ਗੋਹਾ ਸੁੱਟਣ ਵਾਲੇ ਨੌਜਵਾਨ ਦੇ ਹੱਕ ’ਚ 4 ਜਨਵਰੀ ਨੂੰ ਹੁਸ਼ਿਆਰਪੁਰ ’ਚ ਹੋਵੇਗਾ ਵੱਡਾ ਇਕੱਠ

Sunday, Jan 03, 2021 - 05:07 PM (IST)

ਟਾਂਡਾ ਉੜਮੁੜ/ਹੁਸ਼ਿਆਰਪੁਰ (ਪਰਮਜੀਤ ਸਿੰਘ ਮੋਮੀ,ਜਸਵਿੰਦਰ,ਵਰਿੰਦਰ ਪੰਡਿਤ,ਅਮਰੀਕ) : ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਨਾਮਜ਼ਦ ਕੀਤੇ ਗਏ ਨੌਜਵਾਨਾਂ ਦੇ ਹੱਕ ਵਿਚ ਹੁਸ਼ਿਆਰਪੁਰ ਵਿਚ ਇਕੱਠ ਕਰਨ ਦਾ ਫ਼ੈਸਲਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਮੂਨਕਾਂ ਨੇ ਦੱਸਿਆ ਕਿ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਵੱਲੋਂ ਦਿੱਤੀ ਗਈ ਕਾਲ ਅਨੁਸਾਰ ਕੱਲ੍ਹ 4 ਜਨਵਰੀ   ਸਵੇਰੇ 11 ਵਜੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਅਤੇ ਵੱਖ-ਵੱਖ ਪਿੰਡਾਂ ਤੋਂ ਲੋਕ ਇਕੱਠੇ ਹੋ ਕੇ ਐੱਸ.ਐੱਸ.ਪੀ ਹੁਸ਼ਿਆਰਪੁਰ ਨੂੰ ਇਹ ਬੇਨਤੀ ਕਰਨਗੇ ਕਿ ਨੌਜਵਾਨਾਂ ਉੱਪਰ ਦਰਜ ਕੀਤੇ ਗਏ ਪਰਚੇ ਮੁੱਢੋਂ ਹੀ ਖਾਰਜ ਕੀਤੇ ਜਾਣ।

ਇੱਥੇ ਇਹ ਜ਼ਿਕਰਯੋਗ ਹੈ ਕਿ ਅੱਜ ਵੀ ਐੱਸ.ਐੱਸ.ਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਉਤਪੰਨ ਹੋਏ ਹਾਲਾਤ ਤੋਂ ਬਾਅਦ ਕਿਸਾਨਾਂ ਦੇ ਵਫ਼ਦ ਨਾਲ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਸੀ ਕਿ ਦੋ ਦਿਨਾਂ ਦੇ ਅੰਦਰ-ਅੰਦਰ  ਨੌਜਵਾਨਾਂ ਉਪਰ ਦਰਜ ਕੀਤੇ ਗਏ ਮਾਮਲੇ ਰੱਦ ਕੀਤੇ ਜਾਣਗੇ ਅਤੇ ਇਸ ਦੀ ਲੋੜੀਂਦੀ ਜਾਂਚ ਕੀਤੀ ਜਾਵੇਗੀ ਪਰ ਇਸਦੇ ਬਾਵਜੂਦ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅੱਜ ਦਾ ਇਹ ਇਕੱਠ ਹੋਵੇਗਾ। ਪਰਮਜੀਤ ਸਿੰਘ ਮੂਨਕਾਂ ਨੇ ਹੋਰ ਦੱਸਿਆ ਕਿ ਜਥੇਬੰਦੀਆਂ ਵੱਲੋਂ ਕੀਤਾ ਜਾਣ ਵਾਲਾ ਇਹ ਇਕੱਠ ਆਪਣਾ ਸ਼ਾਂਤਮਈ ਅਤੇ ਅਨੁਸ਼ਾਸਨ ਵਿਚ ਰਹਿ ਕੇ ਹੋਵੇਗਾ।


Gurminder Singh

Content Editor

Related News