਾਲੀ ਦੇ ਪ੍ਰਬੰਧਨ ਲਈ ਕੇਂਦਰ ਸਰਕਾਰ ਵਲੋਂ ਭੇਜੀਆਂ ਗਈਆਂ ਮਸ਼ੀਨਾਂ ਵੀ ਪੰਜਾਬ ਨੂੰ ਜ਼ਿਆਦਾ ਅਤੇ ਹਰਿਆਣਾ ਨੂੰ ਘੱਟ ਮਿਲੀਆਂ ਪਰ ਹਰਿਆਣਾ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਵਿਚ ਜ਼ਿਆਦਾ ਸਫ਼ਲ ਰਿਹਾ।

ਡਾ. ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੰਜਾਬ ਦੇ ਵਿਕਾਸ ਜਾਂ ਪੰਜਾਬ ਨੂੰ ਚਲਾਉਣ ਵੱਲ ਕੋਈ ਧਿਆਨ ਜਾਂ ਦਿਲਚਸਪੀ ਨਹੀਂ ਹੈ।


Anuradha

Content Editor

Related News