ਬਦਲਾਖ਼ੋਰੀ ਦੀ ਕਾਰਵਾਈ ਨੇ ਪੰਜਾਬ ਪੁਲਸ ਦਾ ਨੱਕ ਕਟਵਾਇਆ: ਨਿਮਿਸ਼ਾ ਮਹਿਤਾ

05/07/2022 10:20:45 AM

ਗੜ੍ਹਸ਼ੰਕਰ (ਵਿਸ਼ੇਸ਼)–ਭਾਜਪਾ ਦੀ ਸੀਨੀਅਰ ਨੇਤਾ ਨਿਮਿਸ਼ਾ ਮਹਿਤਾ ਨੇ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਬਦਲਾਖ਼ੋਰੀ ਦੀ ਇਸ ਕਾਰਵਾਈ ਕਾਰਨ ਮੋਹਾਲੀ ਪੁਲਸ ਦੀ ਟੀਮ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਾ ਕਰਕੇ ਅੱਤਵਾਦ ਦਾ ਮੁਕਾਬਲਾ ਬਹਾਦਰੀ ਨਾਲ ਕਰਨ ਵਾਲੀ ਪੰਜਾਬ ਪੁਲਸ ਦਾ ਨੱਕ ਕਟਵਾ ਕੇ ਰੱਖ ਦਿੱਤਾ ਹੈ। ਨਿਮਿਸ਼ਾ ਨੇ ਕਿਹਾ ਕਿ ਪੁਲਸ ਦੀ ਇਹ ਟੀਮ ਆਪਣੇ ਸਿਆਸੀ ਆਕਾਵਾਂ ਅੱਗੇ ਨੰਬਰ ਬਣਾਉਣ ਦੇ ਚੱਕਰ ਵਿਚ ਕਾਨੂੰਨ ਦੀ ਪਾਲਣਾ ਕਰਨੀ ਹੀ ਭੁੱਲ ਗਈ। 

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਨ੍ਹੀਂ ਦਿਨੀਂ ਅਪਰਾਧ ਸਿਖ਼ਰਾਂ ’ਤੇ ਹੈ ਅਤੇ ਨਵੀਂ ਸਰਕਾਰ ਆਉਣ ਤੋਂ ਬਾਅਦ ਰੋਜ਼ਾਨਾ ਕਿਤੇ ਨਾ ਕਿਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਪੁਲਸ ਗੰਭੀਰ ਅਪਰਾਧ ਦੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ਼ ਦਿਵਾਉਣ ਦੀ ਬਜਾਏ ਆਪਣੇ ਸਿਆਸੀ ਵਿਰੋਧੀਆਂ ਦੇ ਪਿੱਛੇ ਪਈ ਹੋਈ ਹੈ। ਨਿਮਿਸ਼ਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਜਨਤਾ ਦਾ ਮੋਹ ਉਨ੍ਹਾਂ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਤੋਂ ਭੰਗ ਹੋ ਗਿਆ ਹੈ। ਜੇ ਜਨਤਾ ਦਾ ਮੋਹ ਹੀ ਵਿਰੋਧੀ ਧਿਰ ਤੋਂ ਭੰਗ ਹੋ ਗਿਆ ਹੈ ਤਾਂ ਫਿਰ ਤੁਹਾਡੀ ਪੁਲਸ ਸਿਆਸੀ ਵਿਰੋਧੀਆਂ ਖ਼ਿਲਾਫ਼ ਪਰਚੇ ਕਿਉਂ ਦਰਜ ਕਰ ਰਹੀ ਹੈ? ਵਿਰੋਧੀ ਧਿਰ ਦੇ ਨੇਤਾ ਨਾ ਤਾਂ ਜਨਤਾ ਲਈ ਮਾਅਨੇ ਰੱਖਦੇ ਹਨ ਅਤੇ ਨਾ ਹੀ ਤੁਹਾਡੇ ਲਈ, ਫਿਰ ਤੁਸੀਂ ਵਿਰੋਧੀ ਧਿਰ ਦੀਆਂ ਸਿਆਸੀ ਟਿੱਪਣੀਆਂ ਤੋਂ ਘਬਰਾਏ ਹੋਏ ਕਿਉਂ ਹੋ? 

ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨਿਮਿਸ਼ਾ ਨੇ ਕਿਹਾ ਕਿ ਭਾਜਪਾ ਕੋਲ 17 ਸੂਬਿਆਂ ਵਿਚ ਪੁਲਸ ਹੈ ਅਤੇ ਭਾਜਪਾ ਨੇ ਕਦੇ ਆਪਣੇ ਸੂਬਿਆਂ ਦੀ ਪੁਲਸ ਦੀ ਵਰਤੋਂ ਇਸ ਢੰਗ ਨਾਲ ਸਿਆਸੀ ਬਦਲਾਖ਼ੋਰੀ ਲਈ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਭਾਜਪਾ ’ਤੇ ਸਿਆਸੀ ਬਦਲਾਖ਼ੋਰੀ ਦੇ ਦੋਸ਼ ਲਾਉਂਦੀ ਹੈ। ਜੇ ਭਾਜਪਾ ਇਸ ਮਾਮਲੇ ’ਚ ਆਮ ਆਦਮੀ ਪਾਰਟੀ ਵਾਂਗ ਵਤੀਰਾ ਕਰਨ ਲੱਗੀ ਤਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਅਵਾਜ਼ ਵੀ ਨਹੀਂ ਨਿਕਲ ਸਕੇਗੀ। ਤੁਹਾਡੇ ਹੱਥ ਵਿਚ ਇਕ ਸੂਬੇ ਦੀ ਪੁਲਸ ਆਉਣ ’ਤੇ ਹੀ ਤੁਸੀਂ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਨਿਮਿਸ਼ਾ ਨੇ ਕਿਹਾ ਕਿ ਅੱਜ ਦੀ ਘਟਨਾ ਤੋਂ ਸਪਸ਼ਟ ਹੋ ਗਿਆ ਹੈ ਕਿ ਭਗਵੰਤ ਮਾਨ ਸੱਚਮੁੱਚ ਕੇਜਰੀਵਾਲ ਦੇ ਦਬਾਅ ਹੇਠ ਦੱਬੇ ਹੋਏ ਹਨ। ਉਨ੍ਹਾਂ ਦੇ ਸਹੁੰ-ਚੁੱਕ ਸਮਾਗਮ ਦੌਰਾਨ ਪੰਜਾਬੀ ਗਾਣਾ ਵਜਾਇਆ ਜਾ ਰਿਹਾ ਸੀ ਕਿ ਦਬਦਾ ਕਿੱਥੇ ਹੈਂ ਪਰ ਅੱਜ ਸੱਚ ਸਾਹਮਣੇ ਆ ਗਿਆ ਹੈ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਗ਼ਰੀਬ ਗ਼ੈਰ-ਸਿੱਖ ਨੌਜਵਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News