ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦਾ ਦਾਅਵਾ, ਸੂਬੇ ’ਚ ਬਣੇਗੀ ਭਾਜਪਾ ਦੀ ਸਰਕਾਰ
Wednesday, Feb 09, 2022 - 11:13 AM (IST)
ਜਲੰਧਰ- ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਣੇ ਤੌਰ ’ਤੇ ਸੀ. ਐੱਮ. ਦੇ ਚਿਹਰੇ ਚੁਣ ਲਏ ਹਨ ਪਰ ਪਾਰਟੀਆਂ ਦੇ ਕਹਿਣ ਨਾਲ ਕੋਈ ਸੀ. ਐੱਮ. ਨਹੀਂ ਬਣ ਜਾਂਦਾ। ਸੀ. ਐੱਮ. ਦਾ ਫ਼ੈਸਲਾ ਪੰਜਾਬ ਦੀ ਜਨਤਾ ਤੈਅ ਕਰੇਗੀ ਅਤੇ ਭਾਰਤੀ ਜਨਤਾ ਪਾਰਟੀ ਜਨਤਾ ਦੇ ਫ਼ੈਸਲੇ ’ਚ ਵਿਸ਼ਵਾਸ ਰੱਖਦੀ ਹੈ। ਇਸ ਲਈ ਭਾਜਪਾ ਨੇ ਇਹ ਫ਼ੈਸਲਾ ਜਨਤਾ ਵੱਲੋਂ ਚੁਣੇ ਗਏ ਨੁਮਾਇੰਦਿਆਂ ’ਤੇ ਛੱਡਿਆ ਹੋਇਆ ਹੈ। ‘ਜਗ ਬਾਣੀ’ ਦੇ ਪ੍ਰਤੀਨਿਧੀ ਜਤਿਨ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ’ਚ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਭਾਜਪਾ ਦੇ ਵਿਧਾਇਕ ਆਪਣਾ ਨੇਤਾ ਚੁਣਨਗੇ ਅਤੇ ਇਸ ਨੇਤਾ ਦੇ ਨਾਂ ’ਤੇ ਕੇਂਦਰੀ ਸੰਸਦੀ ਬੋਰਡ ਦੀ ਸਹਿਮਤੀ ਬਣੇਗੀ ਅਤੇ ਚੁਣੇ ਹੋਏ ਵਿਧਾਇਕਾਂ ’ਚੋਂ ਹੀ ਕੋਈ ਇਕ ਵਿਧਾਇਕ ਮੁੱਖ ਮੰਤਰੀ ਬਣੇਗਾ। ਚੁੱਘ ਨੇ ਇਸ ਦੌਰਾਨ ਭਾਜਪਾ ਦੀ ਚੁਣਾਵੀ ਰਣਨੀਤੀ ’ਤੇ ਚਰਚਾ ਦੇ ਨਾਲ-ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਵੀ ਤਿੱਖੇ ਹਮਲੇ ਕੀਤੇ। ਪੇਸ਼ ਹੈ ਪੂਰੀ ਗੱਲਬਾਤ....
• ਭਾਜਪਾ ਲੰਬੇ ਸਮਾਂ ਬਾਅਦ ਪੰਜਾਬ ’ਚ ਇਕੱਲਿਆਂ ਮੈਦਾਨ ’ਚ ਹੈ, ਪਾਰਟੀ ਕਿੰਨੀਆਂ ਸੀਟਾਂ ਜਿੱਤ ਰਹੀ ਹੈ?
