ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ, 15 ਲੱਖ ਦੇ ਸੋਨੇ ਦੇ ਗਹਿਣੇ ਬਰਾਮਦ
Tuesday, May 12, 2026 - 11:17 AM (IST)
ਜਲੰਧਰ (ਮਹੇਸ਼)– ਟ੍ਰੇਨਾਂ ਵਿਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਥਾਣਾ ਜੀ. ਆਰ. ਪੀ. ਜਲੰਧਰ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਸਰਾਂ ਦੀ ਟੀਮ ਨੇ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਵਿਚ 2 ਮੁਲਜ਼ਮ ਨਾਬਾਲਗ ਅਤੇ ਇਕ ਬਾਲਿਗ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਸਿਟੀ ਰੇਲਵੇ ਪੁਲਸ ਨੇ 15 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਥਾਣਾ ਮੁਖੀ ਸੁਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਸੰਯੋਗਿਤਾ ਰਾਣਾ ਪਤਨੀ ਅਮਿਤਪਾਲ ਰਾਣਾ ਨਿਵਾਸੀ ਅਸ਼ਵਾਨਾ ਅਮਰਬਾਗ ਥਾਣਾ ਕੁੁਡੀ ਬਗਤਾਸਣੀ ਜ਼ਿਲਾ ਜੋਧਪੁਰ ਰਾਜਸਥਾਨ ਨੇ ਥਾਣਾ ਜੀ. ਆਰ. ਪੀ. ਜਲੰਧਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 5 ਮਈ ਨੂੰ ਰੇਲਵੇ ਸਟੇਸ਼ਨ ਜੋਧਪੁਰ ਤੋਂ ਰੇਲਵੇ ਸਟੇਸ਼ਨ ਜੰਮੂਤਵੀ ਤਕ ਗੱਡੀ ਨੰਬਰ 14803 (ਭਗਤ ਦੀ ਕੋਠੀ) ਵਿਚ ਸਫਰ ਕਰ ਰਹੀ ਸੀ ਤਾਂ ਇਸੇ ਦੌਰਾਨ ਜਦੋਂ ਜਲੰਧਰ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਪਿੱਛੇ ਟ੍ਰੇਨ ਰੁਕੀ ਤਾਂ ਉਸ ਦਾ ਕਿਸੇ ਨੇ ਪਰਸ ਚੋਰੀ ਕਰ ਲਿਆ। ਪਰਸ ਵਿਚ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਸਨ।
ਐੱਸ. ਐੱਚ. ਓ. ਸਰਾਂ ਨੇ ਕਿਹਾ ਕਿ ਪੁਲਸ ਨੇ ਔਰਤ ਸੰਯੋਗਿਤਾ ਰਾਣਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਰੇਲਵੇ ਜਲੰਧਰ ਵਿਚ ਉਸ ਦਾ ਪਰਸ ਚੋਰੀ ਕਰਨ ਵਾਲਿਆਂ ਖ਼ਿਲਾਫ਼ 8 ਮਈ ਨੂੰ ਅੰਡਰ ਸੈਕਸ਼ਨ 305 ਬੀ. ਐੱਨ. ਐੱਸ. ਤਹਿਤ 50 ਨੰਬਰ ਐੱਫ. ਆਈ. ਆਰ. ਦਰਜ ਕਰ ਲਈ ਅਤੇ ਚੋਰੀ ਦੀ ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ। ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਮੁਲਜ਼ਮਾਂ ਦੀ ਪਛਾਣ ਹੋ ਗਈ, ਜਿਸ ਦੇ ਬਾਅਦ ਪੁਲਸ ਨੇ 3 ਮੁਲਜ਼ਮਾਂ ਜਸਕਰਨ ਵਿਰਦੀ ਉਰਫ ਲੱਡੂ ਅਤੇ ਚੁਲਬੁਲ ਦੁਬੇ ਉਰਫ ਛੋਟੂ (ਦੋਵੇਂ ਨਾਬਾਲਗ) ਅਤੇ ਜਤਿੰਦਰ ਉਰਫ ਸਾਈਕੋ (ਬਾਲਗ) ਪੁੱਤਰ ਪ੍ਰਦੀਪ ਕੁਮਾਰ ਨਿਵਾਸੀ ਮਕਾਨ ਨੰਬਰ 1206 ਗਲੀ ਨੰਬਰ 2 ਆਸ਼ੂ ਮੁਹੱਲਾ ਕਾਜ਼ੀ ਮੰਡੀ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੇ ਕਬਜ਼ੇ ਵਿਚੋਂ ਬਰਾਮਦ ਹੋਏ ਚੋਰੀਸ਼ੁਦਾ ਸੋਨੇ ਦੇ ਗਹਿਣੇ ਦੀ ਕੀਮਤ 14 ਤੋਂ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਔਰਤ ਰੇਲ ਯਾਤਰੀ ਸੰਯੋਗਿਤਾ ਨੇ ਚੋਰੀ ਦੀ ਵਾਰਦਾਤ ਟ੍ਰੇਸ ਕਰਨ ’ਤੇ ਰੇਲਵੇ ਪੁਲਸ ਜਲੰਧਰ ਦਾ ਧੰਨਵਾਦ ਕੀਤਾ ਹੈ। ਪ੍ਰੈੱਸ ਕਾਨਫਰੰਸ ਵਿਚ ਐੱਸ. ਐੱਚ. ਓ. ਸੁਖਵਿੰਦਰ ਸਿੰਘ ਸਰਾਂ ਨਾਲ ਆਰ. ਪੀ. ਐੱਫ. ਦੇ ਇੰਸ. ਆਰ. ਐੱਸ. ਕਿਨ੍ਹਾ ਅਤੇ ਏ. ਐੱਸ. ਆਈ. ਹੀਰਾ ਸਿੰਘ ਵੀ ਮੌਜੂਦ ਸਨ।
