ਭਾਜਪਾ ਕੌਂਸਲਰਾਂ ਨੇ ਆਪਣੇ ਹੀ ਮੇਅਰ ''ਤੇ ਲਾਏ ਗੰਭੀਰ ਦੋਸ਼

01/11/2018 8:07:56 AM

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)¸ ਫਗਵਾੜਾ ਨਗਰ ਨਿਗਮ ਦੀ ਨਵੇਂ ਸਾਲ 2018 ਨੂੰ ਹੋਈ ਪਹਿਲੀ ਮੀਟਿੰਗ ਵਿਚ ਉਦੋਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਭਰੇ ਹਾਊਸ ਵਿਚ ਇਕ ਦੇ ਬਾਅਦ ਇਕ ਕਰ ਕੇ ਕਈ ਕੌਂਸਲਰਾਂ ਨੇ ਸਿੱਧੇ ਤੌਰ 'ਤੇ ਭਾਜਪਾ ਮੇਅਰ ਅਰੁਣ ਖੋਸਲਾ ਦੀ ਕਾਰਜਸ਼ੈਲੀ ਨੂੰ ਮੁੱਦਾ ਬਣਾ ਕੇ ਸ਼ਹਿਰ 'ਚ ਵਿਕਾਸ ਕੰਮ ਨਾ ਹੋਣ 'ਤੇ ਆਪਣਾ ਡੂੰਘਾ ਰੋਸ ਜਤਾਇਆ। 
ਜਾਰੀ ਘਟਨਾ ਚੱਕਰ ਦੌਰਾਨ ਇਕ ਪਾਸੇ ਜਿਥੇ ਕਾਂਗਰਸੀ ਕੌਂਸਲਰਾਂ ਨੇ ਮੇਅਰ ਖੋਸਲਾ ਤੋਂ ਕਈ ਅਹਿਮ ਮੁੱਦਿਆਂ 'ਤੇ ਸਵਾਲ ਪੁੱਛੇ ਤਾਂ ਇਸ ਸਿਲਸਿਲੇ ਵਿਚ ਸੱਤਾ ਸੁੱਖ ਭੋਗ ਰਹੇ ਭਾਜਪਾ ਦੇ ਕੁਝ ਕੌਂਸਲਰਾਂ ਨੇ ਵੀ ਸਿੱਧੇ ਤੌਰ 'ਤੇ ਪੁੱਛਿਆ ਕਿ ਆਖਿਰ ਉਨ੍ਹਾਂ ਦੇ ਵਾਰਡ ਵਿਚ ਵਿਕਾਸ ਕਾਰਜ ਕਿਉਂ ਨਹੀਂ ਹੋ ਰਹੇ।
ਮੇਅਰ ਨੂੰ ਨਹੀਂ ਸੁਝਿਆ ਕੋਈ ਢੁਕਵਾਂ ਜਵਾਬ
ਇਸ 'ਤੇ ਹਾਊਸ ਅੰਦਰ ਕੌਂਸਲਰਾਂ ਵਲੋਂ ਦਾਗ਼ੇ ਜਾ ਰਹੇ ਅਹਿਮ ਸਵਾਲਾਂ ਦੀ ਬਾਛੜ ਨਾਲ ਮੇਅਰ ਖੋਸਲਾ ਨੂੰ ਕੋਈ ਢੁਕਵਾਂ ਜਵਾਬ ਨਹੀਂ ਸੁਝਿਆ ਅਤੇ ਉਹ ਲਗਾਤਾਰ ਇਧਰ-ਉਧਰ ਦੀਆਂ ਗੱਲਾਂ ਕਰਦੇ ਕਦੇ ਮੁੱਦੇ ਤੋਂ ਭਟਕਦੇ ਅਤੇ ਕਦੇ ਖੁਦ ਨੂੰ ਸੰਭਾਲਦੇ ਹੋਏ ਕੌਂਸਲਰਾਂ ਦੇ ਗੁੱਸੇ ਨੂੰ ਸ਼ਾਂਤ ਕਰਦੇ ਦਿਖਾਈ ਦਿੱਤੇ ਪਰ ਹਾਊਸ ਦੇ ਅੰਦਰ ਹਾਲਾਤ ਉਦੋਂ ਬੇਹੱਦ ਗੰਭੀਰ ਰੂਪ ਧਾਰਨ ਕਰ ਗਏ, ਜਦੋਂ ਕਾਂਗਰਸੀ ਕੌਂਸਲਰਾਂ ਸੰਜੀਵ ਬੁੱਗਾ, ਰਾਮਪਾਲ ਉਪਲ, ਜਤਿੰਦਰ ਵਰਮਾਨੀ, ਸੰਗੀਤਾ ਗੁਪਤਾ, ਗੁਰਬਚਨ ਸਿੰਘ ਵਾਲੀਆ, ਦਰਸ਼ਨ ਲਾਲ ਧਰਮਸੌਤ, ਬਸਪਾ ਕੌਂਸਲਰ ਰਮੇਸ਼ ਕੌਲ ਸਮੇਤ ਹੋਰਨਾਂ ਕੌਂਸਲਰਾਂ ਨੇ ਮੇਅਰ ਖੋਸਲਾ ਤੋਂ ਇਹ ਪੁੱਛਿਆ ਕਿ ਜਦੋਂ ਹਾਊਸ ਦੀ ਪਿਛਲੀ ਮੀਟਿੰਗ ਜੋ ਬੀਤੇ ਸਾਲ 17 ਨਵੰਬਰ ਨੂੰ ਸੰਪੰਨ ਹੋਈ ਸੀ, ਵਿਚ ਇਹ ਸਰਬਸੰਮਤੀ ਨਾਲ ਪਾਸ ਹੋਇਆ ਸੀ ਕਿ ਅਗਲੀ ਮੀਟਿੰਗ 18 ਦਸੰਬਰ 2017 ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਫੋਕਸ ਕਰੇਗੀ, ਉਦੋਂ ਇਹ ਮੀਟਿੰਗ ਕਿਉਂ ਨਹੀਂ ਬੁਲਾਈ ਗਈ? ਕੌਂਸਲਰਾਂ ਨੇ ਪੁੱਛਿਆ ਕਿ ਅੱਜ ਜੋ ਮੀਟਿੰਗ ਹੋ ਰਹੀ ਹੈ ਉਸ ਦਾ ਏਜੰਡਾ ਵੀ ਉਨ੍ਹਾਂ ਨੂੰ ਕੁਝ ਘੰਟੇ ਪਹਿਲਾਂ ਮਿਲਿਆ ਹੈ, ਅਜਿਹਾ ਕਿਉਂ ਅਤੇ ਇਸ ਏਜੰਡੇ ਵਿਚ ਸ਼ਹਿਰ ਦੇ ਵਿਕਾਸ ਸਬੰਧੀ ਕਾਰਜਾਂ ਦਾ ਵੇਰਵਾ ਕਿਉਂ ਨਹੀਂ ਰੱਖਿਆ ਗਿਆ ਹੈ।
ਕਾਂਗਰਸੀ ਕੌਂਸਲਰ ਗੁੱਸੇ 'ਚ ਆਏ, ਏਜੰਡੇ ਦੀਆਂ ਕਾਪੀਆਂ ਪਾੜ ਕੇ ਮੇਅਰ ਵੱਲ ਸੁਟੀਆਂ
ਇਸ 'ਤੇ ਮੇਅਰ ਖੋਸਲਾ ਨੇ ਕੌਂਸਲਰਾਂ ਨੂੰ ਜਦੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਤਾਂ ਕਾਂਗਰਸੀ ਕੌਂਸਲਰਾਂ ਨੇ ਏਜੰਡੇ ਦੀਆਂ ਕਾਪੀਆਂ ਪਾੜ ਕੇ ਮੇਅਰ ਖੋਸਲਾ ਵੱਲ ਉਛਾਲ ਦਿੱਤੀਆਂ ਅਤੇ ਹਾਊਸ ਦੇ ਅੰਦਰ ਮੇਅਰ ਖੋਸਲਾ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਸ਼ੁਰੂ ਹੋ ਗਈ। ਇਸ ਦੌਰਾਨ ਅੰਦੋਲਨਕਾਰੀ ਕੌਂਸਲਰਾਂ ਨੂੰ ਹਾਊਸ ਵਿਚ ਮੌਜੂਦ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨੇ ਸ਼ਾਂਤ ਕਰਨ ਦੇ ਭਾਰੀ ਯਤਨ ਕੀਤੇ ਪਰ ਮੇਅਰ ਦੇ ਵਿਰੁੱਧ ਨਾਅਰੇਬਾਜ਼ੀ ਦਾ ਦੌਰ ਜਿਉਂ ਦਾ ਤਿਓਂ ਜਾਰੀ ਰਿਹਾ ਅਤੇ ਬਣੇ ਹੋਏ ਗੰਭੀਰ ਹਾਲਾਤ ਦੇ ਵਿਚਾਲੇ ਖੋਸਲਾ ਮੁੱਦੇ ਤੋਂ ਭਟਕਦੇ ਹੋਏ ਕਦੇ ਕੁਝ ਤਾਂ ਕਦੇ ਕੁਝ ਬੋਲਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਇਕ ਨਾ ਸੁਣੀ।
ਇਸ ਦੇ ਬਾਅਦ ਜਦੋਂ ਕੌਂਸਲਰਾਂ ਨੇ ਇਹੀ ਸਵਾਲ ਨਿਗਮ ਕਮਿਸ਼ਨਰ ਬਖਤਾਬਰ ਸਿੰਘ ਨੂੰ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਭ ਮੁੱਦੇ ਮੇਅਰ ਖੋਸਲਾ ਦੇ ਧਿਆਨ ਵਿਚ ਲਿਆ ਦਿੱਤੇ ਗਏ ਸਨ। ਜੇਕਰ ਹੁਣ ਏਜੰਡੇ ਵਿਚ ਵਿਕਾਸ ਸਬੰਧੀ ਮੁੱਦੇ ਗਾਇਬ ਹਨ ਤਾਂ ਇਸ ਦਾ ਜਵਾਬ ਮੇਅਰ ਖੋਸਲਾ ਹੀ ਦੇ ਸਕਦੇ ਹਨ।
ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਫਤਰਾਂ ਦਾ ਮੁੱਦਾ ਵੀ ਉਠਿਆ
ਇਸ ਦੌਰਾਨ ਕਾਂਗਰਸੀ ਕੌਂਸਲਰਾਂ ਸੰਜੀਵ ਬੁੱਗਾ, ਜਤਿੰਦਰ ਵਰਮਾਨੀ, ਰਾਮਪਾਲ ਉਪਲ, ਦਰਸ਼ਨ ਲਾਲ ਧਰਮਸੌਤ ਤੇ ਸੰਗੀਤ ਗੁਪਤਾ ਸਮੇਤ ਹੋਰਨਾਂ ਕੌਂਸਲਰਾਂ ਨੇ ਸਵਾਲ ਕੀਤਾ ਕਿ ਆਖਿਰ ਉਹ ਕੀ ਕਾਰਨ ਹੈ ਕਿ ਜਨਤਾ ਤੋਂ ਉਨ੍ਹਾਂ ਦੀ ਸਖਤ ਮਿਹਨਤ ਦਾ ਟੈਕਸ ਦੇ ਰੂਪ ਵਿਚ ਨਿਗਮ ਨੂੰ ਅਦਾ ਕੀਤਾ ਜਾਂਦਾ ਪੈਸਾ ਵਾਰ-ਵਾਰ ਕਦੇ ਮੇਅਰ ਦਫਤਰ, ਕਦੇ ਸੀਨੀਅਰ ਡਿਪਟੀ ਮੇਅਰ ਦਫਤਰ ਤਾਂ ਕਦੇ ਡਿਪਟੀ ਮੇਅਰ ਦਫਤਰ ਨੂੰ ਆਲੀਸ਼ਾਨ ਬਣਾਉਣ ਵਿਚ ਖਰਚ ਕੀਤਾ ਜਾ ਰਿਹਾ ਹੈ?
ਕੌਂਸਲਰਾਂ ਨੇ ਸਵਾਲ ਕੀਤੇ ਕਿ ਨਿਗਮ ਨੇ ਜੋ ਇਕ ਦਰਜਨ ਤੋਂ ਵੱਧ ਮਾਲੀ ਰੱਖੇ ਹਨ, ਉਹ ਦਿਨ ਭਰ ਕੀ ਕਰਦੇ ਹਨ, ਇਸ ਦਾ ਹਿਸਾਬ ਹਾਊਸ ਨੂੰ ਦਿੱਤਾ ਜਾਵੇ ਅਤੇ ਇਹ ਸਪੱਸ਼ਟ ਕੀਤਾ ਜਾਵੇ ਕਿ ਇਨ੍ਹਾਂ ਦੀ ਕੰਮ ਦੇ ਅਨੁਸਾਰ ਕਿੰਨੀ ਜ਼ਰੂਰਤ ਰਹਿੰਦੀ ਹੈ।
ਉਕਤ ਸਵਾਲਾਂ ਨੂੰ ਲੈ ਕੇ ਵੀ ਮੇਅਰ ਖੋਸਲਾ ਹਾਊਸ ਦੇ ਅੰਦਰ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ ਅਤੇ ਇਕ ਵਾਰ ਫਿਰ ਉਕਤ ਮਾਮਲੇ ਨੂੰ ਲੈ ਕੇ ਰੌਲਾ ਪੈਣਾ ਸ਼ੁਰੂ ਹੋ ਗਿਆ। 
ਵਿਕਾਸ ਰੋਕਦਾ ਹੈ ਮੇਅਰ ਖੋਸਲਾ, ਇਲਜ਼ਾਮ ਲਗਾਉਂਦਾ ਹੈ ਕੈਪਟਨ ਸਰਕਾਰ 'ਤੇ : ਜਤਿੰਦਰ ਵਰਮਾਨੀ
ਕਾਂਗਰਸੀ ਕੌਂਸਲਰ ਜਤਿੰਦਰ ਵਰਮਾਨੀ ਅਤੇ ਹੋਰ ਕਾਂਗਰਸੀ ਕੌਂਸਲਰਾਂ ਨੇ ਮੇਅਰ ਖੋਸਲਾ 'ਤੇ ਭਰੇ ਹਾਊਸ ਵਿਚ ਸਿੱਧਾ ਦੋਸ਼ ਲਗਾਇਆ ਕਿ ਮੇਅਰ ਖੁਦ ਫਗਵਾੜਾ ਦੇ ਵਿਕਾਸ ਕਾਰਜ ਰੋਕਦਾ ਹੈ। ਵਿਰਮਾਨੀ ਨੇ ਕਿਹਾ ਕਿ ਇਸ ਦੀ ਤਸਦੀਕ ਤਾਂ ਅੱਜ ਪੂਰੇ ਹਾਊਸ ਦੇ ਅੰਦਰ ਖੁਦ ਕਮਿਸ਼ਨਰ ਬਖਤਾਵਰ ਸਿੰਘ ਨੇ ਵੀ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਖੁਦ ਫਗਵਾੜਾ ਦੀ ਜਨਤਾ ਦੇ ਹਿੱਤਾਂ ਦਾ ਗਲਾ ਘੁੱਟ ਕੇ ਵਿਕਾਸ ਕਾਰਜ ਰੁਕਵਾਉਣ ਵਾਲੇ ਮੇਅਰ ਖੋਸਲਾ ਉਲਟਾ ਕਦੇ ਲੋਕਾਂ ਨੂੰ ਜਨਤਕ ਤੌਰ 'ਤੇ ਤਾਂ ਕਦੇ ਮੀਡੀਆ ਵਿਚ ਇਹ ਕਹਿੰਦੇ ਹਨ ਕਿ ਫਗਵਾੜਾ ਦੇ ਵਿਕਾਸ ਕਾਰਜ ਰੁਕਣ ਵਿਚ ਕਾਂਗਰਸ ਦੀ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਵਰਮਾਨੀ ਨੇ ਕਿਹਾ ਕਿ ਅੱਜ ਸਭ ਸਪੱਸ਼ਟ ਹੋ ਗਿਆ ਹੈ ਕਿ ਕੌਣ ਕੀ ਕਰ ਰਿਹਾ ਹੈ ਅਤੇ ਕਿਵੇਂ ਫਗਵਾੜਾ ਦੇ ਵਿਕਾਸ ਕਾਰਜ ਰੋਕੇ ਜਾ ਰਹੇ ਹਨ।


Related News