ਖੇਤੀ ਆਰਡੀਨੈਂਸਾਂ ''ਤੇ ਕਿਸਾਨਾਂ ਦੀ ਬਗਾਵਤ ਨਾਲ ਭਾਜਪਾ ’ਚ ਮਚੀ ਭਾਜੜ
Monday, Oct 05, 2020 - 01:54 AM (IST)
ਚੰਡੀਗਡ਼੍ਹ- ਖੇਤੀ ਆਰਡੀਨੈਂਸਾਂ 'ਤੇ ਕਿਸਾਨਾਂ ਦੀ ਬਗਾਵਤ ਨਾਲ ਭਾਜਪਾ ’ਚ ਭਾਜੜ ਮਚ ਗਈ ਹੈ, ਕੀ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੂੰ ਨਹੀਂ ਪਤਾ ਕਿ ਕਿਸਾਨ ਕਿਨ੍ਹਾਂ ਹਾਲਾਤ ਵਿਚ ਕੰਮ ਕਰਦਾ ਹੈ। ਇਹ ਲੋਕ ਕਿਸਾਨ ਤੇ ਆੜ੍ਹਤੀ ਦਾ ਰਿਸ਼ਤਾ ਤੋੜਨ ਦਾ ਕੰਮ ਕਰ ਰਹੇ ਹਨ। ਪੰਜਾਬ ਦੇਸ਼ ਦੀ ਕੁਲ ਧਰਤੀ ਦਾ 2 ਫੀਸਦੀ ਹਿੱਸਾ ਹੈ ਪਰ ਦੇਸ਼ ਦੇ ਖੁਰਾਕ ਭੰਡਾਰ ਵਿਚ ਕਿਸਾਨਾਂ ਦਾ ਅੰਦੋਲਨ ਦੇਖ ਕੇ ਭਾਜਪਾ ਵਿਚ ਭਾਜੜ ਮਚੀ ਹੈ ਅਤੇ ਹੁਣ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਹੁਣ ਕੀ ਸਰਕਾਰ ਸਵਾਹ ਗੱਲ ਕਰੇਗੀ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਸਾਰੇ ਦੇਸ਼ ਅਤੇ ਕਿਸਾਨਾਂ ਨੂੰ ਇਕਜੁੱਟ ਕਰਨ। ਅਸੀਂ ਇਸ ਮਾਮਲੇ ਵਿਚ ਰਾਹੁਲ ਗਾਂਧੀ ਦੇ ਨਾਲ ਹਾਂ ਕਿਉਂਕਿ ਜਦੋਂ ਤਕ ਕਿਸਾਨ ਤੇ ਵਿਰੋਧੀ ਧਿਰ ਇਕਜੁੱਟ ਨਹੀਂ ਹੋਣਗੇ, ਦਿੱਲੀ ਦੀ ਸਰਕਾਰ ਇਸ ਕਾਨੂੰਨ ਵਿਚ ਤਬਦੀਲੀ ਨਹੀਂ ਕਰੇਗੀ।
ਅਕਾਲੀ ਦਲ ਨੇ ਕਿਸਾਨਾਂ ਨਾਲ ਗੱਦਾਰੀ ਕੀਤੀ
ਇਸ ਮਾਮਲੇ ਵਿਚ ਅਕਾਲੀ ਦਲ ’ਤੇ ਹਮਲਾ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਇਸ ਮੁੱਦੇ ’ਤੇ ਆਲ ਪਾਰਟੀ ਮੀਟਿੰਗ ਸੱਦੀ ਤਾਂ ਅਕਾਲੀ ਦਲ ਉਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਇਆ ਅਤੇ ਜਦੋਂ ਮੈਂ ਵਿਧਾਨ ਸਭਾ ਵਿਚ ਇਸ ਮਾਮਲੇ ’ਤੇ ਚਰਚਾ ਚਾਹੁੰਦਾ ਸੀ ਤਾਂ ਉਸ ਵੇਲੇ ਵੀ ਅਕਾਲੀ ਦਲ ਨੇ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਨਹੀਂ ਲਿਆ। ਜਦੋਂ ਦਿੱਲੀ ਵਿਚ ਅਸੀਂ ਮਾਮਲੇ ਨੂੰ ਚੁੱਕਿਆ ਤਾਂ ਉਸ ਵੇਲੇ ਵੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਦਾ ਪੱਖ ਲਿਆ ਪਰ ਹੁਣ ਜਦੋਂ ਪੰਜਾਬ ਵਿਚ ਕਿਸਾਨ ਸੜਕਾਂ ’ਤੇ ਹਨ ਅਤੇ ਕਿਸਾਨਾਂ ਨੇ ਅਕਾਲੀ ਨੇਤਾਵਾਂ ਦੀ ਪੰਜਾਬ ਵਿਚ ਐਂਟਰੀ ਬੰਦ ਕਰ ਦਿੱਤੀ ਹੈ ਤਾਂ ਹਰਸਿਮਰਤ ਅਸਤੀਫੇ ਦਾ ਡਰਾਮਾ ਕਰ ਰਹੀ ਹੈ। ਸੁਖਬੀਰ ਬਾਦਲ ਹਰਸਿਮਰਤ ਦੇ ਅਸਤੀਫੇ ਨੂੰ ਵੱਡੀ ਕੁਰਬਾਨੀ ਤੇ ਐਟਮ ਬੰਬ ਦੱਸ ਰਹੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਸੁਖਬੀਰ ਨੂੰ ਪਤਾ ਹੈ ਕਿ ਕੁਰਬਾਨੀ ਕੀ ਹੁੰਦੀ ਹੈ। ਕੁਰਬਾਨੀ ਗੁਰੂ ਕੇ ਬਾਗ ਦਾ ਮੋਰਚਾ ਹੁੰਦੀ ਹੈ ਅਤੇ ਕੁਰਬਾਨੀ ਜੈਤੋਂ ਦਾ ਮੋਰਚਾ ਹੁੰਦੀ ਹੈ। ਅਕਾਲੀ ਦਲ ਨੇ ਜੋ ਕੀਤਾ ਹੈ, ਉਹ ਕੁਰਬਾਨੀ ਨਹੀਂ, ਪੰਜਾਬ ਨਾਲ ਗੱਦਾਰੀ ਹੈ।ਅੱਜ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ ਆਇਆ ਹੈ ਕਿ ਜਦੋਂ ਕੈਬਨਿਟ ਵਿਚ ਇਹ ਕਾਨੂੰਨ ਪਾਸ ਹੋਏ, ਉਸ ਵੇਲੇ ਹਰਸਿਮਰਤ ਕੌਰ ਬਾਦਲ ਨੇ ਸਹਿਮਤੀ ਦਿੱਤੀ ਸੀ ਪਰ ਹੁਣ ਸਿਆਸੀ ਫਾਇਦੇ ਲਈ ਅਕਾਲੀ ਦਲ ਇਸ ਦਾ ਵਿਰੋਧ ਕਰ ਰਿਹਾ ਹੈ। ਪੰਜਾਬ ਵਾਸੀ ਹੁਣ ਇਨ੍ਹਾਂ ਦਾ ਅਸਲੀ ਚਿਹਰਾ ਦੇਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੇ ਦਮ ’ਤੇ ਵਪਾਰ ਚੱਲਦਾ ਹੈ ਕਿਉਂਕਿ ਫਸਲਾਂ ਦੀ ਵਾਢੀ ਹੁੰਦੀ ਹੈ ਤਾਂ ਸ਼ਹਿਰਾਂ ਵਿਚ ਦੁਕਾਨਾਂ ਚੱਲਦੀਆਂ ਹਨ। ਜੇ ਖੇਤੀਬਾੜੀ ਨੂੰ ਨੁਕਸਾਨ ਹੋਇਆ ਤਾਂ ਸ਼ਹਿਰਾਂ ਦੀ ਅਰਥਵਿਵਸਥਾ ਵੀ ਚੌਪਟ ਹੋ ਜਾਵੇਗੀ।
ਅਸੀਂ ਕਾਨੂੰਨੀ ਤੇ ਸਿਆਸੀ ਰਸਤੇ ਅਪਣਾਵਾਂਗੇ
ਸਾਨੂੰ ਇਸ ਮਾਮਲੇ ਵਿਚ ਜੋ ਵੀ ਕਾਨੂੰਨੀ ਕਦਮ ਚੁੱਕਣੇ ਪੈਣ, ਅਸੀਂ ਸਾਰੇ ਰਸਤੇ ਅਪਣਾਵਾਂਗੇ। ਸਾਨੂੰ ਸੁਪਰੀਮ ਕੋਰਟ ਜਾਣਾ ਪਵੇਗਾ ਤਾਂ ਉੱਥੇ ਜਾਵਾਂਗੇ। ਜੇ ਸਾਨੂੰ ਵਿਧਾਨ ਸਭਾ ਵਿਚ ਕਾਨੂੰਨ ਬਣਾਉਣਾ ਪਵੇ ਤਾਂ ਉਹ ਵੀ ਕਰਾਂਗੇ। ਸਾਡੀ ਕਾਨੂੰਨੀ ਟੀਮ ਇਸ ਮਾਮਲੇ ਵਿਚ ਸੰਵਿਧਾਨ ਮਾਹਿਰਾਂ ਦੀ ਰਾਏ ਲੈ ਰਹੀ ਹੈ ਅਤੇ ਉਹ ਜੋ ਰਾਏ ਦੇਣਗੇ, ਮੈਂ ਉਸ ’ਤੇ ਕੰਮ ਜ਼ਰੂਰ ਕਰਾਂਗਾ। ਮੈਂ ਰੱਬ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਰਾਹੁਲ ਗਾਂਧੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਕੰਮ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਇਸ ਮਾਮਲੇ ਵਿਚ ਕਾਨੂੰਨੀ ਰਸਤਾ ਅਪਨਾਉਣ ਦੇ ਨਾਲ-ਨਾਲ ਸਿਆਸੀ ਰਸਤਾ ਵੀ ਅਪਣਾਏਗੀ ਅਤੇ ਜਿਵੇਂ ਹੀ ਪੰਜਾਬ ਵਿਚ ਝੋਨੇ ਦੀ ਵਾਢੀ ਦਾ ਕੰਮ ਖਤਮ ਹੋਵੇਗਾ, ਪੰਜਾਬ ਦੇ ਹਰ ਪਿੰਡ ਵਿਚ ਇਸ ਮੁੱਦੇ ਨੂੰ ਲੈ ਕੇ ਜਾਵੇਗੀ ਅਤੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੋਵੇਗੀ।