ਸੁਨੀਲ ਜਾਖੜ ਦੇ ਰੂਪ ’ਚ ਭਾਜਪਾ ਨੇ ਕੀਤਾ ਨਵਾਂ ਸਿਆਸੀ ਤਜਰਬਾ, ਆਸਾਮ ਵਾਂਗ ਕਮਲ ਖਿੜਾਉਣ ਦੀ ਦਿੱਤੀ ਜ਼ਿੰਮੇਵਾਰੀ

Tuesday, Jul 04, 2023 - 08:33 PM (IST)

ਲੁਧਿਆਣਾ (ਗੁਪਤਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕਰਕੇ ਪੰਜਾਬ ’ਚ ਨਵਾਂ ਸਿਆਸੀ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਰਾਹੁਲ ਗਾਂਧੀ ਵੱਲੋਂ ਆਸਾਮ ਦੇ ਆਗੂ ਹਿਮੰਤ ਬਿਸਵਾ ਸਰਮਾ ਦਾ ਅਪਮਾਨ ਕਰਨ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਤਾਜ ਪਹਿਨਾਇਆ, ਉਸੇ ਤਰ੍ਹਾਂ ਪੰਜਾਬ ’ਚ ਵੀ ਰਾਹੁਲ ਗਾਂਧੀ ਤੋਂ ਅਪਮਾਨਿਤ ਹੋ ਕੇ ਸਿਆਸੀ ਸਫ਼ਰ ਭਾਜਪਾ ਦੀ ਸੜਕ ’ਤੇ ਦੌੜਾਉਣ ਲਈ ਮੁੜੇ ਸੁਨੀਲ ਜਾਖੜ ਦੇ ਸਿਰ ’ਤੇ ਭਾਜਪਾ ਨੇ ਪੰਜਾਬ ਪ੍ਰਧਾਨਗੀ ਦਾ ਤਾਜ ਸਜਾ ਦਿੱਤਾ ਹੈ ਤਾਂ ਕਿ ਉਹ ਆਸਾਮ ਵਾਂਗ ਪੰਜਾਬ ਵਿਚ ਵੀ ਕਮਲ ਖਿੜਾਉਣ ਲਈ ਹੇਮੰਤ ਬਿਸਵਾ ਸਰਮਾ ਵਾਂਗ ਕੰਮ ਕਰ ਸਕੇ ਪਰ ਸੁਨੀਲ ਜਾਖੜ ਨੂੰ ਪ੍ਰਧਾਨਗੀ ਦਾ ਤਾਜ ਮਿਲਣਾ ਕੰਡਿਆਂ ਦਾ ਤਾਜ ਮਿਲਣ ਦੇ ਬਰਾਬਰ ਹੈ।

ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ

ਜਿਥੇ ਭਾਜਪਾ ਦੇ ਜਥੇਬੰਦਕ ਢਾਂਚੇ ਤੋਂ ਉਹ ਅਣਜਾਣ ਹਨ, ਉਥੇ ਹੀ ਭਾਜਪਾ ਵਰਕਰਾਂ ਤੱਕ ਉਨ੍ਹਾਂ ਦੀ ਸਿੱਧੀ ਪਹੁੰਚ ਅਜੇ ਨਹੀਂ ਹੈ, ਇਸ ਲਈ ਕੀ ਭਾਜਪਾ ਵਰਕਰ ਪੂਰੀ ਤਾਕਤ ਨਾਲ ਉਨ੍ਹਾਂ ਦੀ ਪਿੱਠ ’ਤੇ ਖੜ੍ਹੇ ਹੋਣਗੇ ਜਾਂ ਨਹੀਂ, ਇਹ ਗੱਲ ਅਜੇ ਇਕ ਅਹਿਮ ਸਵਾਲ ਬਣੀ ਹੋਈ ਹੈ ਕਿਉਂਕਿ ਵੱਖ-ਵੱਖ ਆਗੂਆਂ ਨਾਲ ਗੱਲਬਾਤ ’ਚ ਵਰਕਰਾਂ ਨੇ ਭਾਜਪਾ ਦੇ ਇਸ ਫ਼ੈਸਲੇ ’ਤੇ ਬੜੀ ਹੈਰਾਨਗੀ ਜ਼ਾਹਿਰ ਕੀਤੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਵਿਅਕਤੀ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਕਿਵੇਂ ਸੌਂਪ ਦਿੱਤੀ ਗਈ ਹੈ। ਕੇਂਦਰ ਦੀ ਭਾਜਪਾ ਲੀਡਰਸ਼ਿਪ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ’ਚ ਕਮਲ ਦਾ ਫੁੱਲ ਖਿੜਾਉਣ ਲਈ ਸੁਨੀਲ ਜਾਖੜ ਨੂੰ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਕਿਉਂਕਿ ਭਾਜਪਾ ਕੋਲ ਪੰਜਾਬ ਵਿਚ ਗੁਆਉਣ ਲਈ ਕੁਝ ਨਹੀਂ ਹੈ ਅਤੇ ਹਾਸਲ ਕਰਨ ਦੀ ਬਹੁਤ ਚਾਹਤ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)

