ਭਾਜਪਾ ’ਚ ਵੀ ਵਧਿਆ ਅੰਦਰੂਨੀ ਕਲੇਸ਼, ਅਨਿਲ ਜੋਸ਼ੀ ਦੇ ਦੋਸ਼ਾਂ ਦਾ ਅਸ਼ਵਨੀ ਸ਼ਰਮਾ ਨੇ ਦਿੱਤਾ ਜਵਾਬ

Monday, Jun 14, 2021 - 06:15 PM (IST)

ਭਾਜਪਾ ’ਚ ਵੀ ਵਧਿਆ ਅੰਦਰੂਨੀ ਕਲੇਸ਼, ਅਨਿਲ ਜੋਸ਼ੀ ਦੇ ਦੋਸ਼ਾਂ ਦਾ ਅਸ਼ਵਨੀ ਸ਼ਰਮਾ ਨੇ ਦਿੱਤਾ ਜਵਾਬ

ਅੰਮ੍ਰਿਤਸਰ - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੀ ਲੀਡਰਸ਼ਿਪ ਕਿਸਨਾਂ ਦੀਆਂ ਗੱਲਾਂ ਕੇਂਦਰ ਤਕ ਸਹੀ ਢੰਗ ਨਾਲ ਨਹੀਂ ਰੱਖ ਸਕੀ ਹੈ। ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨਾਲ 11 ਵਾਰ ਗੱਲਬਾਤ ਕੀਤੀ ਗਈ। ਜਿਨ੍ਹਾਂ ਲੀਡਰਾਂ ਨੇ ਕਿਸਾਨਾਂ ਦੀ ਗੱਲ ਕੇਂਦਰ ਤੱਕ ਕੀਤੀ, ਉਹ ਵੀ ਪੰਜਾਬ ’ਚੋਂ ਹੀ ਹਨ। ਜਿਸ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਸਿੰਘ ਗਰੇਵਾਲ ਸ਼ਾਮਲ ਹਨ। ਲਗਭਗ ਡੇਢ ਮਹੀਨੇ ਤਕ ਉਹ ਦਿੱਲੀ ਵਿਚ ਹੀ ਡਟੇ ਰਹੇ ਪਰ ਬਾਵਜੂਦ ਇਸ ਦੇ ਕਿਸਾਨਾਂ ਨੇ ਮਸਲਾ ਹੱਲ ਕਰਨ ’ਤੇ ਕੋਈ ਸਹਿਮਤੀ ਨਹੀਂ ਜਤਾਈ।

ਇਹ ਵੀ ਪੜ੍ਹੋ : ਐੱਸ. ਆਈ. ਟੀ. ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਸਿੰਘ ਬਾਦਲ

ਅਸ਼ਵਨੀ ਸ਼ਰਮਾ ਐਤਵਾਰ ਨੂੰ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਤੇ ਕੋਰ ਕਮੇਟੀ ਦੀ ਬੈਠਕ ਵਿਚ ਸ਼ਾਮਲ ਹੋਣ ਆਏ ਸਨ। ਇਸ ਬੈਠਕ ਵਿਚ ਅਨਿਲ ਜੋਸ਼ੀ ਨਾਦਾਰਦ ਰਹੇ। ਬੈਠਕ ਵਿਚ ਸ਼ਰਮਾ ਨੇ ਸਾਫ ਕਿਹਾ ਕਿ ਕਿਸਾਨਾਂ ਦੇ ਮੁੱਦੇ ’ਤੇ ਕੁਝ ਪਾਰਟੀ ਨੇਤਾ ਵਰਕਰਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਬੈਠਕ ਵਿਚ ਸ਼ਰਮਾ ਨੇ ਜੋਸ਼ੀ ਦਾ ਨਾਮ ਨਹੀਂ ਲਿਆ ਪਰ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਿੱਧੇ ਤੌਰ ’ਤੇ ਜੋਸ਼ੀ ਦੇ ਦੋਸ਼ਾਂ ਦਾ ਜਵਾਬ ਦਿੱਤਾ।

