ਭਾਜਪਾ ਤੇ ‘ਆਪ’ ਸਥਾਨਕ ਸਰਕਾਰਾਂ ਚੋਣਾਂ ’ਚ ਨਜ਼ਰ ਆਉਂਦੀ ਹਾਰ ਦੇਖ ਕੇ ਬੌਖਲਾਈਆਂ : ਕੈਪਟਨ
Tuesday, Feb 16, 2021 - 11:33 PM (IST)
![ਭਾਜਪਾ ਤੇ ‘ਆਪ’ ਸਥਾਨਕ ਸਰਕਾਰਾਂ ਚੋਣਾਂ ’ਚ ਨਜ਼ਰ ਆਉਂਦੀ ਹਾਰ ਦੇਖ ਕੇ ਬੌਖਲਾਈਆਂ : ਕੈਪਟਨ](https://static.jagbani.com/multimedia/2021_1image_15_00_349125611captain.jpg)
ਚੰਡੀਗੜ੍ਹ/ਜਲੰਧਰ, (ਅਸ਼ਵਨੀ, ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋਂ ਸਥਾਨਕ ਸਰਕਾਰਾਂ ਚੋਣਾਂ ਵਿਚ ਧਾਂਦਲੀ ਕਰਨ ਦੇ ਲਾਏ ਦੋਸ਼ਾਂ ਨੂੰ ਚੋਣਾਂ ਵਿਚ ਨਜ਼ਰ ਆਉਂਦੀ ਸਪੱਸ਼ਟ ਹਾਰ ਤੋਂ ਘਬਰਾ ਕੇ ਚੀਕ-ਚਿਹਾੜਾ ਪਾਉਣ ਦੀ ਮਿਸਾਲ ਕਰਾਰ ਦਿੱਤਾ ਹੈ, ਜਿਨ੍ਹਾਂ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦਾ ਯਕੀਨਨ ਸਫ਼ਾਇਆ ਹੋ ਜਾਣ ਦੀ ਇਹ ਘਬਰਾਹਟ ਭਰੀ ਪ੍ਰਤੀਕਿਰਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਸਫ਼ਾਇਆ ਹੋਣਾ ਤੈਅ ਹੈ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਇਨ੍ਹਾਂ ਪਾਰਟੀਆਂ, ਜੋ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਯਕੀਨ ਪੂਰੀ ਤਰ੍ਹਾਂ ਗੁਆ ਚੁੱਕੀਆਂ ਹਨ, ਦੀ ਹੋਰ ਵੀ ਭੈੜੀ ਹੋਣ ਵਾਲੀ ਹਾਲਤ ਦੀ ਸ਼ਾਹਦੀ ਭਰਨਗੇ।
ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਵਲੋਂ ਪੂਰਨ ਤੌਰ ’ਤੇ ਨਕਾਰੇ ਜਾਣ ਕਰਕੇ ਇਨ੍ਹਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ, ਜੋ ਕਿ ਯਕੀਨੀ ਤੌਰ ’ਤੇ ਆਪਣੀ ਅਸਫਲਤਾ ਲੁਕਾਉਣ ਲਈ ਬਹਾਨੇ ਘੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਤੇ ਮੇਰੀ ਪਾਰਟੀ ਉਸ ਚੋਣ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਿਉਂ ਕਰੇਗੀ, ਜਿਸ ਨੂੰ ਅਸੀਂ ਸਾਫ ਤੌਰ ’ਤੇ ਜਿੱਤ ਰਹੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਵਾਂਗ ਪੰਜਾਬ ਵਿਚ ਵੀ ਮਿਊਂਸਪਲ ਚੋਣਾਂ ਦੌਰਾਨ ਹੋਈਆਂ ਹਿੰਸਾ ਦੀਆਂ ਵਾਰਦਾਤਾਂ ਭਾਜਪਾ ਅਤੇ ‘ਆਪ’ ਵਲੋਂ ਮਿਲੀਭੁਗਤ ਕਰਕੇ ਕਿਸੇ ਵੀ ਕੀਮਤ ’ਤੇ ਇਹ ਚੋਣਾਂ ਜਿੱਤਣ ਦੀ ਕੋਸ਼ਿਸ਼ ਦੀਆਂ ਸੂਚਕ ਹਨ।
ਭਾਜਪਾ ਆਗੂ ਤਰੁਣ ਚੁੱਘ ਵਲੋਂ ਕੀਤੀ ਗਈ ਟਿੱਪਣੀ ਕਿ ਪੰਜਾਬ ਦੇ ਲੋਕ ਦਹਿਸ਼ਤ ਵਿਚ ਜਿਉਂ ਰਹੇ ਹਨ, ਦਾ ਕਰਾਰਾ ਜਵਾਬ ਦਿੰਦਿਆਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਸਾਰੇ ਦੇਸ਼ ਦੇ ਲੋਕ ਹੀ ਜ਼ਾਲਮ ਕੇਂਦਰ ਸਰਕਾਰ ਦੇ ਖੌਫ਼ ਦੇ ਪਰਛਾਵੇਂ ਹੇਠ ਜੀਅ ਰਹੇ ਹਨ, ਜਿਸ ਕੇਂਦਰ ਸਰਕਾਰ ਨੇ ਲੋਕਤੰਤਰੀ ਹੋਣ ਦਾ ਨਾਟਕ ਤਕ ਕਰਨਾ ਬੰਦ ਕਰ ਦਿੱਤਾ ਹੈ। ਕਾਂਗਰਸ ਨੇ ਹਮੇਸ਼ਾ ਲੋਕਤੰਤਰ ਅਤੇ ਨਾਗਰਿਕਾਂ ਦੀ ਆਜ਼ਾਦੀ ਦੇ ਸੰਵਿਧਾਨਿਕ ਅਸੂਲਾਂ ’ਤੇ ਪਹਿਰਾ ਦਿੱਤਾ ਹੈ ਅਤੇ ਪੰਜਾਬ ਤੇ ਹੋਰ ਸੂਬਿਆਂ, ਜਿੱਥੇ ਇਸ ਦੀ ਸਰਕਾਰ ਹੈ, ਵਿਚ ਵੀ ਇਨ੍ਹਾਂ ਅਸੂਲਾਂ ਦੀ ਪਾਲਣਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਦਾ ਸਵਾਲ ਹੈ ਤਾਂ ਇਹ ਪਾਰਟੀ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਲੋਕ ਵਿਰੋਧੀ ਏਜੰਡਾ ਅੱਗੇ ਵਧਾਉਣ ਲਈ ਭਾਜਪਾ ਦੇ ਹੱਥਠੋਕੇ ਤੋਂ ਵਧ ਕੇ ਕੁਝ ਵੀ ਨਹੀਂ ਹੈ।