ਲਾਰੈਂਸ ਬਿਸ਼ਨੋਈ ਦੇ ਇੰਟਰਵਿਊ 'ਤੇ ਤਰੁਣ ਚੁੱਘ ਦਾ ਵੱਡਾ ਬਿਆਨ, CM ਮਾਨ ਨੂੰ ਕੀਤੀ ਅਪੀਲ
03/18/2023 2:37:13 PM

ਚੰਡੀਗੜ੍ਹ : ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਜੇਲ੍ਹ 'ਚੋਂ ਦੋ ਵਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਆਏ ਇੰਟਰਵਿਊ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਇਹ ਜੇਲ੍ਹਾਂ ਗੈਂਗਸਟਰਾਂ ਦੇ ਅਣ-ਐਲਾਨੇ ਦਫ਼ਤਰ ਬਣ ਚੁੱਕੀਆਂ ਹਨ। ਜੇਲ੍ਹਾਂ 'ਚ ਕਤਲਾਂ ਦੇ ਮਾਸਟਰ ਮਾਈਂਡ, ਜਿਨ੍ਹਾਂ 'ਤੇ ਪਰਚੇ ਦਰਜ ਹਨ, ਉਹ ਬੰਦ ਹਨ ਅਤੇ ਖ਼ਤਰਨਾਕ ਅਪਰਾਧੀ ਲਾਰੈਂਸ ਬਿਸ਼ਨੋਈ ਜੇਲ੍ਹ 'ਚੋਂ ਇੰਟਰਵਿਊ ਦਿੰਦਾ ਹੈ ਅਤੇ ਸਰਕਾਰ ਦੀ ਪ੍ਰੈੱਸ ਰਿਲੀਜ਼ ਤੋਂ ਬਾਅਦ ਮੁੜ ਇੰਟਰਵਿਊ ਦਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਛਾਏ ਕਾਲੇ ਬੱਦਲ, ਬਿਜਲੀ ਗਰਜਣ ਨਾਲ ਪੈ ਰਿਹਾ ਮੀਂਹ, ਆਉਂਦੇ ਦਿਨਾਂ ਲਈ ਜਾਰੀ ਹੋਇਆ ਅਲਰਟ
ਉਨ੍ਹਾਂ ਕਿਹਾ ਕਿ ਕਿਸ ਦਾ ਕਤਲ ਕਿਵੇਂ ਕਰਨਾ ਹੈ, ਰੰਗਦਾਰੀ ਇਕੱਠੀ ਕਿਵੇਂ ਕਰਨੀ ਹੈ, ਪੈਸਾ ਕਿਸ ਤਰ੍ਹਾਂ ਆਉਣਾ ਹੈ, ਇਹ ਸਾਰੀ ਗੱਲਬਾਤ ਲਾਰੈਂਸ ਜੇਲ੍ਹ 'ਚੋਂ ਬੈਠ ਕੇ ਕਰਦਾ ਹੈ। ਤਰੁਣ ਚੁੱਘ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਤੋਹਫ਼ਾ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇਲ੍ਹਾਂ 'ਚੋਂ 3800 ਮੋਬਾਇਲ ਫੜ੍ਹੇ ਗਏ ਹਨ ਅਤੇ ਉਹ ਇਹ ਪੁੱਛਣਾ ਚਾਹੁੰਦੇ ਹਨ ਕਿ ਇਹ ਮੋਬਾਇਲ ਆਖ਼ਰ ਜੇਲ੍ਹਾਂ 'ਚ ਕਿਵੇਂ ਪਹੁੰਚ ਗਏ ਅਤੇ ਇੰਟਰਨੈੱਟ ਅੰਦਰ ਕਿਵੇਂ ਪੁੱਜਿਆ।
ਇਹ ਵੀ ਪੜ੍ਹੋ : ਹੁਣ ਲੁਧਿਆਣਾ 'ਚ ਨਸ਼ਾ ਕਰਦੇ ਮੁੰਡਿਆਂ ਦੀ ਵੀਡੀਓ ਵਾਇਰਲ, ਇਕ ਨੂੰ ਬੇਹੋਸ਼ੀ ਦੀ ਹਾਲਤ 'ਚ ਕੀਤਾ ਕਾਬੂ
ਉਨ੍ਹਾਂ ਕਿਹਾ ਕਿ ਬਿਹਾਰ ਦੇ ਲਾਲੂ ਮਾਡਲ ਨੂੰ ਭਗਵੰਤ ਮਾਨ ਸਾਹਿਬ ਨੇ ਪੰਜਾਬ 'ਚ ਲਾਗੂ ਕਰ ਦਿੱਤਾ ਹੈ ਅਤੇ ਸੂਬੇ ਦਾ ਬਹੁਤ ਬੁਰਾ ਹਾਲ ਹੈ। ਤਰੁਣ ਚੁੱਘ ਨੇ ਕਿਹਾ ਕਿ ਅੱਜ ਪੂਰੇ ਪੰਜਾਬ 'ਚ ਗੈਂਗਸਟਰਾਂ ਦਾ ਭੈਅ ਹੈ ਅਤੇ ਲਗਾਤਾਰ ਵਾਰਦਾਤਾਂ ਹੋ ਰਹੀਆਂ ਹਨ, ਜਿਸ ਕਾਰਨ ਲਾਅ ਅਤੇ ਆਰਡਰ ਦੇ ਹਾਲਾਤ ਬਹੁਤ ਵਿਗੜ ਚੁੱਕੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਪੁਲਸ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿਓ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