ਇਹ ਵੀ ਪੜ੍ਹੋ : ਕਾਂਗਰਸ ਦੇ ਕਲੇਸ਼ ਵਿਚਾਲੇ ਫੂਲਕਾ ਨੇ ਲਿਖੀ ਨਵਜੋਤ ਸਿੱਧੂ ਨੂੰ ਚਿੱਠੀ, ਕੀਤੀ ਇਹ ਵੱਡੀ ਮੰਗ

ਉਨ੍ਹਾਂ ਸਾਬਕਾ ਮੰਤਰੀ ਜੋਸ਼ੀ ਨੂੰ ਪਾਰਟੀ ਪਲੇਟਫਾਰਮ ’ਤੇ ਆਪਣੀ ਗੱਲ ਰੱਖਣ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਜੋਸ਼ੀ ਨੂੰ ਜੇ ਆਪਣੀ ਗੱਲ ਰੱਖਣੀ ਸੀ ਤਾਂ ਉਹ ਸਿੱਧੇ ਤੌਰ ’ਤੇ ਰੱਖ ਸਕਦੇ ਸਨ, ਮੀਡੀਆ ਅਤੇ ਅਖ਼ਬਾਰਾਂ ਵਿਚ ਆ ਕੇ ਗੱਲ ਨਹੀਂ ਰੱਖੀ ਜਾਂਦੀ। ਉਹ ਵਿਅਤੀਗਤ ਤੌਰ ’ਤੇ ਜੇ ਕੁਝ ਕਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੈ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸ਼ਰਤਾਂ ਨਾਲ ਗੱਲਬਾਤ ਕਰ ਰਹੇ ਹਨ ਪਰ ਗੱਲਬਾਤ ਸ਼ਰਤਾਂ ਨਾਲ ਨਹੀਂ ਸਗੋਂ ਖੁੱਲ੍ਹੇ ਤਰੀਕੇ ਨਾਲ ਹੁੰਦੀ ਹੈ। ਆਖਰੀ ਪ੍ਰਸਤਾਅ ਗਿਆ ਸੀ ਕਿ ਡੇਢ ਸਾਲ ਤੱਕ ਕਾਨੂੰਨ ਲਾਗੂ ਨਹੀਂ ਕਰਦੇ ਅਤੇ ਪੰਜ ਮੈਂਬਰੀ ਕਮੇਟੀ ਬਣਾਉਣਗੇ ਪਰ ਬਾਅਦ ਵਿਚ ਕਿਸਾਨ ਮੁਕਰ ਗਏ। ਕਿਹੜੀਆਂ ਤਾਕਤਾਂ ਹਨ ਜਿਹੜੀਆਂ ਇਸ ਮਾਮਲੇ ਨੂੰ ਹੱਲ ਨਹੀਂ ਹੋਣ ਦੇਣਾ ਚਾਹੁੰਦੀਆਂ। ਅਕਾਲੀ-ਬਸਪਾ ਗਠਜੋੜ ’ਤੇ ਉਨ੍ਹਾਂ ਵਧਾਈ ਦਿੱਤੀ ਅਤੇ ਇਸ ਨੂੰ ਬੇਮੇਲ ਗਠਜੋੜ ਕਰਾਰ ਦਿੱਤਾ।

ਇਹ ਵੀ ਪੜ੍ਹੋ : ਗਠਜੋੜ ਤਕ ਸੀਮਤ ਨਹੀਂ ਸ਼੍ਰੋਮਣੀ ਅਕਾਲੀ ਦਲ, ਸੱਤਾ ਪ੍ਰਾਪਤੀ ਲਈ ਮਹਾਗਠਜੋੜ ਦਾ ਲੱਭਿਆ ਜਾ ਰਿਹੈ ਫਾਰਮੂਲਾ

ਕੀ ਕਿਹਾ ਅਨਿਲ ਜੋਸ਼ੀ ਨੇ
ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਉਹ ਲੀਡਰਾਂ ਦੇ ਭਾਸ਼ਣ ਚੰਡੀਗੜ੍ਹ ਅਤੇ ਹੋਰ ਜਗ੍ਹਾ ਸੁਣ ਚੁੱਕੇ ਹਨ। ਸੁਫ਼ਨੇ ਦੇਖ ਰਹੀ ਪੰਜਾਬ ਦੀ ਲੀਡਰਸ਼ਿਪ ਕਿਸਾਨਾਂ ਦੀ ਗੱਲ ਸਮਝਣਾ ਨਹੀਂ ਚਾਹੁੰਦੀ। ਲੀਡਰਸ਼ਿਪ ਜ਼ਮੀਨੀ ਹਕੀਕਤ ਵੀ ਸਮਝਣ ਨੂੰ ਤਿਆਰ ਨਹੀਂ ਹੈ। ਜਦੋਂ ਤਕ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਇਕ ਵੀ ਉਮੀਦਵਾਰ ਨਹੀਂ ਮਿਲੇਗਾ। ਜੋਸ਼ੀ ਨੇ ਕਿਹਾ ਕਿ ਵਰਕਰਾਂ ਨੂੰ ਗਿਆਨ ਦੇਣ ਵਾਲਿਆਂ ਨੇ ਨਾ ਤਾਂ ਖੁਦ ਚੋਣ ਲੜੀ ਹੈ ਅਤੇ ਨਾ ਹੀ ਬੂਥ ਸੰਭਾਲੇ ਹਨ। ਵਰਕਰ ਵੀ ਮਜ਼ਾਕ ਉਡਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਪਤਾ ਹੈ। ਲੀਡਰਸ਼ਿਪ 60 ਸੀਟਾਂ ’ਤੇ ਜਿੱਤ ਦਾ ਦਾਅਵਾ ਕਰ ਹਰ ਹਲਕੇ ਵਿਚ ਪ੍ਰੋਗਰਾਮ ਕਰਵਾਉਣ ਦੀ ਗੱਲ ਆਖ ਰਹੀ ਹੈ। ਅਜਿਹੇ ਪ੍ਰੋਗਰਾਮ ਉਦੋਂ ਤਕ ਨਹੀਂ ਹੋ ਸਕਦੇ ਜਦੋਂ ਤਕ ਹਾਲਾਤ ਠੀਕ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਾਂ ਨੇ ਪਹਿਲਾਂ ਜਿਹੜੇ ਪ੍ਰੋਗਰਾਮ ਕੀਤੇ, ਉਨ੍ਹਾਂ ਵਿਚ ਸਾਡੇ ਵਿਧਾਇਕਾਂ ਨਾਲ ਕੀ ਹੋਇਆ, ਇਹ ਸਭ ਜਾਣਦੇ ਹਨ। ਇਸ ਤਰ੍ਹਾਂ ਵਰਕਰਾਂ ਦਾ ਮਨੋਬਲ ਡਿੱਗਦਾ ਹੈ। ਪੰਜਾਬ ਪ੍ਰਧਾਨ ਅਤੇ ਵੱਡੇ ਲੀਡਰ ਬਿਨਾਂ ਸੁਰੱਖਿਆ ਬਾਹਰ ਨਿਕਲਣ ਤਾਂ ਵਰਕਰਾਂ ਦਾ ਮਨੋਬਲ ਵਧੇਗਾ।

ਇਹ ਵੀ ਪੜ੍ਹੋ : ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਤਿੰਨ ਬਾਅਦ ਸਾਹਮਣੇ ਆਇਆ ਇਕ ਹੋਰ ਮਾਮਲਾ, ਖੁੱਲ੍ਹਿਆ ਭੇਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News