ਭਾਜਪਾ ਨੇ ਦੀਪ ਸਿੱਧੂ ਤੇ ਕੇਂਦਰੀ ਏਜੰਸੀਆਂ ਰਾਹੀਂ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਚੱਲੀ ਚਾਲ : ਰਾਘਵ ਚੱਢਾ
Thursday, Jan 28, 2021 - 02:00 AM (IST)
ਚੰਡੀਗੜ੍ਹ, (ਰਮਨਜੀਤ)- ਲਾਲ ਕਿਲੇ ਦੀ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ‘ਆਪ’ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਕੱਲ ਪੂਰੇ ਦੇਸ਼ ਨੇ ਦੇਖਿਆ ਕਿ ਕਿਵੇਂ ਭਾਜਪਾ ਅਤੇ ਮੋਦੀ ਸਰਕਾਰ ਨੇ ਦੀਪ ਸਿੱਧੂ ਰਾਹੀਂ ਪਿਛਲੇ 60 ਦਿਨਾਂ ਤੋਂ ਸ਼ਾਂਤੀਪੂਰਨ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰੀ ਇਸ਼ਾਰੇ ’ਤੇ ਹੋਈ ਹਿੰਸਾ ਦੇ ਮਾਮਲੇ ਵਿਚ ਨਿਰਦੋਸ਼ ਕਿਸਾਨ ਨੇਤਾਵਾਂ ਨੂੰ ਫਸਾਏ ਜਾਣ ਦੀ ‘ਆਪ’ ਸਖ਼ਤ ਨਿੰਦਾ ਕਰਦੀ ਹੈ।
ਰਾਘਵ ਚੱਢਾ ਨੇ ਕਿਹਾ ਕਿ ਦੀਪ ਸਿੱਧੂ ਨੇ ਅਜਿਹੀ ਹਰਕਤ ਪਹਿਲੀ ਵਾਰ ਨਹੀਂ ਕੀਤੀ ਹੈ, ਉਹ ਅੰਦੋਲਨ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਮੋਦੀ-ਸ਼ਾਹ ਨਾਲ ਮਿਲਕੇ ਕਿਸਾਨਾਂ ਵਿਚ ਫੁੱਟ ਪੈਦਾ ਕਰਨ ਅਤੇ ਅੰਦੋਲਨ ਨੂੰ ਖਤਮ ਕਰਨ ਦੇ ਕੰਮ ਵਿਚ ਦਿਨ-ਰਾਤ ਲੱਗਿਆ ਹੋਇਆ ਸੀ। ਸੰਨੀ ਦਿਓਲ ਦੇ ਨਾਲ ਦੀਪ ਸਿੱਧੂ ਦਾ ਸਬੰਧ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਇੰਨੀ ਔਕਾਤ ਨਹੀਂ ਸੀ ਕਿ ਉਹ ਕੱਲ ਦੀ ਘਟਨਾ ਨੂੰ ਅੰਜ਼ਾਮ ਦੇ ਸਕਦਾ, ਉਸ ਨੇ ਮੋਦੀ-ਸ਼ਾਹ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇਸ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦਿੱਤਾ। ਕੱਲ ਪੂਰੇ ਪੰਜਾਬ ਨੂੰ ਪਤਾ ਚੱਲ ਗਿਆ ਕਿ ਦੀਪ ਸਿੱਧੂ, ਸੰਨੀ ਦਿਓਲ, ਭਾਜਪਾ ਅਤੇ ਅਕਾਲੀ ਦਲ ਸਭ ਦੇ ਸਭ ਆਪਸ ਵਿੱਚ ਮਿਲੇ ਹੋਏ ਹਨ ਅਤੇ ਸਭ ਦਾ ਮੁੱਖ ਕੰਮ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਸੀ।
ਰਾਘਵ ਚੱਢਾ ਨੇ ਕਿਹਾ ਕਿ ਦੀਪ ਸਿੱਧੂ ਦਾ ਦਿਓਲ ਪਰਿਵਾਰ ਨਾਲ ਕਈ ਸਾਲ ਪੁਰਾਣਾ ਰਿਸ਼ਤਾ ਹੈ। ਸੰਨੀ ਦਿਓਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਿੱਧੂ ਦੀਆਂ ਕਈ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹਨ। ਉਨ੍ਹਾਂ ਫੋਟੋਆਂ ਨੂੰ ਦੇਖ ਕੇ ਸਾਬਿਤ ਹੋ ਜਾਂਦਾ ਹੈ ਕਿ ਦੀਪ ਸਿੱਧੂ ਨੂੰ ਕਿਸਾਨ ਅੰਦੋਲਨ ਵਿਚ ਸ਼ਾਮਲ ਕਰਨਾ ਅਤੇ ਲਾਲ ਕਿਲੇ ਦੀ ਘਟਨਾ ਨੂੰ ਅੰਜਾਮ ਦੇਣਾ ਭਾਜਪਾ ਦੀ ਸਾਜਿਸ਼ ਸੀ।
ਕਾਂਗਰਸ ਵਲੋਂ ਲਾਲ ਕਿਲੇ ’ਤੇ ਮੌਜੂਦ ਇਕ ਵਿਅਕਤੀ ਨੂੰ ਆਮ ਆਦਮੀ ਪਾਰਟੀ ਦਾ ਮੈਂਬਰ ਦੱਸਣ ’ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਤੇ ਕਾਂਗਰਸ ਪਾਰਟੀ ਅਮਰੀਕ ਸਿੰਘ ਨੂੰ ਆਮ ਆਦਮੀ ਪਾਰਟੀ ਦਾ ਮੈਂਬਰ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਕੋਈ ਵੀ ਵਿਅਕਤੀ ਨਾਲ ਆਮ ਆਦਮੀ ਪਾਰਟੀ ਦਾ ਦੂਰ-ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ।