ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ! ਪਤਨੀ ਦਾ ਕਤਲ ਕਰ ਥਾਣੇ ਪਹੁੰਚਿਆ ਪਤੀ

Thursday, May 21, 2026 - 01:24 PM (IST)

ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ! ਪਤਨੀ ਦਾ ਕਤਲ ਕਰ ਥਾਣੇ ਪਹੁੰਚਿਆ ਪਤੀ

ਜਲੰਧਰ/ਲਾਂਬੜਾ (ਵਰਿੰਦਰ/ਸੋਨੂੰ)- ਜਲੰਧਰ ਦੇ ਪਿੰਡ ਨਾਹਲ ਦੇ ਅਧੀਨ ਆਉਂਦੇ ਸਾਗਰ ਇੰਨਕਲੇਵ ਵਿਚ ਅੱਜ ਸਵੇਰ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਇਹ ਜਲੰਧਰ ਵਿਚ ਕਤਲ ਦੀ ਅੱਜ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਗਦਈਪੁਰ ਵਿਚ ਨੌਜਵਾਨ ਦਾ ਕਤਲ ਕੀਤਾ ਗਿਆ। ਇਸ ਮਗਰੋਂ ਹੁਣ ਨਾਹਲ ਵਿਚ ਇਕ ਪਤੀ ਨੇ ਰੋਟੀ ਬਣਾਉਂਦੀ ਪਤਨੀ 'ਤੇ ਤਵੇ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਗਰੋਂ ਉਹ ਖ਼ੁਦ ਹੀ ਥਾਣੇ ਜਾ ਪਹੁੰਚਿਆ ਤੇ ਪੁਲਸ ਅੱਗੇ ਜਾ ਕੇ ਆਪਣਾ ਜੁਰਮ ਕਬੂਲ ਲਿਆ। ਮੁਲਜ਼ਮ ਦੀ ਪਛਾਣ ਸੰਤੋਖ ਕੁਮਾਰ ਵਿਸ਼ਵਕਰਮਾ ਵਜੋਂ ਹੋਈ ਹੈ, ਜੋ ਮੂਲ ਤੌਰ 'ਤੇ ਨੇਪਾਲ ਦਾ ਰਹਿਣ ਵਾਲਾ ਸੀ। 

ਜਾਣਕਾਰੀ ਅਨੁਸਾਰ ਸੰਤੋਖ ਕੁਮਾਰ ਦੀ ਪਤਨੀ ਸੀਤਾ ਵਿਸ਼ਵਕਰਮਾ ਰੋਟੀ ਬਣਾ ਰਹੀ ਸੀ, ਇਸੇ ਦੌਰਾਨ ਦੋਹਾਂ ਦੀ ਲੜਾਈ ਹੋ ਗਈ ਤੇ ਸੰਤੋਖ ਨੇ ਤਵੇ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਪਤਨੀ ਦੀਆਂ ਅੱਖਾਂ ਤਕ ਬਾਹਰ ਆ ਗਈਆਂ। ਮ੍ਰਿਤਕਾ ਦੀ ਪਛਾਣ ਸੀਤਾ ਵਿਸ਼ਕਰਮਾ ਵਜੋਂ ਹੋਈ ਹੈ, ਜਿਸ ਦੀ ਉਮਰ ਤਕਰੀਬਨ 38 ਸਾਲ ਹੈ। ਘਟਨਾ ਮਗਰੋਂ ਮੁਲਜ਼ਮ ਖ਼ੁਦ ਥਾਣੇ ਜਾ ਪਹੁੰਚਿਆ ਤੇ ਸਾਰੀ ਕਹਾਣੀ ਦੱਸ ਕੇ ਆਤਮ-ਸਮਰਪਨ ਕਰ ਦਿੱਤਾ। ਥਾਣਾ ਲਾਂਬੜਾ ਦੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਵੀ ਮੌਕੇ 'ਤੇ ਪਹੁੰਚੇ ਤੇ ਆਲੇ-ਦੁਆਲੇ ਦੇ  ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਬਸਪਾ ਵਰਕਰ ਵਿਜੇ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਇਕ ਪ੍ਰਵਾਸੀ ਨੇ ਆਪਣੀ ਪਤਨੀ ਦਾ ਕਤਲ ਕਰਕ ਦਿੱਤਾ। ਪਰਿਵਾਰ ਨੂੰ ਇਲਾਕੇ ਵਿਚ ਆਏ 15 ਦਿਨ ਹੀ ਹੋਏ ਹਨ। ਕਤਲ ਮਗਰੋਂ ਮੁਲਜ਼ਮ ਖ਼ੁਦ ਥਾਣੇ ਚਲਾ ਗਿਆ ਤੇ ਸਰੰਡਰ ਕਰ ਦਿੱਤਾ। ਵਿਜੇ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਕਤ ਮੁਲਜ਼ਮ ਨੇਪਾਲ ਵਿਚ ਵੀ ਕਿਸੇ ਦਾ ਕਤਲ ਕਰ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਲੋਕਾਂ ਵੱਲੋਂ ਬਿਨਾਂ ਵੈਰੀਫ਼ਿਕੇਸ਼ਨ ਦੇ ਕਿਰਾਏਦਾਰ ਰੱਖੇ ਜਾ ਰਹੇ ਹਨ। 


author

Anmol Tagra

Content Editor

Related News