ਭਾਜਪਾ ਨੇ 1992 ਦੀਆਂ ਚੋਣਾਂ ਆਪਣੇ ਦਮ ’ਤੇ ਲੜੀਆਂ ਸਨ। ਉਸ ਸਮੇਂ ਪਾਰਟੀ ਨੂੰ 6 ਸੀਟਾਂ ਹਾਸਲ ਹੋਈਆਂ ਸਨ ਅਤੇ ਭਾਜਪਾ ਦਾ ਵੋਟ ਸ਼ੇਅਰ 16 ਫ਼ੀਸਦੀ ਤੋਂ ਜ਼ਿਆਦਾ ਸੀ। ਉਸ ਸਮੇਂ ਭਾਜਪਾ 66 ਸੀਟਾਂ ’ਤੇ ਮੈਦਾਨ ’ਚ ਉੱਤਰੀ ਸੀ ਪਰ ਹੁਣ ਭਾਜਪਾ 73 ਸੀਟਾਂ ’ਤੇ ਆਪਣੇ ਚੋਣ ਨਿਸ਼ਾਨ ਨਾਲ ਮੈਦਾਨ ’ਚ ਹੈ। ਭਾਜਪਾ 2007 ’ਚ 23 ਸੀਟਾਂ ’ਤੇ ਚੋਣ ਲੜ ਕੇ 19 ਸੀਟਾਂ ਜਿੱਤ ਚੁੱਕੀ ਹੈ ਅਤੇ ਹੁਣ ਵੀ ਭਾਜਪਾ ਦਾ ਸਟ੍ਰਾਈਕ ਰੇਟ ਚੰਗਾ ਰਹੇਗਾ। ਅਸੀਂ ਪੰਜਾਬ ’ਚ ਸਰਕਾਰ ਬਣਾਉਣ ਲਈ ਚੋਣ ਲੜ ਰਹੇ ਹਾਂ ਅਤੇ ਪੰਜਾਬ ’ਚ ਸਰਕਾਰ ਭਾਜਪਾ ਦੀ ਹੀ ਬਣੇਗੀ।
ਇਹ ਵੀ ਪੜ੍ਹੋ: ਇਕ ਵਾਰ ਫਿਰ ਰਾਹੁਲ ਗਾਂਧੀ ਆਉਣਗੇ ਪੰਜਾਬ, ਪ੍ਰਿਯੰਕਾ ਦਾ ਦੌਰਾ ਵੀ ਤੈਅ ਕਰਨ ਲੱਗਾ ਹਾਈਕਮਾਨ
• ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ’ਚ ਰੈਲੀਆਂ ਕਰ ਰਹੇ ਹਨ?
ਪੰਜਾਬ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ’ਚ ਖ਼ਾਸ ਪਿਆਰ ਹੈ ਅਤੇ ਉਹ ਰੈਲੀ ਕਰਨ ਪੰਜਾਬ ਜ਼ਰੂਰ ਆਉਣਗੇ। ਉਹ ਪੰਜਾਬ ਦਾ ਦਿਲ ਜਿੱਤਣਾ ਚਾਹੁੰਦੇ ਹਨ ਅਤੇ ਦਿਲ ਜਿੱਤ ਕੇ ਰਹਿਣਗੇ। ਪਿਛਲੀ ਵਾਰ ਉਨ੍ਹਾਂ ਦੀ ਰੈਲੀ ’ਚ ਸਰਕਾਰੀ ਪੱਧਰ ’ਤੇ ਸਾਜ਼ਿਸ਼ ਤਹਿਤ ਵਿਘਨ ਪਾਇਆ ਗਿਆ ਪਰ ਹੁਣ ਪੰਜਾਬ ’ਚ ਉਨ੍ਹਾਂ ਦੀ ਰੈਲੀ ਜ਼ਰੂਰ ਹੋਵੇਗੀ ਅਤੇ ਉਹ ਪੰਜਾਬ ਸਬੰਧੀ ਆਪਣਾ ਵਿਜ਼ਨ ਜਨਤਾ ਦੇ ਸਾਹਮਣੇ ਜ਼ਰੂਰ ਰੱਖਣਗੇ।
• ਪੰਜਾਬ ਨੂੰ ਲੈ ਕੇ ਭਾਜਪਾ ਦਾ ਬਲੂ ਪ੍ਰਿੰਟ ਕੀ ਹੈ?
