ਜਲੰਧਰ ਚੋਣ ਹਾਰਨ ਮਗਰੋਂ ਭਾਜਪਾ ਨੇਤਾਵਾਂ ’ਚ ਨਾ ਚਿੰਤਾ ਨਾ ਚਿੰਤਨ, 'ਹੋਟਲ' ਬਣਿਆ ਚਰਚਾ ਦਾ ਵਿਸ਼ਾ

Friday, May 19, 2023 - 01:49 PM (IST)

ਜਲੰਧਰ ਚੋਣ ਹਾਰਨ ਮਗਰੋਂ ਭਾਜਪਾ ਨੇਤਾਵਾਂ ’ਚ ਨਾ ਚਿੰਤਾ ਨਾ ਚਿੰਤਨ, 'ਹੋਟਲ' ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਅਨਿਲ ਪਾਹਵਾ) : ਹੁਣੇ ਜਿਹੇ ਹੋਈ ਜਲੰਧਰ ਦੀ ਲੋਕ ਸਭਾ ਉਪ-ਚੋਣ ਵਿਚ ਕਾਂਗਰਸ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਅਨੁਮਾਨ ਨਾਲੋਂ ਵੱਧ ਸਫ਼ਲਤਾ ਮਿਲੀ। ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਤਾਂ ਦੂਜੇ ਪਾਸੇ ਭਾਜਪਾ ਤੇ ਅਕਾਲੀ ਦਲ ਦਾ ਵੋਟ ਫ਼ੀਸਦੀ ਲਗਭਗ ਬਰਾਬਰ ਰਿਹਾ ਪਰ ਸਭ ਤੋਂ ਜ਼ਿਆਦਾ ਸਵਾਲ ਭਾਜਪਾ ਨੂੰ ਲੈ ਕੇ ਹੀ ਖੜ੍ਹੇ ਹੋ ਰਹੇ ਹਨ ਕਿਉਂਕਿ ਪਾਰਟੀ ਦੇ ਕੇਂਦਰੀ ਨੇਤਾਵਾਂ ਨੇ ਜਿਸ ਤਰ੍ਹਾਂ ਪੂਰੀ ਤਾਕਤ ਲਾ ਦਿੱਤੀ, ਉਸ ਮੁਤਾਬਕ ਪੰਜਾਬ ਤੇ ਜਲੰਧਰ ਦੀ ਟੀਮ ਕੰਮ ਨੂੰ ਅੰਜਾਮ ਨਹੀਂ ਦੇ ਸਕੀ। ਪਾਰਟੀ ਦੀ ਹਾਰ ਤੋਂ ਬਾਅਦ ਕੋਈ ਬੈਠਕ ਜਾਂ ਚਿੰਤਨ-ਮੰਥਨ ਨਹੀਂ ਹੋਇਆ, ਜਦੋਂਕਿ ਕਾਂਗਰਸ ਤੇ ਹੋਰ ਪਾਰਟੀਆਂ ਨੇ ਬਾਕਾਇਦਾ ਹਾਰ ’ਤੇ ਬੈਠਕਾਂ ਕੀਤੀਆਂ।

ਇਹ ਵੀ ਪੜ੍ਹੋ : ਕਿਸਾਨਾਂ ਲਈ ਆਈ ਚੰਗੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਭਾਜਪਾ ਨੇ ਜਿਹੜੀ 15-20 ਦਿਨ ਦੀ ਚੋਣ ਮੁਹਿੰਮ ਚਲਾਈ, ਉਸ ਵਿਚ ਕਈ ਵੱਡੀਆਂ ਕਮੀਆਂ ਤੇ ਖਾਮੀਆਂ ਰਹੀਆਂ, ਜਿਸ ਦਾ ਖਮਿਆਜ਼ਾ ਪਾਰਟੀ ਨੇ ਭੁਗਤਿਆ ਅਤੇ ਉੱਪਰੋਂ ਹੈਰਾਨੀ ਦੀ ਗੱਲ ਕਿ ਨੇਤਾਵਾਂ ਨੂੰ ਨਾ ਕੋਈ ਚਿੰਤਾ ਹੈ ਅਤੇ ਨਾ ਹੀ ਇਸ ’ਤੇ ਕੋਈ ਚਿੰਤਨ ਕਰਨ ਲਈ ਤਿਆਰ ਹੈ।