ਅਸ਼ਵਨੀ ਸ਼ਰਮਾ ਵੱਲੋਂ ਜਲੰਧਰ ਲੋਕ ਸਭਾ ਉਪ ਚੋਣ ਕਰਿਸ਼ਮਾ ਨਾ ਦਿਖਾਉਣ ਕਾਰਨ ਉਨ੍ਹਾਂ ਦੀ ਪ੍ਰਧਾਨਗੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ, ਹਾਲਾਂਕਿ ਅਸ਼ਵਨੀ ਸ਼ਰਮਾ ਨੇ ਕਿਸਾਨ ਅੰਦੋਲਨ ਦੌਰਾਨ ਬੜੀ ਦਲੇਰੀ ਨਾਲ ਪਾਰਟੀ ਦੀ ਅਗਵਾਈ ਕੀਤੀ ਸੀ ਅਤੇ ਵਿਧਾਨ ਸਭਾ ਚੋਣਾਂ ਵੀ ਜਿੱਤੀਆਂ ਸਨ ਪਰ ਉਹ ਸੂਬੇ ’ਚ ਪਾਰਟੀ ਨੂੰ ਖੜ੍ਹਾ ਕਰ ਸਕਣ ’ਚ ਕਾਮਯਾਬ ਨਹੀਂ ਹੋ ਸਕੇ, ਇਸ ਲਈ ਕੇਂਦਰੀ ਲੀਡਰਸ਼ਿਪ ਪੰਜਾਬ ਵਿਚ ਨਵਾਂ ਤਜਰਬਾ ਕਰਨਾ ਚਾਹੁੰਦੀ ਸੀ ਤਾਂ ਕਿ ਪੰਜਾਬ ’ਚ ਵੀ ਆਸਾਮ ਵਾਂਗ ਕਮਲ ਖਿੜਾਉਣ ਦਾ ਕੰਮ ਸੁਨੀਲ ਜਾਖੜ ਕਰ ਸਕਣ। ਸੁਨੀਲ ਜਾਖੜ ਪੰਜਾਬ ਦੇ ਸੀਨੀਅਰ ਆਗੂ ਹਨ, ਉਨ੍ਹਾਂ ਦਾ ਪਰਿਵਾਰਕ ਸਿਆਸੀ ਜੀਵਨ ਲੰਬਾ ਹੈ, ਜਿਸ ਦਾ ਭਾਜਪਾ ਲਾਹਾ ਲੈਣਾ ਚਾਹੁੰਦੀ ਹੈ। ਪੰਜਾਬ ਭਾਜਪਾ ਵਿਚ ਪਿਛਲੇ ਸਮੇਂ ’ਚ ਕਈ ਧੜੇ ਸਰਗਰਮ ਹੋ ਗਏ ਸਨ, ਜੋ ਕਿ ਇਕ-ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਸਨ ਕਿਉਂਕਿ ਸੁਨੀਲ ਜਾਖੜ ਭਾਜਪਾ ਵਿਚ ਨਵੇਂ ਹਨ, ਇਸ ਲਈ ਹੁਣ ਭਾਜਪਾ ਵਿਚ ਨਿਰਪੱਖਤਾ ਅਤੇ ਯੋਗਤਾ ਦੇ ਆਧਾਰ ’ਤੇ ਕੰਮ ਹੋਣ ਦੀ ਉਮੀਦ ਜਾਗ ਗਈ ਹੈ। ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਦੀਆਂ ਅੱਖਾਂ ਵੀ ਚਮਕ ਗਈਆਂ ਹਨ ਅਤੇ ਉਨ੍ਹਾਂ ਨੂੰ ਭਾਜਪਾ ’ਚ ਬਣਦਾ ਮਾਣ-ਸਤਿਕਾਰ ਮਿਲਣ ਦੀ ਆਸ ਹੈ।

ਇਹ ਖ਼ਬਰ ਵੀ ਪੜ੍ਹੋ : ਦੋ ਟਰਾਲਿਆਂ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, ਨੌਜਵਾਨ ਡਰਾਈਵਰ ਦੀ ਦਰਦਨਾਕ ਮੌਤ


Manoj

Content Editor

Related News