ਕਿਸੇ ਵੀ ਸੂਬੇ ਦੇ ਵਿਕਾਸ ਲਈ ਖੇਤੀਬਾੜੀ ਦੇ ਨਾਲ-ਨਾਲ ਉਦਯੋਗ ਅਤੇ ਸਰਵਿਸ ਸੈਕਟਰ ਦਾ ਵਿਕਾਸ ਜ਼ਰੂਰੀ ਹੈ ਅਤੇ ਕੁਝ ਸਾਲ ਪਹਿਲਾਂ ਦੇਸ਼ ਦੇ ਬੀਮਾਰ ਸੂਬੇ ਕਹੇ ਜਾਣ ਵਾਲੇ ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ ਭਾਜਪਾ ਨੇ ਇਹ ਕੰਮ ਕਰਕੇ ਵਿਖਾਇਆ ਹੈ। ਅੱਜ ਪੰਜਾਬ ਦੇ ਲੋਕ ਮੱਧ ਪ੍ਰਦੇਸ਼ ’ਚ ਪੈਦਾ ਹੋਈ ਕਣਕ ਖਾਣਾ ਚਾਹੁੰਦੇ ਹਨ। ਇਹ ਮੱਧ ਪ੍ਰਦੇਸ਼ ਦੇ ਖੇਤੀਬਾੜੀ ਵਿਕਾਸ ਦੀ ਆਪਣੇ-ਆਪ ’ਚ ਉਦਾਹਰਣ ਹੈ। ਅੱਜ ਬਿਹਾਰ ’ਚ ਅਗਵਾ ਦੇ ਉਦਯੋਗ ਦੀ ਜਗ੍ਹਾ ਵੱਡੇ ਉਦਯੋਗ ਲੱਗ ਰਹੇ ਹਨ ਅਤੇ ਬਿਹਾਰ ਉਦਯੋਗਿਕ ਵਿਕਾਸ ਦੇ ਰਸਤੇ ’ਤੇ ਅੱਗੇ ਵੱਧ ਰਿਹਾ ਹੈ। ਅੱਜ ਗੁੜਗਾਂਓਂ ਅਤੇ ਪੰਚਕੂਲਾ ’ਚ ਕਾਲ ਸੈਂਟਰ ਚੱਲ ਰਹੇ ਹਨ। ਇਨਫਰਮੇਸ਼ਨ ਤਕਨਾਲੋਜੀ ਨਾਲ ਜੁੜੀਆਂ ਸਾਰੀਆਂ ਕੰਪਨੀਆਂ ਗੁੜਗਾਂਓਂ ’ਚ ਆ ਰਹੀਆਂ ਹਨ। ਇਹ ਕੰਮ ਪੰਜਾਬ ’ਚ ਕਿਉਂ ਨਹੀਂ ਹੋ ਸਕਦਾ। ਅਸੀਂ ਪੰਜਾਬ ’ਚ ਖੇਤੀਬਾੜੀ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਉਦਯੋਗ ਅਤੇ ਸਰਵਿਸ ਸੈਕਟਰ ਦਾ ਵੀ ਵਿਕਾਸ ਕਰਾਂਗੇ।
• ਨਵਜੋਤ ਸਿੰਘ ਸਿੱਧੂ ਨੂੰ ਬਤੌਰ ਸੀ. ਐੱਮ. ਚਿਹਰਾ ਪੇਸ਼ ਨਹੀਂ ਕੀਤਾ ਗਿਆ, ਤੁਸੀ ਕੀ ਕਹੋਗੇ?
ਹੋ ਸਕਦਾ ਹੈ ਕਿ ਉਹ ਕਾਂਗਰਸ ਪਾਰਟੀ ਹੀ ਛੱਡ ਜਾਣ, ਕਿਉਂਕਿ ਉਹ ਅੰਮ੍ਰਿਤਸਰ ਈਸਟ ਸੀਟ ਤੋਂ ਹਾਰ ਰਹੇ ਹਨ। ਉਨ੍ਹਾਂ ਦਾ ਜਨਤਾ ਨਾਲ ਕੋਈ ਸੰਪਰਕ ਨਹੀਂ ਰਿਹਾ ਤੇ ਇਸ ਸੀਟ ਤੋਂ ਵਿਧਾਇਕ ਬਣਨ ਤੋਂ ਬਾਅਦ ਉਹ ਜਨਤਾ ’ਚ ਨਹੀਂ ਗਏ ਤੇ ਜਨਤਾ ਹੁਣ ਉਨ੍ਹਾਂ ਲਈ ਦਰਵਾਜ਼ੇ ਬੰਦ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਪ੍ਰੇਮ ਜੱਗ ਜ਼ਾਹਿਰ ਹੈ। ਉਹ ਪਾਕਿਸਤਾਨ ’ਚ ਜਾ ਕੇ ਆਰਮੀ ਤੇ ਆਈ. ਐੱਸ. ਆਈ. ਦੇ ਚੀਫ ਨਾਲ ਜੱਫੀ ਪਾਉਂਦੇ ਹਨ ਅਤੇ ਭਾਰਤ ’ਚ ਡਰੱਗਜ਼ ਅਤੇ ਹਥਿਆਰ ਭੇਜਣ ਵਾਲੇ ਇਮਰਾਨ ਖ਼ਾਨ ਨੂੰ ਆਪਣਾ ਭਰਾ ਦੱਸਦੇ ਹੈ। ਇਹ ਉਹੀ ਇਮਰਾਨ ਖਾਨ ਹੈ, ਜਿਨ੍ਹਾਂ ਦੇ ਰਾਜ ’ਚ ਭਾਰਤ ’ਤੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਈ ਮਾਇਆਵਤੀ, ਕਾਂਗਰਸ ’ਤੇ ਬੋਲੇ ਵੱਡੇ ਹਮਲੇ
• ਜੇਕਰ ਸਿੱਧੂ ਕਾਂਗਰਸ ਛੱਡਦੇ ਹਨ ਤਾਂ ਕੀ ਭਾਜਪਾ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰੇਗੀ?