ਹੋਟਲ ਹੀ ਬਣਿਆ ਰਿਹਾ ਚਰਚਾ ਦਾ ਵਿਸ਼ਾ

ਜਲੰਧਰ ’ਚ ਭਾਜਪਾ ਦੇ ਵੱਡੇ ਨੇਤਾਵਾਂ ਲਈ 2 ਵੱਖ-ਵੱਖ ਹੋਟਲ ਬੁੱਕ ਕਰਵਾਏ ਗਏ ਸਨ ਪਰ ਇਸੇ ਆੜ ’ਚ ਪੰਜਾਬ ਦੇ ਅਤੇ ਕੁਝ ਸਥਾਨਕ ਨੇਤਾਵਾਂ ਦੀ ਵੀ ਮੌਜ ਲੱਗ ਗਈ, ਜਿਸ ਦਾ ਅਸਰ ਇਹ ਹੋਇਆ ਕਿ ਵੋਟਰ ਤਕ ਪਹੁੰਚ ਨਹੀਂ ਬਣ ਸਕੀ। ਜਲੰਧਰ ਦੇ ਇਕ ਸਥਾਨਕ ਨੇਤਾ ਦੀ ਡਿਊਟੀ ਹੋਟਲਾਂ ਦਾ ਪ੍ਰਬੰਧ ਕਰਨ ’ਚ ਲੱਗੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਨੇਤਾ ਲੋਕਾਂ ਨੂੰ ਮਿਲਣ ਦੀ ਬਜਾਏ ਪੂਰਾ ਦਿਨ ਹੋਟਲ ਦੇ ਕਮਰੇ ਵਿਚ ਬੈਠ ਕੇ ਸਮਾਂ ਬਿਤਾਉਂਦਾ ਰਿਹਾ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਜੋੜੇ ਨੇ 17 ਸਾਲਾ ਕੁੜੀ ਦੇ ਕਰਵਾਏ 18 ਵਿਆਹ

ਮੀਡੀਆ ਮੈਨੇਜਮੈਂਟ ’ਚ ਫੇਲ੍ਹ ਹੋਏ ਭਾਜਪਾਈ

ਆਪਣੇ ਕੰਮ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ’ਚ ਭਾਜਪਾ ਪੂਰੀ ਤਰ੍ਹਾਂ ਫਲਾਪ ਰਹੀ। ਜਲੰਧਰ ’ਚ ਲੋਕ ਸਭਾ ਚੋਣ ਜਿੱਤਣ ਦਾ ਆਮ ਲੋਕਾਂ ਨੂੰ ਕੀ ਫ਼ਾਇਦਾ ਮਿਲ ਸਕਦਾ ਹੈ, ਪਾਰਟੀ ਆਪਣਾ ਇਹ ਸੁਨੇਹਾ ਹੀ ਲੋਕਾਂ ਤਕ ਨਹੀਂ ਪਹੁੰਚਾ ਸਕੀ। ਮੀਡੀਆ ਮੈਨੇਜਮੈਂਟ ਲਈ ਲੱਖਾਂ ਰੁਪਏ ਆਏ ਪਰ ਉਹ ਵੀ ਕੁਝ ਚਹੇਤੇ ਪੋਰਟਲ ਵਾਲਿਆਂ ’ਚ ਵੰਡ ਦਿੱਤੇ ਗਏ। ਮੀਡੀਆ ਨਾਲ ਸਬੰਧਤ ਜਿਹੜੀ ਸੂਚੀ ਉੱਪਰ ਭੇਜੀ ਗਈ, ਉਸ ਵਿਚ ਹਰ ਨਿਊਜ਼ ਪੋਰਟਲ ਲਈ 25 ਤੋਂ 50 ਹਜ਼ਾਰ ਰੁਪਏ ਤਕ ਦੀ ਰਕਮ ਤੈਅ ਕੀਤੀ ਗਈ ਸੀ ਤਾਂ ਜੋ ਉਹ ਲੋਕ ਪਾਰਟੀ ਦਾ ਪ੍ਰਚਾਰ ਕਰ ਸਕਣ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵਿਚੋਂ ਅੱਧੇ ਨਿਊਜ਼ ਪੋਰਟਲ ਤਕ ਹੀ ਪੇਮੈਂਟ ਪਹੁੰਚੀ ਅਤੇ ਉਹ ਵੀ ਸਿਰਫ਼ 5 ਹਜ਼ਾਰ ਰੁਪਏ, ਜਦੋਂਕਿ ਹੋਰ ਨਿਊਜ਼ ਪੋਰਟਲ ਵਾਲੇ ਭਾਜਪਾ ਦੇ ਪੱਖ ’ਚ ਪ੍ਰਚਾਰ ਹੀ ਨਹੀਂ ਕਰ ਸਕੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਚੁੱਕਣ ਜਾ ਰਹੀ ਅਹਿਮ ਕਦਮ, ਵੱਡੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ

ਵੋਟਰ ਤਕ ਪਹੁੰਚ ਬਣਾਉਣ ’ਚ ਖਾ ਗਏ ਮਾਤ

ਭਾਜਪਾ ਦੇ ਨੇਤਾ ਹੋਟਲ ਵਿਚ ਸਵੇਰੇ-ਸ਼ਾਮ ਬੈਠਕਾਂ ਕਰਦੇ ਪਰ ਉਨ੍ਹਾਂ ਬੈਠਕਾਂ ਵਿਚ ਹੋਣ ਵਾਲੀ ਚਰਚਾ ਨੂੰ ਅੰਜਾਮ ਦੇਣ ਵਾਲਾ ਕੋਈ ਨਹੀਂ ਸੀ। ਕੇਂਦਰੀ ਨੇਤਾ ਅਤੇ ਵੱਡੇ ਅਹੁਦੇਦਾਰ ਤਾਂ ਯੋਜਨਾ ਬਣਾ ਸਕਦੇ ਸਨ, ਉਸ ਯੋਜਨਾ ਨੂੰ ਲਾਗੂ ਕਰਨਾ ਤਾਂ ਪੰਜਾਬ ਜਾਂ ਜਲੰਧਰ ਦੀ ਟੀਮ ਦੇ ਹੱਥ ਵਿਚ ਸੀ ਅਤੇ ਇਹ ਲੋਕ ਇੱਥੇ ਹੀ ਅਸਫ਼ਲ ਹੋ ਗਏ। ਪਾਰਟੀ ਦੇ ਨੇਤਾ ਆਮ ਵਰਕਰ ਅਤੇ ਆਮ ਵੋਟਰ ਤਕ ਪਹੁੰਚ ਹੀ ਨਹੀਂ ਬਣਾ ਸਕੇ। ਸ਼ਹਿਰਾਂ ਵਿਚ ਪਾਰਟੀ ਦੀ ਪੁਜ਼ੀਸ਼ਨ ਕੁਝ ਠੀਕ ਸੀ ਤਾਂ ਵੋਟ ਮਿਲ ਗਈ ਪਰ ਪਿੰਡਾਂ ਵਿਚ ਜਿਸ ਤਰ੍ਹਾਂ ਦੇ ਦਾਅਵੇ ਕੇਂਦਰ ਤੋਂ ਆਈਆਂ ਟੀਮਾਂ ਸਾਹਮਣੇ ਕੀਤੇ ਜਾਂਦੇ ਰਹੇ, ਉਹ ਸਭ ਖੋਖਲੇ ਸਾਬਤ ਹੋਏ।

ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਵਿਚ ਕਿਸੇ ਵੀ ਬਿਹਤਰ ਕੰਮ ਕਰਨ ਵਾਲੇ ਵਿਅਕਤੀ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਨਾਲ ਜੋੜਨ ਲਈ ਲੱਭ ਹੀ ਲੈਂਦੇ ਹਨ ਅਤੇ ਜਲੰਧਰ ਵਿਚ ਹਾਲ ਇਹ ਸੀ ਕਿ ਸਥਾਨਕ ਨੇਤਾ ਆਪਣੇ ਵੋਟਰ ਨੂੰ ਹੀ ਨਹੀਂ ਲੱਭ ਸਕੇ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਨੂੰ ਲੈ ਕੇ ਆਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਸ਼ੇਕ ਤੇ ਮਹਿੰਗੇ ਫਲਾਂ ਦੇ ਦੀਵਾਨੇ ਨੇਤਾ ਜੀ

ਜਲੰਧਰ ਦੀ ਚੋਣ ਦੌਰਾਨ ਨਾਮਦੇਵ ਚੌਂਕ ਨੇੜੇ ਇਕ ਹੋਟਲ ਵਿਚ ਪੰਜਾਬ ਤੇ ਜਲੰਧਰ ਦੇ ਕੁਝ ਨੇਤਾਵਾਂ ਨੇ ਡੇਰਾ ਲਾਇਆ ਹੋਇਆ ਸੀ। ਇਨ੍ਹਾਂ ਨੇਤਾਵਾਂ ਦਾ ਚੋਣ ਰਣਨੀਤੀ ਵੱਲ ਧਿਆਨ ਘੱਟ ਸੀ ਪਰ ਸ਼ੇਕ ਤੇ ਮਹਿੰਗੇ ਫਲਾਂ ਦੀ ਦੀਵਾਨਗੀ ’ਚ ਜ਼ਿਆਦਾ ਗੁਆਚੇ ਹੋਏ ਸਨ। ਇਕ ਨੇਤਾ ਜੀ ਤਾਂ ਰੋਜ਼ ਆਪਣੀ ਸਵੇਰ ਦੀ ਸ਼ੁਰੂਆਤ ਮਹਿੰਗੇ ਫਲਾਂ ਨਾਲ ਕਰਦੇ ਤਾਂ ਉਨ੍ਹਾਂ ਨੂੰ ਸ਼ਾਮ ਪੈਂਦਿਆਂ ਹੀ ਮੈਂਗੋ ਸ਼ੇਕ ਚਾਹੀਦਾ ਹੁੰਦਾ ਸੀ। ਇਸ ਦੇ ਲਈ ਬਾਕਾਇਦਾ ਕੁਝ ਸਥਾਨਕ ਨੇਤਾਵਾਂ ਦੀ ਪੱਕੀ ਡਿਊਟੀ ਲੱਗੀ ਸੀ, ਜੋ ਨੇਤਾ ਜੀ ਤੇ ਹੋਰ ਲੋਕਾਂ ਲਈ ਸ਼ੇਕ ਤੇ ਫਲਾਂ ਦਾ ਪ੍ਰਬੰਧ ਕਰਦੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News