ਭਾਜਪਾ ਛੱਡਣ ਤੋਂ ਬਾਅਦ ਉਨ੍ਹਾਂ ਨੇ 2017 ’ਚ ਹੀ ਆਮ ਆਦਮੀ ਪਾਰਟੀ ਜੁਆਇੰਨ ਕਰਨ ਦੀ ਯੋਜਨਾ ਬਣਾਈ ਪਰ ਉੱਥੇ ਗੱਲ ਨਾ ਬਣੀ ਤਾਂ ਬੈਂਸ ਬ੍ਰਦਰਸ ਦੇ ਨਾਲ ਮਿਲ ਕੇ ਸੰਗਠਨ ਬਣਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਵੀ ਗੱਲ ਨਾ ਬਣੀ ਤਾਂ ਉਹ ਪਰਗਟ ਸਿੰਘ ਨਾਲ ਜਾ ਮਿਲੇ ਅਤੇ ਅੰਤ ’ਚ ਜਾ ਕੇ ਕਾਂਗਰਸ ’ਚ ਸ਼ਾਮਲ ਹੋਏ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਜੋ ਬਿਖਰਾਓ ਉਨ੍ਹਾਂ ਨੇ ਕਾਂਗਰਸ ਦੇ ਅੰਦਰ ਕੀਤਾ ਹੈ, ਉਹ ਕਾਂਗਰਸ ਨੂੰ ਹੀ ਮੁਬਾਰਕ ਹੋਵੇ। ਭਾਜਪਾ ਦਾ ਉਨ੍ਹਾਂ ਨੂੰ ਪਾਰਟੀ ’ਚ ਲੈਣ ਦਾ ਕੋਈ ਇਰਾਦਾ ਨਹੀਂ ਹੈ।
ਕਾਂਗਰਸ ਦਾ ਸੀ. ਐੱਮ. ਚਿਹਰਾ ਮਾਫ਼ੀਆ ਦਾ ਸਰਗਨਾ
ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਨੇ ਚੰਨੀ ਵੱਲੋਂ 111 ਦਿਨਾਂ ਦੇ ਆਪਣੇ ਕਾਰਜਕਾਲ ਦੌਰਾਨ ਮਚਾਈ ਗਈ ਲੁੱਟ ਨੂੰ ਯੋਗਤਾ ਬਣਾ ਕੇ ਹੀ ਉਨ੍ਹਾਂ ਦਾ ਚਿਹਰਾ ਪ੍ਰਾਜੈਕਟ ਕੀਤਾ ਹੈ ਪਰ ਕਾਂਗਰਸ ਤੇ ਚੰਨੀ ਦੋਵਾਂ ਨੂੰ ਇਹ ਦੱਸਣਾ ਪਵੇਗਾ ਕਿ ਉਨ੍ਹਾਂ ਦੇ ਭਾਣਜੇ ਹਨੀ ਦੇ ਘਰ ਤੋਂ ਮਿਲੀ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਕਿਸ ਦੀ ਹੈ ਅਤੇ ਉਸ ਰਕਮ ਦਾ ਜ਼ਰੀਆ ਕੀ ਹੈ ? ਅੱਜ ਕਾਂਗਰਸ ਦੋਸ਼ ਲਾ ਰਹੀ ਹੈ ਕਿ ਈ. ਡੀ. ਨੇ ਸਿਆਸੀ ਮਨਸ਼ਾ ਨਾਲ ਚੰਨੀ ਦੇ ਭਾਣਜੇ ਖਿਲਾਫ ਕਾਰਵਾਈ ਕੀਤੀ ਹੈ ਪਰ ਕਾਂਗਰਸ ਦੇ ਸ਼ਾਸਨ ’ਚ ਹੀ 2018 ’ਚ ਭੁਪਿੰਦਰ ਸਿੰਘ ਹਨੀ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਤਾਜ਼ਾ ਨਹੀਂ ਹੈ ਤੇ ਈ. ਡੀ. ਨੇ ਇਸ ਮਾਮਲੇ ’ਚ ਕਾਰਵਾਈ ਕਰਨ ਤੋਂ ਬਾਅਦ ਜੋ ਰਕਮ ਬਰਾਮਦ ਕੀਤੀ ਹੈ, ਉਸ ਤੋਂ ਭ੍ਰਿਸ਼ਟਾਚਾਰ ਸਬੰਧੀ ਕਈ ਪਰਤਾਂ ਖੁੱਲ੍ਹ ਰਹੀਆਂ ਹਨ। ਕਾਂਗਰਸ ਨੇ ਪੰਜਾਬ ’ਚ ਮਾਫ਼ੀਆ ਰਾਜ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਕਾਂਗਰਸ ਦਾ ਮੁੱਖ ਮੰਤਰੀ ਹੀ ਮਾਫੀਆ ਦਾ ਸਰਗਨਾ ਬਣਿਆ ਹੋਇਆ ਹੈ।
ਚੰਨੀ ਨੇ ਪੀ. ਐੱਮ. ਮੋਦੀ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ
ਚੰਨੀ ਇਕ ਅਜਿਹੇ ਮੁੱਖ ਮੰਤਰੀ ਹੈ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਪ੍ਰੋਟੋਕਾਲ ਦਾ ਧਿਆਨ ਨਹੀਂ ਰੱਖਿਆ ਤੇ ਨਾ ਉਹ ਖੁਦ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਰਹੇ ਤੇ ਨਾ ਹੀ ਪੰਜਾਬ ਦੇ ਡੀ. ਜੀ. ਪੀ. ਅਤੇ ਮੁੱਖ ਸਕੱਤਰ ਉਸ ਸਮੇਂ ਪ੍ਰਧਾਨ ਮੰਤਰੀ ਨਾਲ ਮੌਜੂਦ ਸਨ।
ਇਹ ਵੀ ਪੜ੍ਹੋ: ਬਸਪਾ ਸੁਪ੍ਰੀਮੋ ਮਾਇਆਵਤੀ ਵੱਲੋਂ ਵੱਡੇ ਬਾਦਲ ਦੀਆਂ ਤਾਰੀਫ਼ਾਂ, ਲੋਕਾਂ ਨੂੰ ਕੀਤੀ ਇਹ ਅਪੀਲ
ਕਾਂਗਰਸ ਨੇ 5 ਸਾਲਾਂ ’ਚ ਆਪਣੇ ਵਾਅਦੇ ਪੂਰੇ ਨਹੀਂ ਕੀਤੇ
ਤਰੁਣ ਚੁੱਘ ਨੇ ਕਿਹਾ ਕਿ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ ਹਰ ਘਰ ’ਚ ਨੌਕਰੀ ਦੇਣ ਅਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਮੋਬਾਇਲ ਦੇਣ ਤੇ ਪੰਜਾਬ ’ਚ ਮਾਫ਼ੀਆ ਰਾਜ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਕਾਂਗਰਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਇਸ ਕਾਰਨ ਪੰਜਾਬ ਅੱਜ ਕਰਜ਼ੇ ਦੇ ਜਾਲ ’ਚ ਫਸ ਗਿਆ ਹੈ ਅਤੇ ਪੰਜਾਬ ਦੇ ਸਿਰ ’ਤੇ ਚੜ੍ਹੇ ਕਰਜ਼ੇ ਦਾ ਵਿਆਜ ਦੇਣ ਲਈ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ ਪਰ ਕੋਈ ਪਾਰਟੀ ਪੰਜਾਬ ਦੇ ਸਿਰ ਚੜ੍ਹੇ ਇਸ ਕਰਜ਼ੇ ਨੂੰ ਮੁੱਦਾ ਨਹੀਂ ਬਣਾ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